ਅਨੀਤਾ ਆਨੰਦ ਨੇ ਕੀਤਾ ਨਿਯੁਕਤੀ ਦਾ ਐਲਾਨ; ਮਾਰਕ ਕਾਰਨੀ ਦੇ ਦਫ਼ਤਰ ਵਿੱਚ ਡਾਇਰੈਕਟਰ ਆਫ਼ ਅਪਰੇਸ਼ਨਜ਼ ਐਂਡ ਸਟੇਕਹੋਲਡਰ ਰਿਲੇਸ਼ਨਜ਼ ਵਜੋਂ ਨਿਭਾਅ ਚੁੱਕੇ ਹਨ ਸੇਵਾਵਾਂ
ਚੰਡੀਗੜ੍ਹ: ਕੈਨੇਡਾ ਸਰਕਾਰ ਨੇ ਪੰਜਾਬੀ ਮੂਲ ਦੇ ਸਿੱਖ ਡਿਪਲੋਮੈਟ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ 25 ਸਤੰਬਰ ਨੂੰ ਇਸ ਨਿਯੁਕਤੀ ਦਾ ਐਲਾਨ ਕੀਤਾ। ਅੰਗਦ ਸਿੰਘ ਢਿੱਲੋਂ ਯੂਏਈ ਵਿੱਚ ਰਾਧਾ ਕ੍ਰਿਸ਼ਨਾ ਪਾਂਡੇ ਦੀ ਥਾਂ ਕੈਨੇਡਾ ਦੇ ਰਾਜਦੂਤ ਵਜੋਂ ਜ਼ਿੰਮੇਵਾਰੀ ਸੰਭਾਲਣਗੇ।
ਅੰਗਦ ਸਿੰਘ ਢਿੱਲੋਂ ਦੇ ਪਰਿਵਾਰਕ ਪਿਛੋਕੜ ਦੀਆਂ ਜੜ੍ਹਾਂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁੰਗਰਾਣਾ ਨਾਲ ਜੁੜੀਆਂ ਹੋਈਆਂ ਹਨ। ਕੈਨੇਡਾ ਦੇ ਮਹੱਤਵਪੂਰਨ ਕੂਟਨੀਤਕ ਅਹੁਦਿਆਂ ਵਿੱਚੋਂ ਇੱਕ ਲਈ ਉਨ੍ਹਾਂ ਦੀ ਚੋਣ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਪੁਰਖਿਆਂ ਦੇ ਪਿੰਡ ਵਿੱਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
ਕੈਨੇਡਾ ਸਰਕਾਰ ਅਨੁਸਾਰ ਇਹ ਨਿਯੁਕਤੀ ਦੇਸ਼ ਦੇ ਵਿਆਪਕ ਕੂਟਨੀਤਕ ਫੇਰਬਦਲ ਦਾ ਹਿੱਸਾ ਹੈ। ਇਸੇ ਤਬਦੀਲੀ ਤਹਿਤ ਕਾਰਮਨ ਸੋਰਜਰ ਨੂੰ ਕਿਊਬਾ ਵਿੱਚ ਕੈਨੇਡਾ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ।
ਯੂਏਈ ਕੈਨੇਡਾ ਲਈ ਵਪਾਰ, ਨਿਵੇਸ਼, ਊਰਜਾ ਅਤੇ ਖੇਤਰੀ ਕੂਟਨੀਤੀ ਦੇ ਪੱਖੋਂ ਇੱਕ ਮਹੱਤਵਪੂਰਨ ਭਾਈਵਾਲ ਹੈ। ਨਵੇਂ ਰਾਜਦੂਤ ਵਜੋਂ ਅੰਗਦ ਸਿੰਘ ਢਿੱਲੋਂ ਦੀ ਜ਼ਿੰਮੇਵਾਰੀ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਖਾੜੀ ਖੇਤਰ ਵਿੱਚ ਕੈਨੇਡਾ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਨਾਲ ਜੁੜੀ ਹੋਵੇਗੀ।
ਇਸ ਨਿਯੁਕਤੀ ਦਾ ਐਲਾਨ ਕਰਦਿਆਂ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਨਵੇਂ ਕੂਟਨੀਤਕ ਨੁਮਾਇੰਦੇ ਕੌਮਾਂਤਰੀ ਪੱਧਰ ’ਤੇ ਕੈਨੇਡਾ ਦੇ ਹਿੱਤਾਂ ਨੂੰ ਅੱਗੇ ਵਧਾਉਣ ਅਤੇ ਦੁਨੀਆ ਭਰ ਦੇ ਭਾਈਵਾਲਾਂ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਅੰਗਦ ਸਿੰਘ ਢਿੱਲੋਂ ਹਾਲ ਹੀ ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਵਿੱਚ ਡਾਇਰੈਕਟਰ ਆਫ਼ ਅਪਰੇਸ਼ਨਜ਼ ਐਂਡ ਸਟੇਕਹੋਲਡਰ ਰਿਲੇਸ਼ਨਜ਼ ਵਜੋਂ ਸੇਵਾਵਾਂ ਨਿਭਾ ਰਹੇ ਸਨ। ਕੈਨੇਡਾ ਸਰਕਾਰ ਵੱਲੋਂ ਜਾਰੀ ਜੀਵਨੀ ਸਬੰਧੀ ਜਾਣਕਾਰੀ ਅਨੁਸਾਰ, ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਵਜੋਂ ਭਾਰਤ ਅਤੇ ਚੀਨ ਸਮੇਤ ਪ੍ਰਮੁੱਖ ਦੁਵੱਲੇ ਭਾਈਵਾਲਾਂ ਨਾਲ ਕੈਨੇਡਾ ਦੇ ਕੂਟਨੀਤਕ ਸਬੰਧਾਂ ਨੂੰ ਮੁੜ ਸਰਗਰਮ ਕਰਨ ਵਿੱਚ ਸਹਾਇਤਾ ਕੀਤੀ ਅਤੇ ਉੱਚ ਪੱਧਰੀ ਸੰਚਾਰ ਤੇ ਸਹਿਯੋਗ ਦੇ ਰਾਹ ਮੁੜ ਸਥਾਪਤ ਕਰਨ ਵਿੱਚ ਭੂਮਿਕਾ ਨਿਭਾਈ।
ਇਸ ਤੋਂ ਇਲਾਵਾ ਅੰਗਦ ਸਿੰਘ ਢਿੱਲੋਂ ਨੇ ਕੈਨੇਡਾ ਵਿੱਚ ਨਿਵੇਸ਼ ਨਾਲ ਸਬੰਧਤ ਵਚਨਬੱਧਤਾਵਾਂ ਹਾਸਲ ਕਰਨ ਲਈ ਵੱਖ-ਵੱਖ ਭਾਈਵਾਲਾਂ ਨਾਲ ਤਾਲਮੇਲ ਦੀ ਜ਼ਿੰਮੇਵਾਰੀ ਵੀ ਨਿਭਾਈ। ਕੈਨੇਡਾ ਸਰਕਾਰ ਦੇ ਅਨੁਸਾਰ ਉਨ੍ਹਾਂ ਨੇ ਦੇਸ਼ ਦੇ ਪਹਿਲੇ ਰਾਸ਼ਟਰੀ ਨਿਵੇਸ਼ ਸੰਮੇਲਨ ਦੀ ਯੋਜਨਾ ਅਤੇ ਤਿਆਰੀ ਵਿੱਚ ਵੀ ਭੂਮਿਕਾ ਨਿਭਾਈ।
ਇਸ ਤੋਂ ਪਹਿਲਾਂ ਉਹ ਦੋ ਸੰਘੀ ਕੈਬਨਿਟ ਮੰਤਰੀਆਂ ਦੇ ਚੀਫ਼ ਆਫ਼ ਸਟਾਫ਼ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਇਨ੍ਹਾਂ ਅਹੁਦਿਆਂ ਦੌਰਾਨ ਉਨ੍ਹਾਂ ਨੇ ਜੀ-7, ਜੀ-20, ਸੰਯੁਕਤ ਰਾਸ਼ਟਰ ਮਹਾਸਭਾ, ਏਸ਼ੀਆ-ਪੈਸਿਫਿਕ ਆਰਥਿਕ ਸਹਿਯੋਗ ਮੰਚ, ਅੰਤਰਰਾਸ਼ਟਰੀ ਟਰਾਂਸਪੋਰਟ ਫੋਰਮ ਅਤੇ ਕਾਨਫਰੰਸ ਆਫ਼ ਦ ਪਾਰਟੀਜ਼ ਵਰਗੇ ਕੌਮਾਂਤਰੀ ਮੰਚਾਂ ਨਾਲ ਸਬੰਧਤ ਕੈਨੇਡਾ ਦੇ ਕੰਮ ਵਿੱਚ ਵੀ ਸਹਿਯੋਗ ਦਿੱਤਾ।
ਅੰਗਦ ਸਿੰਘ ਢਿੱਲੋਂ ਦੀ ਯੂਏਈ ਲਈ ਰਾਜਦੂਤ ਵਜੋਂ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਕੈਨੇਡਾ ਅਤੇ ਯੂਏਈ ਵਿਚਾਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਅੱਗੇ ਵਧਾਉਣ ਲਈ ਗੱਲਬਾਤ ਜਾਰੀ ਹੈ। ਕੈਨੇਡਾ ਸਰਕਾਰ ਮੁਤਾਬਕ ਦੋਵਾਂ ਦੇਸ਼ਾਂ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਮੁਕੰਮਲ ਕਰਨ ਅਤੇ ਰਣਨੀਤਕ ਭਾਈਵਾਲੀ ਦੇ ਅਗਲੇ ਕਦਮਾਂ ’ਤੇ ਵੀ ਚਰਚਾ ਕੀਤੀ ਹੈ।




