HomeGlobalਟਰੰਪ ਵੱਲੋਂ ਕੈਨੇਡਾ ਦੀਆਂ ਅਵਾਸ ਨੀਤੀਆਂ ’ਤੇ ਸਵਾਲ, ਅਨੀਤਾ ਆਨੰਦ ਨੇ ਦਿੱਤਾ...

ਟਰੰਪ ਵੱਲੋਂ ਕੈਨੇਡਾ ਦੀਆਂ ਅਵਾਸ ਨੀਤੀਆਂ ’ਤੇ ਸਵਾਲ, ਅਨੀਤਾ ਆਨੰਦ ਨੇ ਦਿੱਤਾ ਜਵਾਬ

ਟਰੰਪ ਦਾ ਦਾਅਵਾ—ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬਿਨਾਂ ਡੂੰਘੀ ਜਾਂਚ ਦੇ ਕੈਨੇਡਾ ’ਚ ਦਾਖ਼ਲ ਕੀਤਾ ਜਾ ਰਿਹਾ; ਕੈਨੇਡਾ ਸਰਕਾਰ ਨੇ ਅਵਾਸ ਨੀਤੀਆਂ ਸਖ਼ਤ ਕਰਨ ਦੀ ਗੱਲ ਕਹੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੀਆਂ ਅਵਾਸ ਨੀਤੀਆਂ ’ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਦੇਸ਼ ਹਰ ਸਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਇੱਥੇ ਬੁਲਾ ਕੇ ਆਪਣੀਆਂ ਸਮੱਸਿਆਵਾਂ ਵਿੱਚ ਵਾਧਾ ਕਰ ਰਿਹਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਕੀਤੀ ਇੱਕ ਪੋਸਟ ਵਿੱਚ ਕੈਨੇਡਾ ਦੀ ਅਵਾਸ ਨੀਤੀ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਬਿਨਾਂ ਡੂੰਘੀ ਜਾਂਚ ਦੇ ਅਜਿਹੇ ਲੋਕਾਂ ਨੂੰ ਦੇਸ਼ ਵਿੱਚ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ, ਜੋ ਆਪਣੇ ਨਾਲ ਕਈ ਸਮੱਸਿਆਵਾਂ ਲੈ ਕੇ ਆ ਰਹੇ ਹਨ।

ਟਰੰਪ ਨੇ ਕੈਨੇਡਾ ਵਿੱਚ ਬੇਰੁਜ਼ਗਾਰੀ ਵਧਣ ਦਾ ਵੀ ਦਾਅਵਾ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣਾ ਹੋਰ ਮੁਸ਼ਕਲ ਹੋ ਸਕਦਾ ਹੈ।

ਟਰੰਪ ਦੀਆਂ ਟਿੱਪਣੀਆਂ ਦੇ ਜਵਾਬ ਵਿੱਚ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਨੇ ਪਿਛਲੇ ਸਾਲਾਂ ਦੌਰਾਨ ਕੈਨੇਡਾ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕੈਨੇਡਾ ਸਰਕਾਰ ਨੇ 2024 ਤੋਂ ਅਵਾਸ ਨੀਤੀਆਂ ਨੂੰ ਸਖ਼ਤ ਕਰਨਾ ਸ਼ੁਰੂ ਕੀਤਾ ਹੈ ਅਤੇ ਵਿਦੇਸ਼ੀਆਂ ਦੀ ਆਮਦ ਨੂੰ ਘਟਾਉਣ ਲਈ ਕਈ ਕਦਮ ਚੁੱਕੇ ਗਏ ਹਨ।

ਕੈਨੇਡਾ ਸਰਕਾਰ ਦੀ 2026-2028 ਅਵਾਸ ਯੋਜਨਾ ਤਹਿਤ ਆਰਜ਼ੀ ਨਿਵਾਸੀਆਂ ਦੀ ਗਿਣਤੀ ਨੂੰ 2027 ਦੇ ਅੰਤ ਤੱਕ ਕੁੱਲ ਆਬਾਦੀ ਦੇ 5 ਫੀਸਦੀ ਤੋਂ ਹੇਠਾਂ ਲਿਆਉਣ ਦਾ ਟੀਚਾ ਰੱਖਿਆ ਗਿਆ ਹੈ। ਸਰਕਾਰੀ ਯੋਜਨਾ ਮੁਤਾਬਕ 2026 ਵਿੱਚ ਨਵੇਂ ਆਰਜ਼ੀ ਨਿਵਾਸੀਆਂ ਦੀ ਆਮਦ ਦਾ ਟੀਚਾ 3 ਲੱਖ 85 ਹਜ਼ਾਰ ਅਤੇ 2027 ਤੇ 2028 ਲਈ 3 ਲੱਖ 70 ਹਜ਼ਾਰ ਪ੍ਰਤੀ ਸਾਲ ਰੱਖਿਆ ਗਿਆ ਹੈ।

ਇਸੇ ਯੋਜਨਾ ਤਹਿਤ 2026 ਤੋਂ 2028 ਤੱਕ ਹਰ ਸਾਲ 3 ਲੱਖ 80 ਹਜ਼ਾਰ ਸਥਾਈ ਨਿਵਾਸੀਆਂ ਨੂੰ ਦਾਖ਼ਲਾ ਦੇਣ ਦਾ ਟੀਚਾ ਵੀ ਤੈਅ ਕੀਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਸਥਾਈ ਨਿਵਾਸ ਲਈ ਆਰਥਿਕ ਸ਼੍ਰੇਣੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ ਲੋੜੀਂਦੇ ਹੁਨਰ ਤੇ ਤਜ਼ਰਬੇ ਵਾਲੇ ਲੋਕਾਂ ਨੂੰ ਸਥਾਈ ਨਿਵਾਸ ਵੱਲ ਤਬਦੀਲ ਕਰਨ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।

ਅਨੀਤਾ ਆਨੰਦ ਨੇ ਕਿਹਾ ਕਿ ਕੈਨੇਡਾ ਸਰਕਾਰ ਅਵਾਸ ਦੇ ਪੱਧਰਾਂ ਨੂੰ ਸਥਿਰ ਕਰਨ ਦੇ ਨਾਲ-ਨਾਲ ਸਸਤੀ ਰਿਹਾਇਸ਼ ਅਤੇ ਸਿਹਤ ਸੰਭਾਲ ਸੇਵਾਵਾਂ ਨਾਲ ਜੁੜੇ ਦਬਾਅ ਨੂੰ ਘਟਾਉਣ ਲਈ ਵੀ ਕਦਮ ਚੁੱਕ ਰਹੀ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਕੈਨੇਡਾ ਦੀ ਆਰਜ਼ੀ ਨਿਵਾਸੀ ਆਬਾਦੀ ਆਪਣੇ ਸਿਖਰਲੇ 7.6 ਫੀਸਦੀ ਪੱਧਰ ਤੋਂ ਘਟ ਕੇ 6.5 ਫੀਸਦੀ ਰਹਿ ਗਈ ਹੈ। ਸਰਕਾਰ ਨੇ ਕਿਹਾ ਹੈ ਕਿ 2026-2028 ਦੀ ਯੋਜਨਾ ਦਾ ਉਦੇਸ਼ ਆਰਜ਼ੀ ਨਿਵਾਸੀਆਂ ਦੀ ਆਮਦ ਨੂੰ ਘਟਾਉਣਾ ਅਤੇ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਸਥਿਰ ਰੱਖਣਾ ਹੈ।

ਕੈਨੇਡਾ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਨਵੀਆਂ ਅਵਾਸ ਨੀਤੀਆਂ ਦਾ ਉਦੇਸ਼ ਦੇਸ਼ ਦੀਆਂ ਆਰਥਿਕ ਅਤੇ ਮਜ਼ਦੂਰ ਬਾਜ਼ਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਨਾਲ ਰਿਹਾਇਸ਼, ਸਿਹਤ ਸੇਵਾਵਾਂ ਅਤੇ ਹੋਰ ਜਨਤਕ ਸੇਵਾਵਾਂ ’ਤੇ ਪੈ ਰਹੇ ਦਬਾਅ ਨੂੰ ਘਟਾਉਣਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments