ਹੁਣ ਤੱਕ 3.68 ਲੱਖ ਤੋਂ ਵੱਧ ਸ਼ਰਧਾਲੂ ਹੋਏ ਨਤਮਸਤਕ; ਸਮਾਪਤੀ ਤੱਕ ਗਿਣਤੀ ਪੌਣੇ ਚਾਰ ਲੱਖ ਤੋਂ ਪਾਰ ਹੋਣ ਦੀ ਉਮੀਦ
ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਸਮਾਪਤੀ ਵਿੱਚ ਹੁਣ ਸਿਰਫ਼ ਪੰਜ ਦਿਨ ਬਾਕੀ ਰਹਿ ਗਏ ਹਨ। ਇਸ ਸਾਲ 20 ਮਈ ਨੂੰ ਸ਼ੁਰੂ ਹੋਈ ਯਾਤਰਾ 10 ਅਕਤੂਬਰ ਨੂੰ ਸਮਾਪਤ ਹੋਵੇਗੀ ਅਤੇ ਇਸ ਦਿਨ ਬਾਅਦ ਦੁਪਹਿਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸਿੱਖ ਸੰਗਤ ਲਈ ਸੀਤ ਕਾਲ ਵਾਸਤੇ ਬੰਦ ਕਰ ਦਿੱਤੇ ਜਾਣਗੇ।
ਲਗਪਗ ਸਾਢੇ ਚਾਰ ਮਹੀਨੇ ਚੱਲੀ ਇਸ ਯਾਤਰਾ ਦੌਰਾਨ ਹੁਣ ਤੱਕ ਕਰੀਬ 3 ਲੱਖ 68 ਹਜ਼ਾਰ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਤਕਰੀਬਨ 15 ਹਜ਼ਾਰ ਫੁੱਟ ਤੋਂ ਵੱਧ ਦੀ ਉਚਾਈ ’ਤੇ ਸਥਿਤ ਇਸ ਪਵਿੱਤਰ ਅਸਥਾਨ ’ਤੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਇਹ ਗਿਣਤੀ ਪਿਛਲੇ ਸਾਰੇ ਸਾਲਾਂ ਦੇ ਮੁਕਾਬਲੇ ਵੱਧ ਦੱਸੀ ਜਾ ਰਹੀ ਹੈ।
10 ਅਕਤੂਬਰ ਨੂੰ ਹੋਣ ਵਾਲੇ ਸਮਾਪਤੀ ਸਮਾਗਮ ਦੀਆਂ ਧਾਰਮਿਕ ਰਸਮਾਂ ਸਵੇਰੇ 10 ਵਜੇ ਸੁਖਮਨੀ ਸਾਹਿਬ ਦੇ ਪਾਠ ਨਾਲ ਸ਼ੁਰੂ ਹੋਣਗੀਆਂ। ਇਸ ਤੋਂ ਬਾਅਦ ਸਵੇਰੇ 11 ਵਜੇ ਗੁਰਬਾਣੀ ਦਾ ਕੀਰਤਨ ਹੋਵੇਗਾ ਅਤੇ ਦੁਪਹਿਰ 12 ਵਜੇ ਸਮਾਪਤੀ ਦੀ ਅਰਦਾਸ ਕੀਤੀ ਜਾਵੇਗੀ। ਇਸ ਉਪਰੰਤ ਲਗਪਗ 1 ਵਜੇ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੀਤ ਕਾਲ ਲਈ ਸੁਖਆਸਨ ਅਸਥਾਨ ’ਤੇ ਲਿਜਾਇਆ ਜਾਵੇਗਾ।
ਸਮਾਪਤੀ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪ੍ਰਬੰਧਕੀ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਸਮਾਪਤੀ ਸਮਾਗਮ ਦੌਰਾਨ ਭਾਰਤੀ ਫ਼ੌਜ ਦੀ 418 ਇੰਡੀਪੈਂਡੈਂਟ ਰੈਜੀਮੈਂਟ ਦੇ ਸਿੱਖ ਲਾਈਟ ਬੈਂਡ ਵੱਲੋਂ ਸ਼ਬਦੀ ਧੁਨਾਂ ਦਾ ਗਾਇਨ ਕੀਤਾ ਜਾਵੇਗਾ। ਇਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪ੍ਰਕਾਸ਼ ਅਸਥਾਨ ਤੋਂ ਸੀਤ ਕਾਲ ਲਈ ਸੁਖਆਸਨ ਅਸਥਾਨ ’ਤੇ ਲਿਜਾਇਆ ਜਾਵੇਗਾ।
ਸਮਾਪਤੀ ਸਮਾਗਮ ਦੀਆਂ ਤਿਆਰੀਆਂ ਲਈ ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਵੀ ਗੁਰਦੁਆਰਾ ਗੋਬਿੰਦ ਘਾਟ ਪਹੁੰਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਾਲਾਨਾ ਯਾਤਰਾ ਦੇ ਸਮਾਪਤੀ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
ਨਰਿੰਦਰਜੀਤ ਸਿੰਘ ਬਿੰਦਰਾ ਨੇ ਉਮੀਦ ਪ੍ਰਗਟਾਈ ਕਿ ਯਾਤਰਾ ਦੀ ਸਮਾਪਤੀ ਤੱਕ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਇਸ ਵਾਰ ਪੌਣੇ ਚਾਰ ਲੱਖ ਤੋਂ ਵੀ ਵੱਧ ਹੋ ਜਾਵੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਜਿਹੜੇ ਸ਼ਰਧਾਲੂ ਹਾਲੇ ਤੱਕ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇ, ਉਹ 10 ਅਕਤੂਬਰ ਨੂੰ ਕਪਾਟ ਬੰਦ ਹੋਣ ਤੋਂ ਪਹਿਲਾਂ ਦਰਸ਼ਨਾਂ ਲਈ ਆਪਣਾ ਪ੍ਰੋਗਰਾਮ ਬਣਾ ਸਕਦੇ ਹਨ।




