HomeCanadaਗ਼ਜ਼ਲ ਮੰਚ ਸਰੀ ਦੀ ਸ਼ਾਇਰਾਨਾ ਸ਼ਾਮ ਵਿੱਚ ਸੈਂਕੜੇ ਸਰੋਤਿਆਂ ਨੇ ਲਾਈਆਂ ਗ਼ਜ਼ਲ...

ਗ਼ਜ਼ਲ ਮੰਚ ਸਰੀ ਦੀ ਸ਼ਾਇਰਾਨਾ ਸ਼ਾਮ ਵਿੱਚ ਸੈਂਕੜੇ ਸਰੋਤਿਆਂ ਨੇ ਲਾਈਆਂ ਗ਼ਜ਼ਲ ਦੇ ਸਾਗਰ ‘ਚ ਤਾਰੀਆਂ

ਗ਼ਜ਼ਲ ਦੇ ਪ੍ਰੇਮੀਆਂ ਵੱਲੋਂ ਮਿਲਿਆ ਪਿਆਰ ਅਤੇ ਸਤਿਕਾਰ ਸ਼ਾਇਰਾਂ ਦੀ ਕਾਵਿ-ਉਡਾਰੀ ਲਈ ਨਵਾਂ ਹੌਸਲਾ ਬਣੇਗਾ – ਜਸਵਿੰਦਰ

ਸਰੀ, 20 ਸਤੰਬਰ (ਹਰਦਮ ਮਾਨ)- ਬੀਤੇ ਦਿਨ ਗ਼ਜ਼ਲ ਮੰਚ ਸਰੀ ਵੱਲੋਂ ਸਜਾਈ ਗਈ ਸ਼ਾਇਰਾਨਾ ਸ਼ਾਮ ਅਜਿਹੇ ਯਾਦਗਾਰੀ ਪਲ ਬਣ ਕੇ ਉੱਭਰੀ, ਜਿੱਥੇ ਕਾਵਿਕ ਸ਼ਬਦਾਂ ਨੇ ਦਿਲਾਂ ਦੀਆਂ ਤਾਰਾਂ ਛੇੜੀਆਂ ਅਤੇ ਸੈਂਕੜੇ ਸ਼ਾਇਰੀ ਪ੍ਰੇਮੀਆਂ ਨੇ ਪੰਜਾਬੀ ਸ਼ਾਇਰੀ ਨੂੰ ਸਿਰਫ਼ ਸੁਣਿਆ ਹੀ ਨਹੀਂ, ਸਗੋਂ ਰੂਹ ਨਾਲ ਮਹਿਸੂਸ ਕੀਤਾ। ਸਰੀ ਆਰਟ ਸੈਂਟਰ ਦਾ ਵਿਸ਼ਾਲ ਹਾਲ ਇਸ ਸ਼ਾਮ ਸ਼ਾਇਰੀ ਦੀ ਮਹਿਕ ਨਾਲ ਭਰਿਆ ਹੋਇਆ ਸੀ। ਮੰਚ ਤੋਂ ਉਚਰੇ ਹਰ ਸ਼ਿਅਰ ਨਾਲ ਸਰੋਤਿਆਂ ਦੀਆਂ ਤਾੜੀਆਂ ਦੀ ਗੂੰਜ ਉੱਠਦੀ ਅਤੇ ਮਹਿਫ਼ਿਲ ਨੂੰ ਹੋਰ ਗੂੜ੍ਹਾ ਰੰਗ ਬਖ਼ਸ਼ਦੀ। ਲਗਭਗ ਤਿੰਨ ਘੰਟਿਆਂ ਤੱਕ ਚੱਲੀ ਇਸ ਕਾਵਿਕ ਮਹਿਫ਼ਿਲ ਵਿੱਚ ਸਰੋਤੇ ਗ਼ਜ਼ਲ ਦੇ ਸਾਗਰ ਵਿੱਚ ਤਾਰੀਆਂ ਲਾਉਂਦੇ ਰਹੇ ਅਤੇ ਹਰ ਪੇਸ਼ਕਾਰੀ ਨੂੰ ਦਿਲ ਖੋਲ੍ਹ ਕੇ ਦਾਦ ਦਿੰਦੇ ਰਹੇ। ਸ਼ਾਇਰਾਨਾ ਸ਼ਾਮ ਦੀ ਪ੍ਰਧਾਨਗੀ ਅਮਰੀਕਾ ਤੋਂ ਪਹੁੰਚੇ ਨਾਮਵਰ ਸ਼ਾਇਰ ਕੁਲਵਿੰਦਰ, ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਦਸਮੇਸ਼ ਗਿੱਲ ਫ਼ਿਰੋਜ਼, ਟੋਰਾਂਟੋ ਤੋਂ ਆਏ ਮਹਿਮਾਨ ਸ਼ਾਇਰ ਭੁਪਿੰਦਰ ਦੂਲੇ ਅਤੇ ਕੁਲਵਿੰਦਰ ਖਹਿਰਾ ਨੇ ਕੀਤੀ।

ਸ਼ਾਮ ਦੇ ਆਰੰਭ ਵਿੱਚ ਰਾਜਵੰਤ ਰਾਜ ਨੇ ਹਾਜ਼ਰ ਮਹਿਮਾਨਾਂ, ਸ਼ਾਇਰਾਂ, ਸਹਿਯੋਗੀਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਗ਼ਜ਼ਲ ਮੰਚ ਦੀਆਂ ਸਾਹਿਤਕ ਸਰਗਰਮੀਆਂ ਅਤੇ ਇਸ ਦੇ ਸਫ਼ਰ ਵਿੱਚ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੇ ਸਵਾਗਤੀ ਸ਼ਬਦਾਂ ਨਾਲ ਮਹਿਫ਼ਲ ਨੇ ਆਪਣਾ ਕਾਵਿਕ ਸਫ਼ਰ ਆਰੰਭ ਕੀਤਾ ਉਪਰੰਤ ਦਸਮੇਸ਼ ਗਿੱਲ ਫ਼ਿਰੋਜ਼ ਨੇ ਸੰਚਾਲਕ ਦੀ ਕਮਾਨ ਸੰਭਾਲੀ। ਉਨ੍ਹਾਂ ਨੇ ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰਾਂ ਦੇ ਸ਼ਿਅਰਾਂ ਨਾਲ ਮਹਿਫ਼ਿਲ ਲਈ ਅਜਿਹੀ ਭੂਮਿਕਾ ਬੰਨ੍ਹੀ ਕਿ ਮੰਚ ਅਤੇ ਸਰੋਤਿਆਂ ਵਿਚਕਾਰਲੀ ਦੂਰੀ ਜਿਵੇਂ ਮਿਟ ਗਈ। ਉਨ੍ਹਾਂ ਦੀ ਸ਼ਾਇਰਾਨਾ ਤਬੀਅਤ, ਬੋਲਣ ਦਾ ਲਹਿਜ਼ਾ ਅਤੇ ਪੇਸ਼ਕਾਰੀ ਦੀ ਕਲਾ ਨੇ ਸਮੁੱਚੀ ਸ਼ਾਮ ਨੂੰ ਇੱਕ ਵਿਸ਼ੇਸ਼ ਰੰਗ ਬਖ਼ਸ਼ਿਆ।

ਇਸ ਕਾਵਿਕ ਮਹਿਫ਼ਲ ਵਿੱਚ ਨੂਰ ਬੱਲ, ਗੁਰਮੀਤ ਸਿੱਧੂ, ਹਰਦਮ ਮਾਨ, ਮਹਿੰਦਰਪਾਲ ਸਿੰਘ ਪਾਲ, ਬਲਦੇਵ ਸੀਹਰਾ, ਕੁਲਵਿੰਦਰ, ਦਸਮੇਸ਼ ਗਿੱਲ ਫ਼ਿਰੋਜ਼, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਦਵਿੰਦਰ ਗੌਤਮ, ਮਨਜੀਤ ਕੰਗ, ਨਰਿੰਦਰ ਭਾਗੀ, ਡਾ. ਗੁਰਮਿੰਦਰ ਸਿੱਧੂ, ਇੰਦਰਜੀਤ ਸਿੰਘ ਧਾਮੀ, ਅਫ਼ਜ਼ਲ ਬਸ਼ੀਰ ਬਾਜਵਾ, ਭੁਪਿੰਦਰ ਦੂਲੇ, ਕੁਲਵਿੰਦਰ ਖਹਿਰਾ ਅਤੇ ਜਸਵਿੰਦਰ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਹਰ ਸ਼ਾਇਰ ਆਪਣੇ ਨਾਲ ਕਾਵਿਕ ਸ਼ਬਦਾਂ ਦਾ ਆਪਣਾ ਸੰਸਾਰ ਲੈ ਕੇ ਮੰਚ ’ਤੇ ਆਇਆ। ਮੁਹੱਬਤ ਦੀ ਰੌਸ਼ਨੀ, ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ, ਸਮਾਜਿਕ ਸਰੋਕਾਰਾਂ ਦੀ ਚਿੰਤਾ, ਮਨੁੱਖੀ ਰਿਸ਼ਤਿਆਂ ਦੀ ਗਰਮਾਹਟ ਅਤੇ ਹੋਰ ਵੱਖ-ਵੱਖ ਰੰਗਾਂ ਨੇ ਮਿਲ ਕੇ ਅਜੋਕੀ ਪੰਜਾਬੀ ਗ਼ਜ਼ਲ ਦਾ ਇੱਕ ਵਿਸ਼ਾਲ ਅਤੇ ਬਹੁ-ਰੰਗਾ ਚਿੱਤਰ ਸਰੋਤਿਆਂ ਸਾਹਮਣੇ ਰੱਖ ਦਿੱਤਾ।

 

ਕਦੇ ਕੋਈ ਸ਼ਿਅਰ ਹਾਲ ਵਿੱਚ ਖ਼ਾਮੋਸ਼ੀ ਭਰ ਦਿੰਦਾ ਅਤੇ ਕਿਸੇ ਸ਼ਿਅਰ ’ਤੇ ਤਾੜੀਆਂ ਦੀ ਗੂੰਜ ਛੱਤਾਂ ਨੂੰ ਛੂਹਣ ਲੱਗਦੀ ਗੰਭੀਰ ਅਤੇ ਸੰਜੀਦਾ ਸ਼ਾਇਰੀ ਨੂੰ ਮਿਲੀ ਭਰਵੀਂ ਦਾਦ ਇਸ ਗੱਲ ਦੀ ਗਵਾਹ ਬਣੀ ਕਿ ਪੰਜਾਬੀ ਸ਼ਾਇਰੀ ਅੱਜ ਵੀ ਦਿਲਾਂ ਵਿੱਚ ਆਪਣੀ ਡੂੰਘੀ ਥਾਂ ਰੱਖਦੀ ਹੈ। ਇਸ ਸਾਰੀ ਕਾਵਿਕ ਫ਼ਿਜ਼ਾ ਨੂੰ ਆਪਣੀ ਪੇਸ਼ਕਾਰੀ ਨਾਲ ਜੋੜੀ ਰੱਖਣ ਵਾਲੇ ਦਸਮੇਸ਼ ਗਿੱਲ ਫ਼ਿਰੋਜ਼ ਦੀ ਸ਼ਾਇਰਾਨਾ ਤਬੀਅਤ ਨੇ ਵੀ ਸਰੋਤਿਆਂ ਨੂੰ ਖ਼ੂਬ ਮੋਹਿਆ। ਉਨ੍ਹਾਂ ਦਾ ਸੰਚਾਲਨ ਸਿਰਫ਼ ਮੰਚ ਸੰਚਾਲਨ ਹੀ ਨਹੀਂ ਸੀ, ਸਗੋਂ ਖ਼ੁਦ ਸ਼ਾਇਰੀ ਦੀ ਇੱਕ ਲਗਾਤਾਰ ਵਹਿੰਦੀ ਧਾਰਾ ਬਣਿਆ ਰਿਹਾ।

 

ਅੰਤ ਵਿੱਚ ਗ਼ਜ਼ਲ ਮੰਚ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ ਨੇ ਗ਼ਜ਼ਲ ਮੰਚ ਦੀ ਸਥਾਪਨਾ, ਇਸ ਦੇ ਉਦੇਸ਼ਾਂ ਅਤੇ ਥੋੜ੍ਹੇ ਸਮੇਂ ਵਿੱਚ ਹਾਸਲ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਸ਼ਾਇਰਾਨਾ ਸ਼ਾਮ ਨੂੰ ਭਰਵਾਂ ਹੁੰਗਾਰਾ ਦੇਣ ਵਾਲੇ ਸਾਰੇ ਸਹਿਯੋਗੀਆਂ, ਸ਼ਾਇਰਾਂ ਅਤੇ ਸਰੋਤਿਆਂ ਦਾ ਦਿਲੋਂ ਧੰਨਵਾਦ ਕੀਤਾ। ਜਸਵਿੰਦਰ ਨੇ ਕਿਹਾ ਕਿ ਪੰਜਾਬੀ ਸ਼ਾਇਰੀ ਲਈ ਮਾਣਮੱਤੀ ਹੋ ਨਿੱਬੜੀ ਇਸ ਸ਼ਾਮ ਦਾ ਅਸਲ ਸਿਹਰਾ ਕਵਿਤਾ ਦੇ ਕਦਰਦਾਨ ਸਰੋਤਿਆਂ ਦੇ ਸਿਰ ਬੱਝਦਾ ਹੈ। ਗ਼ਜ਼ਲ ਦੇ ਪ੍ਰੇਮੀਆਂ ਵੱਲੋਂ ਮਿਲਿਆ ਇਹ ਪਿਆਰ ਅਤੇ ਸਤਿਕਾਰ ਸ਼ਾਇਰਾਂ ਦੀ ਕਾਵਿ-ਉਡਾਰੀ ਲਈ ਨਵਾਂ ਹੌਸਲਾ ਬਣੇਗਾ ਅਤੇ ਸ਼ਾਇਰੀ ਦੀ ਇਹ ਰੌਸ਼ਨੀ ਹੋਰ ਦੂਰ ਤੱਕ ਫੈਲੇਗੀ। ਉਨ੍ਹਾਂ ਕਿਹਾ ਕਿ ਸ਼ਬਦਾਂ, ਸੁਰਾਂ, ਮੁਹੱਬਤ ਅਤੇ ਸਰੋਤਿਆਂ ਦੀ ਸਾਂਝ ਨਾਲ ਸਜੀ ਇਹ ਸ਼ਾਮ ਅਜਿਹੀ ਯਾਦ ਬਣ ਗਈ, ਜਿਸ ਦੀ ਮਹਿਕ ਦੇਰ ਤੱਕ ਕਾਵਿ ਪ੍ਰੇਮੀਆਂ ਦੇ ਦਿਲਾਂ ਵਿੱਚ ਵੱਸਦੀ ਰਹੇਗੀ। ਇਸ ਮੌਕੇ ਗ਼ਜ਼ਲ ਮੰਚ ਵੱਲੋਂ ਮਹਿਮਾਨ ਸ਼ਾਇਰਾਂ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਪਲੈਕ ਦੇ ਕੇ ਸਨਮਾਨਿਤ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments