HomeCanadaਜੈਗ ਗਿੱਲ ਮਿਸ਼ਨ ਸ਼ਹਿਰ ਦੇ ਬਿਨਾਂ ਮੁਕਾਬਲਾ ਮੇਅਰ ਚੁਣੇ ਗਏ

ਜੈਗ ਗਿੱਲ ਮਿਸ਼ਨ ਸ਼ਹਿਰ ਦੇ ਬਿਨਾਂ ਮੁਕਾਬਲਾ ਮੇਅਰ ਚੁਣੇ ਗਏ

ਮਿਸ਼ਨ ( ਬੀ ਸੀ ਪੰਜਾਬੀ ਨਿਊਜ਼)- ਮਿਸ਼ਨ ਦੇ 2018 ਤੋਂ ਸਿਟੀ ਕੌਂਸਲਰ ਚਲੇ ਆ ਰਹੇ ਜੈਗ ਗਿੱਲ, ਸ਼ਹਿਰ ਦੇ ਨਵੇਂ ਮੇਅਰ ਹੋਣਗੇ। ਸ਼ੁਕਰਵਾਰ ਨੂੰ ਸਿਟੀ ਮੇਅਰ ਦੀ ਚੋਣ ਵਿਚ ਉਹਨਾਂ ਦੇ ਇਕੋ ਇਕ ਵਿਰੋਧੀ ਉਮੀਦਵਾਰ ਐਚ ਐਸ ਕੈਨੀ ਬੜੈਚ ਵਲੋਂ ਆਪਣੇ ਨਾਮਜ਼ਦਗੀ ਪੇਪਰ ਵਾਪਿਸ ਲੈਣ ਉਪਰੰਤ ਉਹਨਾਂ ਨੂੰ ਬਿਨਾਂ ਮੁਕਾਬਲਾ ਸ਼ਹਿਰ ਦਾ ਅਗਲਾ ਮੇਅਰ ਐਲਾਨਿਆ ਗਿਆ ਹੈ।

ਜੈਗ ਗਿੱਲ 2018 ਵਿੱਚ ਮਿਸ਼ਨ ਵਿੱਚ ਸਭ ਤੋਂ ਘੱਟ ਉਮਰ ਦੇ ਕੌਂਸਲਰ ਚੁਣੇ ਗਏ ਸਨ। ਪਿਛਲੀਆਂ ਦੋ ਮਿਉਂਸਪਲ ਚੋਣਾਂ ਵਿੱਚ, ਉਨ੍ਹਾਂ ਨੇ ਕੌਂਸਲ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ।

ਮਿਸ਼ਨ ਵਿੱਚ ਜਨਮੇ ਅਤੇ ਪਲੇ ਤੇ ਵੱਡੇ ਹੋਏ ਗਿੱਲ ਨੇ ‘ਚੈਰੀ ਹਿੱਲ ਐਲੀਮੈਂਟਰੀ’ ਵਿੱਚ ਮੁਢਲੀ ਪੜ੍ਹਾਈ ਕੀਤੀ। ‘ਮਿਸ਼ਨ ਸੈਕੰਡਰੀ’ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ‘ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ’ ਤੋਂ ਬਿਜ਼ਨਸ ਅਤੇ ਕਮਿਊਨੀਕੇਸ਼ਨ ਦੀ ਬੈਚੂਲਰ ਡਿਗਰੀ ਹਾਸਲ ਕੀਤੀ।

ਗਿੱਲ ਨੇ ਹਾਈ ਸਕੂਲ ਵਿੱਚ ਹੀ ਆਪਣੇ ਪਿਤਾ ਪਰਮਜੀਤ ਸਿੰਘ ਗਿੱਲ ਦਾ ਸਹਿਯੋਗ ਕਰਦਿਆਂ ਪਹਿਲਾ ਕਾਰੋਬਾਰ, ‘ਮਿਸ਼ਨ ਸਿਟੀ ਪੀਜ਼ਾ’, ਸ਼ੁਰੂ ਕੀਤਾ ਸੀ, ਜੋ ਮਿਸ਼ਨ ਦੇ ਵਸਨੀਕਾਂ ਤੋਂ ਮਿਲੇ ਸਮਰਥਨ ਸਦਕਾ ਉਨ੍ਹਾਂ ਦੀ ਸੋਚ ਨਾਲੋਂ ਵੀ ਕਿਤੇ ਵੱਧ ਸਫਲ ਰਿਹਾ ਹੈ। ਉਸਨੇ ਕੁਝ ਸਾਲ ਪਹਿਲਾਂ ਇਕ ਗੋਰੀ ਮੁਟਿਆਰ ਨਾਲ ਵਿਆਹ ਕਰਵਾਇਆ ਤੇ ਉਹਨਾਂ ਦੇ ਘਰ ਇਕ ਬੇਟਾ ਹੈ। ਆਪਣੇ ਪਿਤਾ ਪਰਮਜੀਤ ਗਿੱਲ ਤੇ ਮਾਤਾ ਆਲਮਦੀਪ ਕੌਰ ਤੇ ਸਾਂਝੇ ਪਰਿਵਾਰ ਨਾਲ ਰਹਿ ਰਹੇ ਜੈਗ ਗਿੱਲ ਨੇ ਪਿਛਲੇ ਦਿਨੀਂ ਮਿਸ਼ਨ ਦੇ ਮੇਅਰ ਦੀ ਚੋਣ ਲਈ ਸੋਸ਼ਲ ਮੀਡੀਆ ਤੇ ਇਕ ਵੀਡੀਓ ਸੰਦੇਸ਼ ਰਾਹੀਂ ਅਧਿਕਾਰਤ ਐਲਾਨ ਕੀਤਾ ਸੀ।

ਉਸਨੇ ਆਪਣੇ ਸੰਦੇਸ਼ ਵਿਚ ਕਿਹਾ ਸੀ ਕਿ ਮਿਸ਼ਨ ਇੱਕ ਅਜਿਹਾ ਭਾਈਚਾਰਾ ਹੈ ਜਿਸਦੇ ਲੋਕ ਬਹੁਤ ਪਿਆਰ- ਮਹੱਬਤ ਕਰਨ ਵਾਲੇ ਹਨ। ਇਸ ਸ਼ਹਿਰ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਇਸ ਨੇ ਮੇਰੀ ਸ਼ਖਸੀਅਤ ਨੂੰ ਘੜਿਆ ਹੈ। ਇਸਦੇ ਵਸਨੀਕਾਂ, ਦੋਸਤਾਂ, ਸਥਾਨਕ ਕਾਰੋਬਾਰੀਆਂ, ਭਾਈਚਾਰੇ ਦੇ ਪਰਿਵਾਰਾਂ ਅਤੇ ਸਭ ਤੋਂ ਮਹੱਤਵਪੂਰਨ, ਮੇਰੇ ਆਪਣੇ ਪਰਿਵਾਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ, ਮੈਂ ਅਧਿਕਾਰਤ ਤੌਰ ‘ਤੇ ‘ਸਿਟੀ ਆਫ਼ ਮਿਸ਼ਨ’ ਦੇ ਮੇਅਰ ਵਜੋਂ ਆਪਣੀ ਮੁਹਿੰਮ ਦਾ ਐਲਾਨ ਕਰ ਰਿਹਾ ਹਾਂ। ਹੁਣ ਸ਼ਹਿਰ ਦਾ ਸਰਬਪੱਖੀ ਵਿਕਾਸ ਉਹਨਾਂ ਦੀਆਂ ਤਰਜੀਹਾਂ ਵਿਚ ਸ਼ਾਮਿਲ ਹੈ। ਜੈਗ ਗਿੱਲ ਮਿਸ਼ਨ ਸ਼ਹਿਰ ਦੇ ਪਹਿਲੇ ਇੰਡੋ ਕੈਨੇਡੀਅਨ ਮੇਅਰ ਬਣੇ ਹਨ।

ਫਰੇਜਰ ਰਿਵਰ ਦੇ ਉਤਰੀ ਕਿਨਾਰੇ ਤੇ ਸਥਿਤ ਮਿਸ਼ਨ ਸ਼ਹਿਰ ਵੈਨਕੂਵਰ ਤੋਂ ਲਗਪਗ 65 ਕਿਲੋਮੀਟਰ ਦੀ ਦੂਰੀ ਤੇ ਹੈ। ਲਗਪਗ 45 ਹਜ਼ਾਰ ਦੀ ਵਸੋਂ ਵਾਲੇ ਇਸ ਸ਼ਹਿਰ ਵਿਚ ਯੂਰਪੀਅਨ ਮੂਲ ਦੇ ਲੋਕਾਂ ਦੀ 74 ਪ੍ਰਤੀਸ਼ਤ ਆਬਾਦੀ ਹੈ ਜਦੋਂਕਿ ਇੰਡੋ ਕੈਨੇਡੀਅਨ ਵਸੋਂ 10.7 ਪ੍ਰਤੀਸ਼ਤ ਦੇ ਕਰੀਬ ਹੈ। ਸ਼ਹਿਰ ਦੇ ਲੌਹੀਡ ਹਾਈਵੇ ਉਪਰ ਗੁਰਸਿੱਖ ਟੈਂਪਲ ਸਥਿਤ ਹੈ ਜਿਸਦਾ ਪ੍ਰਬੰਧ ਮਿਸ਼ਨ ਗੁਰਸਿੱਖ ਸੁਸਾਇਟੀ ਚਲਾਉਂਦੀ ਹੈ।

 

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments