HomePunjab Newsਪੰਜਾਬੀ ਵਿਅੰਗ ਸਾਹਿਤ ਨੂੰ ਵੱਡਾ ਝਟਕਾ, ਪ੍ਰਸਿੱਧ ਵਿਅੰਗਕਾਰ ਕੇ.ਐੱਲ. ਗਰਗ ਦਾ ਦੇਹਾਂਤ

ਪੰਜਾਬੀ ਵਿਅੰਗ ਸਾਹਿਤ ਨੂੰ ਵੱਡਾ ਝਟਕਾ, ਪ੍ਰਸਿੱਧ ਵਿਅੰਗਕਾਰ ਕੇ.ਐੱਲ. ਗਰਗ ਦਾ ਦੇਹਾਂਤ

83 ਸਾਲ ਦੀ ਉਮਰ ਵਿੱਚ ਲੁਧਿਆਣਾ ਦੇ ਨਿੱਜੀ ਹਸਪਤਾਲ ’ਚ ਲਏ ਆਖ਼ਰੀ ਸਾਹ; ਕਰੀਬ 60 ਪੁਸਤਕਾਂ ਰਾਹੀਂ ਪੰਜਾਬੀ ਸਾਹਿਤ ਵਿੱਚ ਪਾਇਆ ਵੱਡਾ ਯੋਗਦਾਨ

ਪੰਜਾਬੀ ਸਾਹਿਤ ਜਗਤ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਸਾਹਿਤ ਦੇ ਪ੍ਰਸਿੱਧ ਅਤੇ ਉੱਘੇ ਵਿਅੰਗਕਾਰ ਪ੍ਰੋ. ਕੇ.ਐੱਲ. ਗਰਗ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਚਲਾਣੇ ਨਾਲ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਹ ਪੰਜਾਬੀ ਵਿਅੰਗ ਸਾਹਿਤ ਦੇ ਪ੍ਰਮੁੱਖ ਸਿਰਜਕਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਨੂੰ ‘ਹਾਸਿਆਂ ਦੇ ਬਾਦਸ਼ਾਹ’ ਵਜੋਂ ਵੀ ਜਾਣਿਆ ਜਾਂਦਾ ਸੀ।

ਪ੍ਰੋ. ਕੇ.ਐੱਲ. ਗਰਗ ਕੁਝ ਸਮੇਂ ਤੋਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਸਨ, ਜਿੱਥੇ ਉਨ੍ਹਾਂ ਨੇ 83 ਵਰ੍ਹਿਆਂ ਦੀ ਉਮਰ ਵਿੱਚ ਆਖ਼ਰੀ ਸਾਹ ਲਏ। ਉਹ ਮੋਗਾ ਦੀ ਮਾਣਮੱਤੀ ਸਾਹਿਤਕ ਸ਼ਖ਼ਸੀਅਤ ਸਨ। ਉਨ੍ਹਾਂ ਨੇ ਲੰਮਾ ਸਮਾਂ ਸਿੱਖਿਆ ਦੇ ਖੇਤਰ ਵਿੱਚ ਸੇਵਾਵਾਂ ਨਿਭਾਈਆਂ ਅਤੇ ਕਈ ਵਿਦਿਅਕ ਸੰਸਥਾਵਾਂ ਨਾਲ ਜੁੜੇ ਰਹੇ।

ਕੇ.ਐੱਲ. ਗਰਗ ਦਾ ਜਨਮ 13 ਅਪਰੈਲ 1943 ਨੂੰ ਹੋਇਆ ਸੀ। ਉਹ ਪੰਜਾਬੀ ਸਾਹਿਤ ਦੇ ਬਹੁਪੱਖੀ ਪ੍ਰਤਿਭਾ ਵਾਲੇ ਲੇਖਕ ਸਨ। ਆਪਣੀ ਲੇਖਣੀ ਰਾਹੀਂ ਉਨ੍ਹਾਂ ਨੇ ਸਮਾਜਿਕ ਕੁਰੀਤੀਆਂ, ਵਿਗਾੜਾਂ ਅਤੇ ਸਮਾਜ ਵਿੱਚ ਮੌਜੂਦ ਵੱਖ-ਵੱਖ ਸਮੱਸਿਆਵਾਂ ’ਤੇ ਵਿਅੰਗਾਤਮਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚੋਟ ਕੀਤੀ।

ਆਪਣੇ ਲੰਬੇ ਸਾਹਿਤਕ ਸਫ਼ਰ ਦੌਰਾਨ ਕੇ.ਐੱਲ. ਗਰਗ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਲਗਪਗ 60 ਪੁਸਤਕਾਂ ਪਾਈਆਂ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਵਿਅੰਗ, ਕਹਾਣੀਆਂ, ਲੇਖ ਅਤੇ ਅਨੁਵਾਦ ਸ਼ਾਮਲ ਹਨ। ਉਨ੍ਹਾਂ ਦੀਆਂ ਕਈ ਰਚਨਾਵਾਂ ਪੰਜਾਬੀ ਪਾਠਕਾਂ ਅਤੇ ਸਾਹਿਤਕ ਹਲਕਿਆਂ ਵਿੱਚ ਚਰਚਿਤ ਰਹੀਆਂ।

ਕੇ.ਐੱਲ. ਗਰਗ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ‘ਹੁੰਮਸ’, ‘ਅੱਗ ਦੇ ਦਾਇਰੇ’, ‘ਦਰਅਸਲ’, ‘ਆਖ਼ਰੀ ਪੱਤਾ’, ‘ਵਾਟ-69’, ‘ਤਮਾਸ਼ਾ’, ‘ਦੂਜਾ ਪਾਸਾ’ ਅਤੇ ‘ਪਹੁ ਫੁਟਾਲਾ’ ਸ਼ਾਮਲ ਹਨ। ਆਪਣੀਆਂ ਰਚਨਾਵਾਂ ਰਾਹੀਂ ਉਨ੍ਹਾਂ ਨੇ ਹਾਸੇ ਅਤੇ ਵਿਅੰਗ ਨੂੰ ਸਮਾਜਿਕ ਸਰੋਕਾਰਾਂ ਨਾਲ ਜੋੜਿਆ ਅਤੇ ਪੰਜਾਬੀ ਸਾਹਿਤ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ।

ਕੇ.ਐੱਲ. ਗਰਗ ਦੇ ਚਲਾਣੇ ’ਤੇ ਵੱਖ-ਵੱਖ ਸਾਹਿਤਕ ਸੰਸਥਾਵਾਂ, ਲੇਖਕਾਂ ਅਤੇ ਬੁੱਧੀਜੀਵੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸਾਹਿਤਕ ਹਲਕਿਆਂ ਵਿੱਚ ਉਨ੍ਹਾਂ ਦੇ ਦੇਹਾਂਤ ਨੂੰ ਪੰਜਾਬੀ ਵਿਅੰਗ ਸਾਹਿਤ ਲਈ ਵੱਡਾ ਘਾਟਾ ਦੱਸਿਆ ਜਾ ਰਿਹਾ ਹੈ। ਸਾਹਿਤਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਲਿਖਤਾਂ ਅਤੇ ਸਾਹਿਤਕ ਯੋਗਦਾਨ ਲੰਮੇ ਸਮੇਂ ਤੱਕ ਪੰਜਾਬੀ ਪਾਠਕਾਂ ਅਤੇ ਸਾਹਿਤ ਪ੍ਰੇਮੀਆਂ ਦੀ ਯਾਦ ਵਿੱਚ ਬਣੇ ਰਹਿਣਗੇ।

ਪੰਜਾਬੀ ਸ਼ਾਇਰ ਡਾ. ਸਾਧੂ ਸਿੰਘ ਲੰਗੇਆਣਾ ਨੇ ਦੱਸਿਆ ਕਿ ਕੇ.ਐੱਲ. ਗਰਗ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਵਿਦੇਸ਼ ਰਹਿੰਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments