ਭਾਜਪਾ ਵੱਲੋਂ ਕਰੀਬ 50 ਪੀੜਤ ਪਰਿਵਾਰਾਂ ਨਾਲ ਕੇਂਦਰੀ ਗ੍ਰਹਿ ਮੰਤਰੀ ਦੀ ਮੁਲਾਕਾਤ ਦਾ ਪ੍ਰਬੰਧ; ਰੈਲੀ ਦੌਰਾਨ ਨਸ਼ਿਆਂ ਅਤੇ ਅਮਨ-ਕਾਨੂੰਨ ਦੇ ਮੁੱਦੇ ’ਤੇ ਹੋ ਸਕਦੇ ਹਨ ਵੱਡੇ ਐਲਾਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜਲੰਧਰ ਵਿੱਚ ਹੋਣ ਵਾਲੀ ਵੱਡੀ ਰੈਲੀ ਤੋਂ ਪਹਿਲਾਂ ਨਸ਼ਿਆਂ ਕਾਰਨ ਆਪਣੇ ਜੀਅ ਗੁਆ ਚੁੱਕੇ ਪੰਜਾਬ ਦੇ ਕਰੀਬ 50 ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਇਨ੍ਹਾਂ ਪਰਿਵਾਰਾਂ ਦੇ ਕਈ ਕਮਾਊ ਜੀਅ ਨਸ਼ਿਆਂ ਦੀ ਲਤ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ, ਜਿਸ ਕਾਰਨ ਪਰਿਵਾਰਾਂ ਨੂੰ ਭਾਰੀ ਦੁੱਖ ਅਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਭਾਜਪਾ ਵੱਲੋਂ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਜਲੰਧਰ ਵਿੱਚ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਪਰਿਵਾਰਾਂ ਨਾਲ ਆਹਮੋ-ਸਾਹਮਣੇ ਗੱਲਬਾਤ ਕਰਕੇ ਉਨ੍ਹਾਂ ਦੇ ਦੁੱਖ-ਦਰਦ ਸੁਣਨਗੇ ਅਤੇ ਨਸ਼ਿਆਂ ਕਾਰਨ ਉਨ੍ਹਾਂ ਦੇ ਪਰਿਵਾਰਾਂ ’ਤੇ ਪਏ ਪ੍ਰਭਾਵ ਬਾਰੇ ਜਾਣਕਾਰੀ ਲੈਣਗੇ। ਇਨ੍ਹਾਂ ਪਰਿਵਾਰਾਂ ਦੀ ਮੁਲਾਕਾਤ ਲਈ ਵੱਖਰੇ ਟੈਂਟ ਦਾ ਪ੍ਰਬੰਧ ਕੀਤਾ ਗਿਆ ਹੈ।
ਅਮਿਤ ਸ਼ਾਹ ਜਲੰਧਰ ਵਿੱਚ ਹੋਣ ਵਾਲੀ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਪੰਜਾਬ ਭਾਜਪਾ ਵੱਲੋਂ ਕੱਢੀ ਗਈ ‘ਨਸ਼ਾ ਮੁਕਤ ਪੰਜਾਬ’ ਯਾਤਰਾ ਦੀ ਅੱਜ ਸਮਾਪਤੀ ਹੋ ਰਹੀ ਹੈ ਅਤੇ ਇਸ ਮੌਕੇ ਜਲੰਧਰ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ।
ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕੇਂਦਰ ਸਰਕਾਰ ਤੋਂ ਉਨ੍ਹਾਂ ਪਰਿਵਾਰਾਂ ਲਈ ਮਦਦ ਦਾ ਐਲਾਨ ਕੀਤੇ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ, ਜਿਨ੍ਹਾਂ ਦੇ ਪਰਿਵਾਰ ਨਸ਼ਿਆਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਨਸ਼ਿਆਂ ਦੀ ਸਮੱਸਿਆ ਕਾਰਨ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਕਮਾਊ ਜੀਅ ਗੁਆਏ ਹਨ, ਉਨ੍ਹਾਂ ਲਈ ਸਰਕਾਰੀ ਸਹਾਇਤਾ ਦੀ ਲੋੜ ਹੈ।
ਵੇਰਵਿਆਂ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੀ ਇਸ ਵੱਡੀ ਰੈਲੀ ਦੌਰਾਨ ਨਸ਼ਿਆਂ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾ ਸਕਦੇ ਹਨ। ਇਸ ਦੌਰਾਨ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਵੀ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਸਿਆਸੀ ਹਮਲੇ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਰੈਲੀ ਦੌਰਾਨ ਨਸ਼ਿਆਂ ਨਾਲ ਨਜਿੱਠਣ ਦੇ ਸੰਦਰਭ ਵਿੱਚ ਕਿਸੇ ਨਵੇਂ ਪ੍ਰੋਗਰਾਮ ਜਾਂ ਪਹਿਲ ਦਾ ਐਲਾਨ ਵੀ ਕਰ ਸਕਦੇ ਹਨ। ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਭਾਜਪਾ ਵੱਲੋਂ ਪਿਛਲੇ ਸਮੇਂ ਤੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਅੱਜ ਦੀ ਰੈਲੀ ਨੂੰ ਇਸ ਮੁਹਿੰਮ ਦੇ ਅਗਲੇ ਪੜਾਅ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਕਈ ਭਾਜਪਾ ਆਗੂਆਂ ਵੱਲੋਂ ਕੇਂਦਰ ਸਰਕਾਰ ਤੋਂ ਸੂਬੇ ਦੀ ਕਿਸਾਨੀ ਲਈ ਵੀ ਕੋਈ ਵੱਡਾ ਐਲਾਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਰੈਲੀ ਦੌਰਾਨ ਕਿਸਾਨੀ ਨਾਲ ਜੁੜੇ ਮੁੱਦੇ ਵੀ ਉਠਾਏ ਜਾਣ ਦੀ ਸੰਭਾਵਨਾ ਹੈ।
ਜਲੰਧਰ ਰੈਲੀ ਵਿੱਚ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਦਾ ਮੁੱਦਾ ਵੀ ਚਰਚਾ ਵਿੱਚ ਰਹਿ ਸਕਦਾ ਹੈ। ਭਾਜਪਾ ਵੱਲੋਂ ਸੂਬੇ ਵਿੱਚ ਨਸ਼ਿਆਂ, ਅਮਨ-ਕਾਨੂੰਨ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ। ਇਸ ਲਈ ਅੱਜ ਦੀ ਰੈਲੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਦੇ ਸੰਬੋਧਨ ਅਤੇ ਸੰਭਾਵਿਤ ਐਲਾਨਾਂ ’ਤੇ ਸਭ ਦੀ ਨਜ਼ਰ ਰਹੇਗੀ।
