Google search engine
Home Canada ਸਰੀ NOW ਵੱਲੋਂ ਚੋਣ ਦਫ਼ਤਰ ਦਾ ਉਦਘਾਟਨ, ਟਰੌਏ ਵੈਨ ਵਲੀਅਟ ਨੇ ਰੱਖਿਆ...

ਸਰੀ NOW ਵੱਲੋਂ ਚੋਣ ਦਫ਼ਤਰ ਦਾ ਉਦਘਾਟਨ, ਟਰੌਏ ਵੈਨ ਵਲੀਅਟ ਨੇ ਰੱਖਿਆ ਚੋਣ ਏਜੰਡਾ

3

ਸਿਹਤ ਸਹੂਲਤਾਂ, ਆਵਾਜਾਈ, ਬੁਨਿਆਦੀ ਢਾਂਚੇ ਅਤੇ ਸਿਟੀ ਹਾਲ ਦੀ ਕਾਰਗੁਜ਼ਾਰੀ ਨਾਲ ਜੁੜੇ ਮੁੱਦਿਆਂ ਨੂੰ ਕੀਤਾ ਉਜਾਗਰ

ਸਰੀ, ਬੀ.ਸੀ. — ਸਰੀ ਦੀਆਂ 2026 ਮਿਊਂਸਪਲ ਚੋਣਾਂ ਲਈ ਚੋਣ ਸਰਗਰਮੀਆਂ ਦਰਮਿਆਨ ਮੇਅਰ ਉਮੀਦਵਾਰ ਟਰੌਏ ਵੈਨ ਵਲੀਅਟ ਦੀ ਅਗਵਾਈ ਵਾਲੀ ਸਰੀ NOW ਟੀਮ ਵੱਲੋਂ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਸਰੀ ਦੀ 132 ਸਟਰੀਟ ਅਤੇ 78 ਐਵਨਿਊ ਨੇੜੇ ਖੋਲ੍ਹੇ ਗਏ ਚੋਣ ਦਫ਼ਤਰ ਦੇ ਉਦਘਾਟਨੀ ਸਮਾਗਮ ਵਿੱਚ ਸਲੇਟ ਦੇ ਸਮਰਥਕਾਂ ਅਤੇ ਵੋਟਰਾਂ ਨੇ ਸ਼ਮੂਲੀਅਤ ਕੀਤੀ।

 

ਇਸ ਮੌਕੇ ਟਰੌਏ ਵੈਨ ਵਲੀਅਟ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਆਪਣੀ ਟੀਮ ਦੇ ਚੋਣ ਏਜੰਡੇ ਅਤੇ ਤਰਜੀਹਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰੀ ਤੇਜ਼ੀ ਨਾਲ ਵਧ ਰਿਹਾ ਸ਼ਹਿਰ ਹੈ ਅਤੇ ਇਸ ਦੇ ਨਾਲ ਹੀ ਵਸਨੀਕਾਂ ਨੂੰ ਸਿਹਤ ਸਹੂਲਤਾਂ, ਸਕੂਲਾਂ, ਆਵਾਜਾਈ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੈਨ ਵਲੀਅਟ ਨੇ ਸਿਟੀ ਹਾਲ ਵਿੱਚ ਪਰਮਿਟਾਂ ਅਤੇ ਬਾਈਲਾਅਜ਼ ਨਾਲ ਸਬੰਧਤ ਪ੍ਰਕਿਰਿਆਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਦੀਆਂ ਤਰਜੀਹਾਂ ਵਿੱਚ ਜਵਾਬਦੇਹ ਸਿਟੀ ਹਾਲ, ਬਿਹਤਰ ਸੇਵਾਵਾਂ ਅਤੇ ਸ਼ਹਿਰ ਦੇ ਵਿਕਾਸ ਨਾਲ ਬੁਨਿਆਦੀ ਸਹੂਲਤਾਂ ਨੂੰ ਅੱਗੇ ਵਧਾਉਣਾ ਸ਼ਾਮਲ ਹੈ। Surrey NOW ਵੱਲੋਂ ਜਨਤਕ ਕੀਤੇ ਗਏ ਚੋਣ ਪਲੇਟਫਾਰਮ ਵਿੱਚ ਵੀ ਪਬਲਿਕ ਸੇਫਟੀ, ਵਿਕਾਸ ਅਤੇ ਹਾਊਸਿੰਗ, ਪਰਿਵਾਰਾਂ ਲਈ ਸਹੂਲਤਾਂ ਅਤੇ ਸਿਟੀ ਹਾਲ ਦੀ ਜਵਾਬਦੇਹੀ ਨੂੰ ਮੁੱਖ ਤਰਜੀਹਾਂ ਵਜੋਂ ਪੇਸ਼ ਕੀਤਾ ਗਿਆ ਹੈ।

ਉਨ੍ਹਾਂ ਸਰੀ ਦੀ ਸੱਭਿਆਚਾਰਕ ਅਤੇ ਭਾਈਚਾਰਕ ਵਿਭਿੰਨਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦਾ ਸ਼ਹਿਰ ਨਾਲ ਜੁੜਾਅ ਇਸ ਦੀ ਵੱਡੀ ਤਾਕਤ ਹੈ। ਉਨ੍ਹਾਂ ਵੋਟਰਾਂ ਨੂੰ ਆਪਣੀ ਟੀਮ ਦੇ ਚੋਣ ਪ੍ਰੋਗਰਾਮ ਬਾਰੇ ਜਾਣਨ ਅਤੇ ਚੋਣ ਪ੍ਰਕਿਰਿਆ ਵਿੱਚ ਸਰਗਰਮ ਹਿੱਸਾ ਲੈਣ ਦੀ ਅਪੀਲ ਕੀਤੀ।

ਇਸ ਮੌਕੇ ਸਰੀ NOW ਵੱਲੋਂ ਕੌਂਸਲਰ ਉਮੀਦਵਾਰ ਰਾਹੁਲ ਗਿੱਲ ਨੇ ਵੀ ਗੱਲਬਾਤ ਕਰਦਿਆਂ ਆਪਣੀ ਟੀਮ ਦੀਆਂ ਤਰਜੀਹਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਵੋਟਰਾਂ ਤੋਂ ਸਮਰਥਨ ਮੰਗਿਆ।

ਸਰੀ NOW ਦੀ ਸਿਟੀ ਹਾਲ ਸਲੇਟ ਵਿੱਚ ਰਾਹੁਲ ਗਿੱਲ ਅਤੇ ਜੈਸੀ ਜੌਹਲ ਤੋਂ ਇਲਾਵਾ ਡਾ. ਵਰਨਰ ਸਪੈਂਗਲ, ਗੇਲ ਬੈਸਜ਼ੀਡਜ਼, ਐਨਰੀਕ ਪੋਂਸ ਡੀ ਲਿਓਨ, ਜੇਮਜ਼ ਯੂ ਅਤੇ ਓਲੀਵਰ ਡਿਕਸਨ ਸ਼ਾਮਲ ਹਨ।

ਸਿਟੀ ਆਫ਼ ਸਰੀ ਦੇ ਅਧਿਕਾਰਤ ਚੋਣ ਰਿਕਾਰਡ ਮੁਤਾਬਕ ਟਰੌਏ ਵੈਨ ਵਲੀਅਟ ਸਰੀ NOW ਵੱਲੋਂ ਮੇਅਰ ਦੇ ਉਮੀਦਵਾਰ ਹਨ। ਸਰੀ ਦੀਆਂ ਮਿਊਂਸਪਲ ਚੋਣਾਂ ਲਈ ਵੋਟਿੰਗ 17 ਅਕਤੂਬਰ 2026 ਨੂੰ ਹੋਵੇਗੀ।

Google search engine
Google search engine