49 ਮੈਂਬਰੀ ਜਥਾ 8 ਅਕਤੂਬਰ ਨੂੰ ਤਾਸ਼ਕੰਦ ਰਸਤੇ ਨਵੀਂ ਦਿੱਲੀ ਪਹੁੰਚੇਗਾ; ਇੱਕ ਮਹੀਨੇ ਦੌਰਾਨ ਪ੍ਰਮੁੱਖ ਸਿੱਖ ਧਾਰਮਿਕ ਅਸਥਾਨਾਂ ਦੇ ਕਰੇਗਾ ਦਰਸ਼ਨ
ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਆਖ਼ਰਕਾਰ ਰਾਹ ਸਾਫ਼ ਹੋ ਗਿਆ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਹਵਾਈ ਅੱਡੇ ’ਤੇ ਰੋਕੇ ਗਏ ਸਿੱਖ ਸ਼ਰਧਾਲੂਆਂ ਨੂੰ ਭਾਰਤ ਯਾਤਰਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ 49 ਮੈਂਬਰੀ ਜਥਾ ਤਾਸ਼ਕੰਦ ਰਸਤੇ 8 ਅਕਤੂਬਰ ਨੂੰ ਨਵੀਂ ਦਿੱਲੀ ਪਹੁੰਚੇਗਾ ਅਤੇ ਲਗਪਗ ਇੱਕ ਮਹੀਨੇ ਦੇ ਦੌਰੇ ਦੌਰਾਨ ਭਾਰਤ ਦੇ ਪ੍ਰਮੁੱਖ ਸਿੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰੇਗਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਹਕਾਰ ਪਰਮਜੀਤ ਸਿੰਘ ਚੰਢੋਕ ਨੇ ਦੱਸਿਆ ਕਿ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਫੈਸਲਾਬਾਦ ਹਵਾਈ ਅੱਡੇ ’ਤੇ ਸ਼ਰਧਾਲੂਆਂ ਨੂੰ ਰੋਕੇ ਜਾਣ ਦੇ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਭਾਰਤ ਯਾਤਰਾ ਦੀ ਮਨਜ਼ੂਰੀ ਦਿੱਤੀ ਗਈ ਹੈ। ਸ਼ਰਧਾਲੂਆਂ ਕੋਲ 30 ਅਕਤੂਬਰ ਤੱਕ ਵੈਧ ਭਾਰਤੀ ਵੀਜ਼ੇ ਹਨ ਅਤੇ ਉਹ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਨਵੀਂ ਦਿੱਲੀ ਤੋਂ ਹੀ ਵਾਪਸੀ ਦੀ ਉਡਾਣ ਲੈਣਗੇ।
ਭਾਰਤ ਪਹੁੰਚਣ ਤੋਂ ਬਾਅਦ ਜਥਾ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਨਤਮਸਤਕ ਹੋਵੇਗਾ। ਇਸ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਨਾਨਕ ਪਿਆਓ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਅਤੇ ਬਾਲਾ ਸਾਹਿਬ ਸਮੇਤ ਵੱਖ-ਵੱਖ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕੀਤੇ ਜਾਣਗੇ।
ਦਿੱਲੀ ਤੋਂ ਬਾਅਦ ਸ਼ਰਧਾਲੂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਵੀ ਮੱਥਾ ਟੇਕਣਗੇ। ਇਸ ਯਾਤਰਾ ਦੌਰਾਨ ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਜਥੇ ਦੇ ਮੁੱਖ ਪ੍ਰੋਗਰਾਮ ਦਾ ਹਿੱਸਾ ਹੋਣਗੇ।
ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜਾਣ ਨੂੰ ਲੈ ਕੇ ਹਾਲਾਂਕਿ ਸਥਿਤੀ ਸਪੱਸ਼ਟ ਨਹੀਂ ਹੈ। ਖ਼ਰਾਬ ਮੌਸਮ ਦੇ ਮੱਦੇਨਜ਼ਰ 10 ਅਕਤੂਬਰ ਨੂੰ ਹੇਮਕੁੰਟ ਸਾਹਿਬ ਦੇ ਕਪਾਟ ਬੰਦ ਕੀਤੇ ਜਾਣੇ ਹਨ। ਇਸ ਕਾਰਨ ਜਥੇ ਦੇ ਉੱਥੇ ਜਾਣ ਦੀ ਸੰਭਾਵਨਾ ਘੱਟ ਦੱਸੀ ਜਾ ਰਹੀ ਹੈ। ਸ਼ਰਧਾਲੂਆਂ ਦੇ ਹੇਮਕੁੰਟ ਸਾਹਿਬ ਜਾਣ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਜਾਰੀ ਹੈ, ਪਰ ਮੌਸਮ ਵਿਭਾਗ ਵੱਲੋਂ ਜਾਰੀ ਯੈਲੋ ਅਲਰਟ ਕਾਰਨ ਉੱਥੇ ਦੀ ਯਾਤਰਾ ਮੁਸ਼ਕਲ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਹ ਜਥਾ ਪਹਿਲਾਂ 11 ਸਤੰਬਰ ਨੂੰ ਪਾਕਿਸਤਾਨ ਤੋਂ ਭਾਰਤ ਲਈ ਰਵਾਨਾ ਹੋਣਾ ਸੀ। ਪੇਸ਼ਾਵਰ, ਪੰਜਾ ਸਾਹਿਬ, ਲਾਹੌਰ ਅਤੇ ਨਨਕਾਣਾ ਸਾਹਿਬ ਨਾਲ ਸਬੰਧਤ ਕੁੱਲ 104 ਸ਼ਰਧਾਲੂਆਂ ਨੂੰ ਭਾਰਤ ਦੇ ਵੀਜ਼ੇ ਮਿਲੇ ਸਨ। ਹਾਲਾਂਕਿ ਫੈਸਲਾਬਾਦ ਹਵਾਈ ਅੱਡੇ ’ਤੇ ਇਨ੍ਹਾਂ ਵਿੱਚੋਂ 94 ਸ਼ਰਧਾਲੂਆਂ ਨੂੰ ਵਾਪਸੀ ਦੀਆਂ ਟਿਕਟਾਂ ਅਤੇ ਐੱਨਓਸੀ ਨਾ ਹੋਣ ਦਾ ਹਵਾਲਾ ਦੇ ਕੇ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ ਸੀ।
ਹਵਾਈ ਅੱਡੇ ’ਤੇ ਰੋਕੇ ਜਾਣ ਕਾਰਨ ਸ਼ਰਧਾਲੂਆਂ ਦੀਆਂ ਪਹਿਲਾਂ ਖ਼ਰੀਦੀਆਂ ਗਈਆਂ ਟਿਕਟਾਂ ਦੀ ਰਕਮ ਬਰਬਾਦ ਹੋ ਗਈ ਅਤੇ ਉਨ੍ਹਾਂ ਨੂੰ ਭਾਰਤ ਯਾਤਰਾ ਲਈ ਨਵੀਆਂ ਟਿਕਟਾਂ ਖ਼ਰੀਦਣੀਆਂ ਪਈਆਂ। ਇਸ ਘਟਨਾ ਤੋਂ ਬਾਅਦ ਪਾਕਿਸਤਾਨ ਪੰਜਾਬ ਦੇ ਸਾਬਕਾ ਮੰਤਰੀ ਮਹਿੰਦਰਪਾਲ ਸਿੰਘ ਨੇ ਸ਼ਰਧਾਲੂਆਂ ਨੂੰ ਰੋਕੇ ਜਾਣ ਦੀ ਨਿਖੇਧੀ ਕੀਤੀ ਸੀ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੇ ਨਾਲ-ਨਾਲ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਸੀ।
ਹੁਣ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਮਾਮਲੇ ਦੀ ਸਮੀਖਿਆ ਤੋਂ ਬਾਅਦ 49 ਮੈਂਬਰੀ ਜਥੇ ਨੂੰ ਭਾਰਤ ਆਉਣ ਦੀ ਮਨਜ਼ੂਰੀ ਮਿਲਣ ਨਾਲ ਸ਼ਰਧਾਲੂਆਂ ਦੀ ਧਾਰਮਿਕ ਯਾਤਰਾ ਦਾ ਰਾਹ ਮੁੜ ਖੁੱਲ੍ਹ ਗਿਆ ਹੈ।




