HomeIndianSIR ਦੇ ਵਿਰੋਧ ’ਚ ਠਾਕਰੇ ਭਰਾਵਾਂ ਦਾ ਸ਼ਕਤੀ ਪ੍ਰਦਰਸ਼ਨ, ਬੈਲੇਟ ਪੇਪਰ ਰਾਹੀਂ...

SIR ਦੇ ਵਿਰੋਧ ’ਚ ਠਾਕਰੇ ਭਰਾਵਾਂ ਦਾ ਸ਼ਕਤੀ ਪ੍ਰਦਰਸ਼ਨ, ਬੈਲੇਟ ਪੇਪਰ ਰਾਹੀਂ ਚੋਣਾਂ ਦੀ ਕੀਤੀ ਮੰਗ

ਊਧਵ ਠਾਕਰੇ ਨੇ CEC ਗਿਆਨੇਸ਼ ਕੁਮਾਰ ਨੂੰ ਭਾਜਪਾ ਦਾ ‘ਹਥਿਆਰ’ ਦੱਸਿਆ; ਰਾਜ ਠਾਕਰੇ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਰੱਦ ਕਰਨ ਲਈ ਕਿਹਾ

ਮੁੰਬਈ ਵਿੱਚ ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਦੀ ਅਗਵਾਈ ਹੇਠ ‘ਵਿਰਾਟ ਗਰਜਨਾ ਮੋਰਚਾ’ ਕੱਢਿਆ ਗਿਆ। ਇਸ ਮੌਕੇ ਦੋਵਾਂ ਆਗੂਆਂ ਨੇ ਚੋਣ ਪ੍ਰਕਿਰਿਆ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ’ਤੇ ਤਿੱਖੇ ਸਵਾਲ ਚੁੱਕੇ।

ਊਧਵ ਠਾਕਰੇ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਨੂੰ ਕੇਂਦਰ ਦੀ ਸੱਤਾਧਾਰੀ ਭਾਜਪਾ ਦਾ ‘ਹਥਿਆਰ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀ ਭੂਮਿਕਾ ਅਤੇ ਕਾਰਜਪ੍ਰਣਾਲੀ ਨੂੰ ਲੈ ਕੇ ਗੰਭੀਰ ਸਵਾਲ ਉੱਠ ਰਹੇ ਹਨ।

ਦੂਜੇ ਪਾਸੇ ਰਾਜ ਠਾਕਰੇ ਨੇ ਮਹਾਰਾਸ਼ਟਰ ਵਿੱਚ ਵੋਟਰ ਸੂਚੀਆਂ ਦੀ ਕੀਤੀ ਜਾ ਰਹੀ ‘ਵਿਸ਼ੇਸ਼ ਸੁਧਾਈ’ (SIR) ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਦੇਸ਼ ਵਿੱਚ ਚੋਣਾਂ ਬੈਲੇਟ ਪੇਪਰ ਰਾਹੀਂ ਕਰਵਾਉਣ ਦੀ ਵੀ ਮੰਗ ਉਠਾਈ।

‘ਵਿਰਾਟ ਗਰਜਨਾ ਮੋਰਚਾ’ ਮੁੰਬਈ ਦੇ ਮੈਟਰੋ ਸਿਨੇਮਾ ਤੋਂ ਸ਼ੁਰੂ ਹੋ ਕੇ ਬ੍ਰਿਹਨਮੁੰਬਈ ਨਗਰ ਨਿਗਮ (BMC) ਦੇ ਦਫ਼ਤਰ ਤੱਕ ਕੱਢਿਆ ਗਿਆ। ਮਾਰਚ ਵਿੱਚ ਕਾਂਗਰਸ ਦੇ ਬਾਲਾਸਾਹਿਬ ਥੋਰਾਟ ਤੋਂ ਇਲਾਵਾ ਵਿਜੇ ਅਤੇ ਸ਼ਰਦ ਪਵਾਰ ਦੀ ਐੱਨ.ਸੀ.ਪੀ. ਦੇ ਜਯੰਤ ਪਾਟਿਲ, ਸ਼ਸ਼ੀਕਾਂਤ ਸ਼ਿੰਦੇ, ਜਿਤੇਂਦਰ ਆਵਹਾੜ ਅਤੇ ਅਨਿਲ ਦੇਸ਼ਮੁਖ ਸਮੇਤ ਕਈ ਆਗੂ ਸ਼ਾਮਲ ਹੋਏ।

ਇਸ ਪ੍ਰਦਰਸ਼ਨ ਦੀ ਇੱਕ ਖ਼ਾਸ ਗੱਲ ਇਹ ਰਹੀ ਕਿ ਕਿਸੇ ਵੀ ਸਿਆਸੀ ਪਾਰਟੀ ਦਾ ਝੰਡਾ ਵਰਤਣ ਦੀ ਮਨਾਹੀ ਕੀਤੀ ਗਈ ਸੀ। ਮਾਰਚ ਦੌਰਾਨ ਸਿਰਫ਼ ਦੇਸ਼ ਦਾ ਰਾਸ਼ਟਰੀ ਝੰਡਾ ਤਿਰੰਗਾ ਹੀ ਵਰਤਿਆ ਗਿਆ।

ਰਾਜ ਠਾਕਰੇ ਨੇ ਆਪਣੇ ਸੰਬੋਧਨ ਦੌਰਾਨ ਦੇਸ਼ ਵਿੱਚ ਚੋਣਾਂ ਬੈਲੇਟ ਪੇਪਰ ਰਾਹੀਂ ਕਰਵਾਉਣ ਦੀ ਮੰਗ ਦੁਹਰਾਈ ਅਤੇ ਮਹਾਰਾਸ਼ਟਰ ਵਿੱਚ SIR ਦੀ ਪ੍ਰਕਿਰਿਆ ਨੂੰ ਤੁਰੰਤ ਰੱਦ ਕਰਨ ਲਈ ਕਿਹਾ। ਉਨ੍ਹਾਂ ਵੋਟਰ ਸੂਚੀਆਂ ਦੀ ਸੁਧਾਈ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ।

ਊਧਵ ਠਾਕਰੇ ਨੇ SIR ਦੇ ਮਕਸਦ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਇਹ ਕਾਰਵਾਈ ਗੈਰ-ਕਾਨੂੰਨੀ ਬੰਗਲਾਦੇਸ਼ੀਆਂ ਨੂੰ ਵੋਟਰ ਸੂਚੀਆਂ ਵਿੱਚੋਂ ਹਟਾਉਣ ਲਈ ਕੀਤੀ ਜਾ ਰਹੀ ਹੈ ਤਾਂ ਸਰਕਾਰ ਇਹ ਦੱਸੇ ਕਿ ਹੁਣ ਤੱਕ ਕਿੰਨੇ ਬੰਗਲਾਦੇਸ਼ੀ ਮਿਲੇ ਹਨ।

ਮਾਰਚ ਵਿੱਚ ਸ਼ਾਮਲ ਕਾਂਗਰਸ ਆਗੂ ਬਾਲਾਸਾਹਿਬ ਥੋਰਾਟ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਚੁੱਕੇ ਗਏ ‘ਵੋਟ ਚੋਰੀ’ ਦੇ ਮੁੱਦੇ ਨਾਲ ਸਬੰਧਤ ਸਬੂਤ ਹੁਣ ਚੋਣ ਕਮਿਸ਼ਨ ਰਾਹੀਂ ਸਾਹਮਣੇ ਆ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨਰਾਂ ਦੀ ਚੋਣ ਕਰਨ ਵਾਲੀ ਕਮੇਟੀ ਵਿੱਚੋਂ ਸੁਪਰੀਮ ਕੋਰਟ ਦੇ ਜੱਜ ਨੂੰ ਹਟਾਏ ਜਾਣ ਤੋਂ ਬਾਅਦ ਗੜਬੜੀਆਂ ਦੀ ਸ਼ੁਰੂਆਤ ਹੋਈ।

ਥੋਰਾਟ ਨੇ 2014 ਤੋਂ ਬਾਅਦ ਦੇ ਸਮੇਂ ਨੂੰ ‘ਕਾਲਾ ਦੌਰ’ ਕਰਾਰ ਦਿੰਦਿਆਂ ਲੋਕਾਂ ਨੂੰ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ।

ਜ਼ਿਕਰਯੋਗ ਹੈ ਕਿ ਠਾਕਰੇ ਭਰਾਵਾਂ ਦੀ ਅਗਵਾਈ ਹੇਠ ਇਹ ਮਾਰਚ ਸ਼ਿਵਾਜੀ ਪਾਰਕ ਵਿਖੇ ਕਾਕਰੌਚ ਜਨਤਾ ਪਾਰਟੀ ਵੱਲੋਂ ਕੀਤੇ ਗਏ ‘ਜੇਲ੍ਹ ਭਰੋ ਅੰਦੋਲਨ’ ਤੋਂ ਦੋ ਦਿਨ ਬਾਅਦ ਕੱਢਿਆ ਗਿਆ। ਇਸ ਦੌਰਾਨ SIR ਨੂੰ ਲੈ ਕੇ ਵਿਰੋਧ ਦੇ ਨਾਲ-ਨਾਲ ਚੋਣ ਪ੍ਰਕਿਰਿਆ ਵਿੱਚ ਬੈਲੇਟ ਪੇਪਰ ਦੀ ਵਰਤੋਂ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ ਗਈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments