HomeCanadaਗੁਰਦੁਆਰਿਆਂ ਦੀ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਸ਼ਮੂਲੀਅਤ ਵਧਾਉਣ ਦੀ ਲੋੜ:...

ਗੁਰਦੁਆਰਿਆਂ ਦੀ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਸ਼ਮੂਲੀਅਤ ਵਧਾਉਣ ਦੀ ਲੋੜ: ਗਿਆਨ ਸਿੰਘ ਸੰਧੂ

ਸਰੀ, 16 ਅਕਤੂਬਰ (ਹਰਦਮ ਮਾਨ) — ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ (GNI) ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਗਿਆਨ ਸਿੰਘ ਸੰਧੂ ਨੇ ਉੱਤਰੀ ਅਮਰੀਕਾ ਦੇ ਗੁਰਦੁਆਰਿਆਂ ਅਤੇ ਸਿੱਖ ਸੇਵਾ ਸੰਸਥਾਵਾਂ ਨੂੰ ਸਿੱਖਿਆ, ਖੋਜ ਅਤੇ ਨੌਜਵਾਨ ਪੀੜ੍ਹੀ ਦੇ ਭਵਿੱਖ ਲਈ ਆਪਸੀ ਸਹਿਯੋਗ ਵਧਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਭਵਿੱਖੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੰਸਥਾਵਾਂ ਨੂੰ ਆਪੋ-ਆਪਣੇ ਦਾਇਰਿਆਂ ਤੋਂ ਬਾਹਰ ਆ ਕੇ ਸਾਂਝੀ ਦੂਰਅੰਦੇਸ਼ੀ ਨਾਲ ਕੰਮ ਕਰਨ ਦੀ ਲੋੜ ਹੈ।

ਸਮੂਹ ਗੁਰਦੁਆਰਿਆਂ ਅਤੇ ਸਿੱਖ ਸੇਵਾ ਸੰਸਥਾਵਾਂ ਦੇ ਨਾਮ ਜਾਰੀ ਖੁੱਲ੍ਹੇ ਪੱਤਰ ਵਿੱਚ ਸ. ਸੰਧੂ ਨੇ ਦੱਸਿਆ ਕਿ 3 ਅਤੇ 4 ਅਕਤੂਬਰ ਨੂੰ ਸਰੀ ਸਿਟੀ ਹਾਲ ਵਿਖੇ ਕਰਵਾਇਆ ਗਿਆ GNI ਦਾ ਪੰਜਵਾਂ ਅੰਤਰਰਾਸ਼ਟਰੀ ਸਿੱਖ ਰਿਸਰਚ ਸਿਖਰ ਸੰਮੇਲਨ ਅਕਾਦਮਿਕ ਅਤੇ ਭਾਈਚਾਰਕ ਪੱਖੋਂ ਸਫਲ ਰਿਹਾ। ਇਸ ਸੰਮੇਲਨ ਵਿੱਚ ਕੈਨੇਡਾ ਅਤੇ ਹੋਰ ਦੇਸ਼ਾਂ ਤੋਂ ਵਿਦਵਾਨਾਂ, ਖੋਜੀਆਂ, ਸਿੱਖਿਆ ਸ਼ਾਸਤਰੀਆਂ, ਵਿਦਿਆਰਥੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।

ਉਨ੍ਹਾਂ ਨੇ ਗੁਰਦੁਆਰਿਆਂ ਦੀ ਘੱਟ ਸ਼ਮੂਲੀਅਤ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਅਨੁਸਾਰ, ਸੰਮੇਲਨ ਤੋਂ ਪਹਿਲਾਂ 40 ਤੋਂ ਵੱਧ ਗੁਰਦੁਆਰਿਆਂ ਨੇ ਆਪਣੇ ਨੁਮਾਇੰਦੇ ਭੇਜਣ ਦੀ ਸਹਿਮਤੀ ਦਿੱਤੀ ਸੀ, ਪਰ ਅਸਲ ਵਿੱਚ ਕੇਵਲ ਚਾਰ ਗੁਰਦੁਆਰਿਆਂ ਦੇ ਨੁਮਾਇੰਦੇ ਹੀ ਪਹੁੰਚੇ। ਇਸ ਦੇ ਉਲਟ, ਸੱਦਾ ਸਵੀਕਾਰ ਕਰਨ ਵਾਲੀਆਂ ਸਾਰੀਆਂ 13 ਸਿੱਖ ਸੇਵਾ ਸੰਸਥਾਵਾਂ ਨੇ ਸਰਗਰਮੀ ਨਾਲ ਸ਼ਮੂਲੀਅਤ ਕੀਤੀ। ਸ. ਸੰਧੂ ਨੇ ਕਿਹਾ ਕਿ ਸੰਮੇਲਨ ਦਾ ਦੂਜਾ ਦਿਨ ਵਿਸ਼ੇਸ਼ ਤੌਰ ’ਤੇ ਗੁਰਦੁਆਰਿਆਂ ਅਤੇ ਸਿੱਖ ਸੇਵਾ ਸੰਸਥਾਵਾਂ ਨਾਲ ਵਿਚਾਰ-ਵਟਾਂਦਰੇ ਲਈ ਰੱਖਿਆ ਗਿਆ ਸੀ, ਤਾਂ ਜੋ ਭਾਈਚਾਰੇ ਦੀਆਂ ਲੋੜਾਂ, ਨੌਜਵਾਨਾਂ ਦੇ ਵਿਦਿਅਕ ਅਤੇ ਸਮਾਜਿਕ ਭਵਿੱਖ ਅਤੇ ਸਿੱਖ ਸੰਸਥਾਵਾਂ ਦਰਮਿਆਨ ਸਹਿਯੋਗ ਦੇ ਮੌਕਿਆਂ ਬਾਰੇ ਸਾਂਝੀ ਰਣਨੀਤੀ ਤਿਆਰ ਕੀਤੀ ਜਾ ਸਕੇ।

ਸੰਮੇਲਨ ਦੌਰਾਨ ਕੀਤੇ ਗਏ ਮੁਲਾਂਕਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਗੁਰਦੁਆਰਿਆਂ ਅਤੇ ਸਿੱਖ ਸੇਵਾ ਸੰਸਥਾਵਾਂ ਵਿਚਕਾਰ ਆਪਸੀ ਸਹਿਯੋਗ ਨੂੰ ਪੰਜ ਵਿੱਚੋਂ ਕੇਵਲ 1.7 (34%) ਅੰਕ ਮਿਲੇ ਜਦਕਿ ਗੁਰਦੁਆਰਿਆਂ ਦੀ ਲੰਮੇ ਸਮੇਂ ਦੀ ਦੂਰਅੰਦੇਸ਼ੀ ਨੂੰ ਪੰਜ ਵਿੱਚੋਂ 1.6 (32%) ਅੰਕ ਮਿਲੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਨਤੀਜਿਆਂ ਨੂੰ ਕਿਸੇ ਸੰਸਥਾ ਦੀ ਆਲੋਚਨਾ ਵਜੋਂ ਲੈਣ ਦੀ ਬਜਾਏ ਆਤਮ-ਪੜਚੋਲ ਅਤੇ ਸੁਧਾਰ ਦੇ ਮੌਕੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ਲੰਗਰ, ਕੀਰਤਨ, ਗੁਰਮਤਿ ਅਤੇ ਪੰਜਾਬੀ ਦੀ ਸਿੱਖਿਆ ਤੇ ਲੋੜਵੰਦਾਂ ਦੀ ਸਹਾਇਤਾ ਸਮੇਤ ਅਨੇਕਾਂ ਮਹੱਤਵਪੂਰਨ ਸੇਵਾਵਾਂ ਨਿਭਾ ਰਹੇ ਹਨ, ਪਰ ਇਨ੍ਹਾਂ ਦੇ ਨਾਲ-ਨਾਲ ਅਗਲੀ ਪੀੜ੍ਹੀ ਦੀਆਂ ਵਿਦਿਅਕ, ਬੌਧਿਕ ਅਤੇ ਸਮਾਜਿਕ ਲੋੜਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੈ। ਉੱਚ ਸਿੱਖਿਆ, ਸਿੱਖ ਅਧਿਐਨ ਅਤੇ ਖੋਜ, ਨਵੀਆਂ ਤਕਨਾਲੋਜੀਆਂ, ਮਾਨਸਿਕ ਸਿਹਤ ਅਤੇ ਨੌਜਵਾਨਾਂ ਦਾ ਸਿੱਖੀ ਨਾਲ ਰਿਸ਼ਤਾ ਅਜਿਹੇ ਵਿਸ਼ੇ ਹਨ, ਜਿਨ੍ਹਾਂ ਲਈ ਸਾਂਝੇ ਯਤਨਾਂ ਦੀ ਲੋੜ ਹੈ।

ਗੁਰੂ ਨਾਨਕ ਸਾਹਿਬ ਦੀ ਸੰਵਾਦ ਅਤੇ ਸਰਬ-ਸਾਂਝੀਵਾਲਤਾ ਦੀ ਪਰੰਪਰਾ ਦਾ ਜ਼ਿਕਰ ਕਰਦਿਆਂ ਸ. ਸੰਧੂ ਨੇ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਵੀ ਖੁੱਲ੍ਹੀ ਸੋਚ ਅਪਣਾਉਂਦਿਆਂ ਇੱਕ-ਦੂਜੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ GNI ਇੱਕ ਗੈਰ-ਮੁਨਾਫ਼ਾ, ਚੈਰੀਟੇਬਲ ਅਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਪੋਸਟ-ਸੈਕੰਡਰੀ ਸਿੱਖਿਆ ਅਤੇ ਖੋਜ ਅਦਾਰਾ ਹੈ, ਜੋ ਉੱਤਰੀ ਅਮਰੀਕਾ ਵਿੱਚ ਪਹਿਲੀ ਸਿੱਖ ਯੂਨੀਵਰਸਿਟੀ, ਗੁਰੂ ਨਾਨਕ ਯੂਨੀਵਰਸਿਟੀ ਕੈਨੇਡਾ, ਦੀ ਸਥਾਪਨਾ ਵੱਲ ਅੱਗੇ ਵਧ ਰਿਹਾ ਹੈ। ਉਨ੍ਹਾਂ ਅਨੁਸਾਰ, ਇਸ ਯੂਨੀਵਰਸਿਟੀ ਦਾ ਉਦੇਸ਼ ਕੇਵਲ ਸਿੱਖ ਨੌਜਵਾਨਾਂ ਨੂੰ ਸਿੱਖਿਆ ਦੇਣਾ ਨਹੀਂ, ਸਗੋਂ ਹਰ ਧਰਮ ਅਤੇ ਪਿਛੋਕੜ ਦੇ ਵਿਦਿਆਰਥੀਆਂ ਲਈ ਗਿਆਨ, ਖੋਜ ਅਤੇ ਬੌਧਿਕ ਵਿਕਾਸ ਦੇ ਮੌਕੇ ਪੈਦਾ ਕਰਨਾ ਹੈ, ਤਾਂ ਜੋ ਇਸ ਦਾ ਲਾਭ ਸਮੁੱਚੇ ਸਮਾਜ ਨੂੰ ਮਿਲ ਸਕੇ।

ਪੱਤਰ ਦੇ ਅੰਤ ਵਿੱਚ ਸੰਧੂ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਨੌਜਵਾਨਾਂ ਅਤੇ ਔਰਤਾਂ ਨੂੰ ਬਰਾਬਰ ਦੇ ਭਾਗੀਦਾਰ ਬਣਾਉਣ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਵਿਦਿਅਕ ਅਤੇ ਸਮਾਜਿਕ ਤਰੱਕੀ ਲਈ ਗੁਰਦੁਆਰਿਆਂ, ਵਿਦਿਅਕ ਅਦਾਰਿਆਂ, ਵਿਦਵਾਨਾਂ, ਨੌਜਵਾਨਾਂ ਅਤੇ ਸੇਵਾ ਸੰਸਥਾਵਾਂ ਦਾ ਆਪਸੀ ਸਹਿਯੋਗ ਸਮੇਂ ਦੀ ਅਹਿਮ ਲੋੜ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments