ਏਜੰਟ ਨੇ ਥਾਈਲੈਂਡ ਰਾਹੀਂ ਕੰਬੋਡੀਆ ਪਹੁੰਚਾਇਆ, ਪਾਸਪੋਰਟ ਵੀ ਰੱਖਿਆ ਆਪਣੇ ਕੋਲ; ਸੰਤ ਸੀਚੇਵਾਲ ਵੱਲੋਂ ਮਾਮਲਾ ਵਿਦੇਸ਼ ਮੰਤਰਾਲੇ ਕੋਲ ਉਠਾਉਣ ਮਗਰੋਂ ਹੋਈ ਵਾਪਸੀ
ਵਿਦੇਸ਼ ਭੇਜਣ ਦੇ ਨਾਂ ’ਤੇ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਜਲੰਧਰ ਦੇ ਨੌਜਵਾਨ ਹਰਦੀਪ ਕੁਮਾਰ ਦੀ ਕਰੀਬ ਤਿੰਨ ਸਾਲ ਬਾਅਦ ਕੰਬੋਡੀਆ ਤੋਂ ਸੁਰੱਖਿਅਤ ਭਾਰਤ ਵਾਪਸੀ ਹੋ ਗਈ ਹੈ। ਪਰਿਵਾਰ ਵੱਲੋਂ ਮਾਮਲਾ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਅਤੇ ਸਬੰਧਤ ਅਧਿਕਾਰੀਆਂ ਕੋਲ ਮਾਮਲਾ ਉਠਾ ਕੇ ਹਰਦੀਪ ਦੀ ਵਾਪਸੀ ਲਈ ਦਖ਼ਲ ਦੀ ਮੰਗ ਕੀਤੀ।
ਹਰਦੀਪ ਦਾ ਪਰਿਵਾਰ 9 ਜੂਨ 2026 ਨੂੰ ਸੰਤ ਸੀਚੇਵਾਲ ਨੂੰ ਮਿਲਿਆ ਸੀ, ਜਦਕਿ 29 ਅਗਸਤ 2026 ਨੂੰ ਹਰਦੀਪ ਸੁਰੱਖਿਅਤ ਭਾਰਤ ਵਾਪਸ ਪਹੁੰਚ ਗਿਆ। ਕੰਬੋਡੀਆ ਤੋਂ ਵਾਪਸੀ ਉਪਰੰਤ ਉਹ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚਿਆ, ਜਿੱਥੇ ਉਸ ਨੇ ਆਪਣੀ ਤਿੰਨ ਸਾਲਾਂ ਦੀ ਹੱਡਬੀਤੀ ਪਰਿਵਾਰ ਅਤੇ ਸੰਤ ਸੀਚੇਵਾਲ ਨਾਲ ਸਾਂਝੀ ਕੀਤੀ।
ਪਰਿਵਾਰ ਮੁਤਾਬਕ ਸਾਲ 2023 ਵਿੱਚ ਹਰਦੀਪ ਨੂੰ ਪੁਰਤਗਾਲ ਭੇਜਣ ਦਾ ਭਰੋਸਾ ਦੇ ਕੇ ਇੱਕ ਟਰੈਵਲ ਏਜੰਟ ਨੇ ਉਸ ਕੋਲੋਂ ਕਰੀਬ ਸਾਢੇ 7 ਲੱਖ ਰੁਪਏ ਲਏ ਸਨ। ਦੋਸ਼ ਹੈ ਕਿ ਏਜੰਟ ਨੇ ਪੁਰਤਗਾਲ ਭੇਜਣ ਦੀ ਬਜਾਏ ਪਹਿਲਾਂ ਹਰਦੀਪ ਨੂੰ ਥਾਈਲੈਂਡ ਅਤੇ ਬਾਅਦ ਵਿੱਚ ਕੰਬੋਡੀਆ ਪਹੁੰਚਾ ਦਿੱਤਾ। ਇਸ ਤਰ੍ਹਾਂ ਵਿਦੇਸ਼ ਜਾਣ ਅਤੇ ਰੋਜ਼ਗਾਰ ਹਾਸਲ ਕਰਨ ਦੀ ਆਸ ਨਾਲ ਘਰੋਂ ਨਿਕਲਿਆ ਨੌਜਵਾਨ ਇੱਕ ਅਜਿਹੀ ਸਥਿਤੀ ਵਿੱਚ ਫਸ ਗਿਆ, ਜਿੱਥੋਂ ਉਸ ਲਈ ਵਾਪਸ ਆਉਣਾ ਵੀ ਮੁਸ਼ਕਲ ਹੋ ਗਿਆ।
ਹਰਦੀਪ ਨੇ ਦੱਸਿਆ ਕਿ ਕੰਬੋਡੀਆ ਪਹੁੰਚਣ ਤੋਂ ਬਾਅਦ ਉਸ ਦਾ ਪਾਸਪੋਰਟ ਵੀ ਉਸ ਨੂੰ ਵਾਪਸ ਨਹੀਂ ਕੀਤਾ ਗਿਆ। ਇਸ ਦੌਰਾਨ ਮਈ 2025 ਵਿੱਚ ਉਸ ਦਾ ਵੀਜ਼ਾ ਵੀ ਖ਼ਤਮ ਹੋ ਗਿਆ। ਉਸ ਨੇ ਦੱਸਿਆ ਕਿ ਕੰਬੋਡੀਆ ਵਿੱਚ ਰਹਿੰਦਿਆਂ ਉਹ ਇੱਕ ਗੰਭੀਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸ ਦੀ ਲੱਤ ਟੁੱਟ ਗਈ। ਹਾਦਸੇ ਤੋਂ ਬਾਅਦ ਉਸ ਨੂੰ ਲੰਮੇ ਸਮੇਂ ਤੱਕ ਢੁੱਕਵਾਂ ਇਲਾਜ ਨਹੀਂ ਮਿਲ ਸਕਿਆ।
ਹਰਦੀਪ ਮੁਤਾਬਕ ਇਲਾਜ ਦੀ ਘਾਟ ਕਾਰਨ ਉਸ ਦੀ ਲੱਤ ਵਿੱਚ ਇਨਫੈਕਸ਼ਨ ਵਧਦੀ ਗਈ ਅਤੇ ਉਸ ਦੀ ਸਰੀਰਕ ਸਮਰੱਥਾ ’ਤੇ ਵੀ ਗੰਭੀਰ ਅਸਰ ਪਿਆ। ਉਸ ਨੇ ਦੱਸਿਆ ਕਿ ਕਰੀਬ 15 ਮਹੀਨਿਆਂ ਤੱਕ ਉਸ ਨੂੰ ਬੇਹੱਦ ਮੁਸ਼ਕਲ ਹਾਲਾਤਾਂ ਵਿੱਚ ਰਹਿਣਾ ਪਿਆ। ਇਸ ਸਮੇਂ ਦੌਰਾਨ ਨਾ ਸਿਰਫ਼ ਉਸ ਨੂੰ ਸਿਹਤ ਸਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਸਗੋਂ ਵਿਦੇਸ਼ ਵਿੱਚ ਫਸੇ ਹੋਣ ਕਾਰਨ ਘਰ ਪਰਤਣ ਦੀ ਚਿੰਤਾ ਵੀ ਲਗਾਤਾਰ ਬਣੀ ਰਹੀ।
ਹਰਦੀਪ ਨੇ ਆਪਣੀ ਜ਼ਿੰਦਗੀ ਦੀਆਂ ਮਜਬੂਰੀਆਂ ਬਾਰੇ ਦੱਸਦਿਆਂ ਕਿਹਾ ਕਿ ਉਸ ਦੇ ਪਿਤਾ ਦਾ ਸਾਲ 2019 ਵਿੱਚ ਕੈਂਸਰ ਕਾਰਨ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਦੀਆਂ ਕਈ ਜ਼ਿੰਮੇਵਾਰੀਆਂ ਉਸ ਦੇ ਮੋਢਿਆਂ ’ਤੇ ਆ ਗਈਆਂ ਸਨ। ਉਹ ਵਿਦੇਸ਼ ਜਾ ਕੇ ਕਮਾਈ ਕਰਨ ਅਤੇ ਆਪਣੀ ਮਾਂ ਦੀ ਆਰਥਿਕ ਮਦਦ ਕਰਨ ਦੀ ਉਮੀਦ ਨਾਲ ਵਿਦੇਸ਼ ਜਾਣ ਲਈ ਤਿਆਰ ਹੋਇਆ ਸੀ।
ਤਿੰਨ ਸਾਲ ਬਾਅਦ ਘਰ ਵਾਪਸ ਆਉਣ ’ਤੇ ਹਰਦੀਪ ਨੇ ਕਿਹਾ ਕਿ ਪਰਿਵਾਰ ਕੋਲ ਪਰਤਣ ਦੀ ਖ਼ੁਸ਼ੀ ਤਾਂ ਹੈ, ਪਰ ਉਸ ਕੋਲ ਨਾ ਕੋਈ ਕਮਾਈ ਬਚੀ ਹੈ ਅਤੇ ਨਾ ਹੀ ਉਹ ਪਹਿਲਾਂ ਵਾਂਗ ਕੰਮ ਕਰਨ ਦੇ ਸਮਰੱਥ ਹੈ। ਉਸ ਨੇ ਭਰੀਆਂ ਅੱਖਾਂ ਨਾਲ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਉਸ ਦਾ ਮਾਮਲਾ ਸਬੰਧਤ ਅਧਿਕਾਰੀਆਂ ਕੋਲ ਨਾ ਉਠਾਇਆ ਜਾਂਦਾ ਤਾਂ ਸ਼ਾਇਦ ਉਸ ਦੀ ਭਾਰਤ ਵਾਪਸੀ ਸੰਭਵ ਨਾ ਹੋ ਸਕਦੀ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮੌਕੇ ਕਿਹਾ ਕਿ ਵਿਦੇਸ਼ ਜਾਣ ਦੇ ਨਾਂ ’ਤੇ ਨੌਜਵਾਨਾਂ ਨਾਲ ਹੋ ਰਹੀ ਧੋਖਾਧੜੀ ਦੇ ਮਾਮਲੇ ਬੇਹੱਦ ਚਿੰਤਾਜਨਕ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਏਜੰਟ ਰਾਹੀਂ ਵਿਦੇਸ਼ ਜਾਣ ਤੋਂ ਪਹਿਲਾਂ ਉਸ ਦੇ ਦਾਅਵਿਆਂ ਅਤੇ ਦਸਤਾਵੇਜ਼ਾਂ ਦੀ ਪੂਰੀ ਤਸਦੀਕ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਈ ਵਾਰ ਨੌਜਵਾਨਾਂ ਨੂੰ ਇੱਕ ਦੇਸ਼ ਭੇਜਣ ਦਾ ਭਰੋਸਾ ਦੇ ਕੇ ਕਿਸੇ ਹੋਰ ਦੇਸ਼ ਪਹੁੰਚਾ ਦਿੱਤਾ ਜਾਂਦਾ ਹੈ ਅਤੇ ਉੱਥੇ ਉਹ ਅਜਿਹੇ ਹਾਲਾਤਾਂ ਵਿੱਚ ਫਸ ਜਾਂਦੇ ਹਨ, ਜਿੱਥੋਂ ਵਾਪਸੀ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਹਰ ਪੱਖ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਬਿਨਾਂ ਜਾਂਚ-ਪੜਤਾਲ ਕਿਸੇ ਏਜੰਟ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਹਰਦੀਪ ਦੀ ਭਾਰਤ ਵਾਪਸੀ ਵਿੱਚ ਸਹਿਯੋਗ ਦੇਣ ਲਈ ਵਿਦੇਸ਼ ਮੰਤਰਾਲੇ ਅਤੇ ਭਾਰਤੀ ਮਿਸ਼ਨ ਦਾ ਧੰਨਵਾਦ ਵੀ ਕੀਤਾ।




