HomeSport17 ਸਾਲਾਂ ਮਗਰੋਂ ਪੰਜਾਬ ਦੀ ਧਰਤੀ ’ਤੇ ਗੂੰਜੇਗਾ ਕੌਮਾਂਤਰੀ ਹਾਕੀ ਦਾ ਜਲਵਾ

17 ਸਾਲਾਂ ਮਗਰੋਂ ਪੰਜਾਬ ਦੀ ਧਰਤੀ ’ਤੇ ਗੂੰਜੇਗਾ ਕੌਮਾਂਤਰੀ ਹਾਕੀ ਦਾ ਜਲਵਾ

27 ਅਕਤੂਬਰ ਤੋਂ ਏਸ਼ਿਆਈ ਚੈਂਪੀਅਨਜ਼ ਟਰਾਫੀ ਦਾ ਆਗਾਜ਼; ਜਲੰਧਰ ਵਿੱਚ ਲੀਗ ਮੁਕਾਬਲੇ ਅਤੇ ਮੁਹਾਲੀ ਵਿੱਚ ਸੈਮੀਫਾਈਨਲ ਤੇ ਖ਼ਿਤਾਬੀ ਭਿੜੰਤਾਂ; ਭਾਰਤ ਸਮੇਤ ਛੇ ਦੇਸ਼ਾਂ ਦੀਆਂ ਟੀਮਾਂ ਲੈਣਗੀਆਂ ਹਿੱਸਾ

ਜਲੰਧਰ/ਮੁਹਾਲੀ: ਪੰਜਾਬ ਵਿੱਚ 17 ਸਾਲਾਂ ਦੇ ਲੰਮੇ ਵਕਫ਼ੇ ਮਗਰੋਂ ਕੌਮਾਂਤਰੀ ਹਾਕੀ ਦੀ ਵਾਪਸੀ ਹੋਣ ਜਾ ਰਹੀ ਹੈ। ਪੁਰਸ਼ਾਂ ਦੀ ਏਸ਼ਿਆਈ ਚੈਂਪੀਅਨਜ਼ ਟਰਾਫੀ 27 ਅਕਤੂਬਰ ਤੋਂ ਸ਼ੁਰੂ ਹੋਵੇਗੀ, ਜਿਸ ਦੇ ਮੁਕਾਬਲੇ ਜਲੰਧਰ ਅਤੇ ਮੁਹਾਲੀ ਦੇ ਹਾਕੀ ਸਟੇਡੀਅਮਾਂ ਵਿੱਚ ਕਰਵਾਏ ਜਾਣਗੇ। ਭਾਰਤ ਦੂਜੀ ਵਾਰ ਇਸ ਵੱਕਾਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਪੰਜਾਬ ਵਿੱਚ ਆਖ਼ਰੀ ਕੌਮਾਂਤਰੀ ਹਾਕੀ ਟੂਰਨਾਮੈਂਟ ਸਾਲ 2009 ਵਿੱਚ ਪੰਜਾਬ ਗੋਲਡ ਕੱਪ ਦੇ ਨਾਂ ਹੇਠ ਕਰਵਾਇਆ ਗਿਆ ਸੀ।

ਇਸ ਵਾਰ ਮੇਜ਼ਬਾਨ ਭਾਰਤ ਤੋਂ ਇਲਾਵਾ ਮਲੇਸ਼ੀਆ, ਦੱਖਣੀ ਕੋਰੀਆ, ਚੀਨ, ਜਪਾਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਖ਼ਿਤਾਬ ਜਿੱਤਣ ਲਈ ਮੈਦਾਨ ਵਿੱਚ ਉਤਰਨਗੀਆਂ। ਮੌਜੂਦਾ ਚੈਂਪੀਅਨ ਭਾਰਤੀ ਟੀਮ ਦਾ ਟੀਚਾ ਆਪਣਾ ਖ਼ਿਤਾਬ ਬਰਕਰਾਰ ਰੱਖਣਾ ਹੋਵੇਗਾ। ਭਾਰਤ ਇਸ ਮੁਕਾਬਲੇ ਦੇ ਇਤਿਹਾਸ ਵਿੱਚ ਸਭ ਤੋਂ ਸਫ਼ਲ ਟੀਮ ਹੈ, ਜਿਸ ਨੇ 2011, 2016, 2018, 2023 ਅਤੇ 2024 ਵਿੱਚ ਖ਼ਿਤਾਬ ਜਿੱਤੇ ਹਨ। ਸਾਲ 2018 ਵਿੱਚ ਭਾਰਤ ਅਤੇ ਪਾਕਿਸਤਾਨ ਸਾਂਝੇ ਜੇਤੂ ਰਹੇ ਸਨ।

ਟੂਰਨਾਮੈਂਟ ਨੂੰ ਦੋ ਗੇੜਾਂ ਵਿੱਚ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ। ਪਹਿਲੇ ਗੇੜ ਵਿੱਚ ਉਦਘਾਟਨੀ ਸਮਾਗਮ ਅਤੇ ਲੀਗ ਮੁਕਾਬਲੇ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਹੋਣਗੇ। ਇਸ ਤੋਂ ਬਾਅਦ ਟੂਰਨਾਮੈਂਟ ਦੇ ਅਹਿਮ ਮੁਕਾਬਲੇ ਮੁਹਾਲੀ ਵੱਲ ਰੁਖ਼ ਕਰਨਗੇ। 4 ਅਤੇ 5 ਨਵੰਬਰ ਨੂੰ ਸੈਮੀਫਾਈਨਲ ਅਤੇ ਤਗ਼ਮਿਆਂ ਦੇ ਫ਼ੈਸਲਾਕੁਨ ਮੈਚ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ।

ਲੀਗ ਗੇੜ ਵਿੱਚ ਸਾਰੀਆਂ ਛੇ ਟੀਮਾਂ ਇੱਕ-ਦੂਜੇ ਵਿਰੁੱਧ ਇੱਕ-ਇੱਕ ਮੈਚ ਖੇਡਣਗੀਆਂ। ਇਸ ਗੇੜ ਦੇ ਅੰਤ ਵਿੱਚ ਅੰਕ ਸੂਚੀ ਦੀਆਂ ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ਵਿੱਚ ਆਪਣੀ ਥਾਂ ਬਣਾਉਣਗੀਆਂ। ਇਸ ਤਰ੍ਹਾਂ ਹਰ ਮੈਚ ਟੀਮਾਂ ਲਈ ਅਹਿਮ ਹੋਵੇਗਾ ਅਤੇ ਖ਼ਿਤਾਬ ਦੀ ਦੌੜ ਵਿੱਚ ਬਣੇ ਰਹਿਣ ਲਈ ਖਿਡਾਰੀਆਂ ਨੂੰ ਸ਼ੁਰੂਆਤ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕਰਨਾ ਪਵੇਗਾ।

ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧਰ ਵਿੱਚ ਬੰਗਲਾਦੇਸ਼ ਵਿਰੁੱਧ ਮੁਕਾਬਲੇ ਨਾਲ ਕਰੇਗੀ। ਘਰੇਲੂ ਮੈਦਾਨ ਉੱਤੇ ਖੇਡਣ ਦਾ ਫ਼ਾਇਦਾ ਭਾਰਤੀ ਖਿਡਾਰੀਆਂ ਲਈ ਅਹਿਮ ਸਾਬਤ ਹੋ ਸਕਦਾ ਹੈ। ਦਰਸ਼ਕਾਂ ਦੀ ਹੌਸਲਾ-ਅਫ਼ਜ਼ਾਈ ਅਤੇ ਆਪਣੇ ਇਲਾਕੇ ਦੇ ਮੈਦਾਨਾਂ ਵਿੱਚ ਖੇਡਣ ਦਾ ਮੌਕਾ ਟੀਮ ਦੇ ਉਤਸ਼ਾਹ ਨੂੰ ਹੋਰ ਵਧਾਏਗਾ।

ਪੰਜਾਬ ਲਈ ਹਾਕੀ ਸਿਰਫ਼ ਇੱਕ ਖੇਡ ਨਹੀਂ, ਸਗੋਂ ਸੂਬੇ ਦੀ ਪਛਾਣ, ਮਾਣ ਅਤੇ ਖੇਡ ਵਿਰਾਸਤ ਦਾ ਅਹਿਮ ਹਿੱਸਾ ਹੈ। ਪੰਜਾਬ ਨੇ ਭਾਰਤੀ ਹਾਕੀ ਨੂੰ ਕਈ ਮਹਾਨ ਖਿਡਾਰੀ ਦਿੱਤੇ ਹਨ, ਜਿਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਦੇਸ਼ ਦਾ ਨਾਂ ਦੁਨੀਆ ਭਰ ਵਿੱਚ ਰੌਸ਼ਨ ਕੀਤਾ। ਊਧਮ ਸਿੰਘ ਅਤੇ ਬਲਬੀਰ ਸਿੰਘ ਸੀਨੀਅਰ ਵਰਗੇ ਦਿੱਗਜ ਖਿਡਾਰੀਆਂ ਤੋਂ ਲੈ ਕੇ ਮੌਜੂਦਾ ਦੌਰ ਦੇ ਮਨਪ੍ਰੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਤੱਕ ਪੰਜਾਬੀ ਖਿਡਾਰੀਆਂ ਨੇ ਭਾਰਤੀ ਹਾਕੀ ਦੀ ਸਫ਼ਲਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ।

ਇਸ ਟੂਰਨਾਮੈਂਟ ਦੀ ਮੇਜ਼ਬਾਨੀ ਨਾਲ ਪੰਜਾਬ ਵਿੱਚ ਹਾਕੀ ਪ੍ਰਤੀ ਉਤਸ਼ਾਹ ਨੂੰ ਨਵੀਂ ਹੁਲਾਰਾ ਮਿਲਣ ਦੀ ਉਮੀਦ ਹੈ। ਜਲੰਧਰ ਅਤੇ ਮੁਹਾਲੀ ਦੇ ਮੈਦਾਨਾਂ ਵਿੱਚ ਏਸ਼ੀਆ ਦੀਆਂ ਪ੍ਰਮੁੱਖ ਟੀਮਾਂ ਦੇ ਮੁਕਾਬਲੇ ਦੇਖਣ ਲਈ ਖੇਡ ਪ੍ਰੇਮੀਆਂ ਨੂੰ ਕੌਮਾਂਤਰੀ ਪੱਧਰ ਦੀ ਹਾਕੀ ਦਾ ਰੋਮਾਂਚ ਮਾਣਨ ਦਾ ਮੌਕਾ ਮਿਲੇਗਾ। ਇਸ ਨਾਲ ਸੂਬੇ ਵਿੱਚ ਹਾਕੀ ਦੇ ਬੁਨਿਆਦੀ ਢਾਂਚੇ, ਖੇਡ ਸੱਭਿਆਚਾਰ ਅਤੇ ਨਵੀਂ ਪੀੜ੍ਹੀ ਦੇ ਖਿਡਾਰੀਆਂ ਨੂੰ ਵੀ ਪ੍ਰੇਰਨਾ ਮਿਲ ਸਕਦੀ ਹੈ।

ਪੰਜਾਬ ਵਿੱਚ ਖੇਡਣਾ ਮੇਰੇ ਲਈ ਬੇਹੱਦ ਖ਼ਾਸ: ਹਰਮਨਪ੍ਰੀਤ ਸਿੰਘ

ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੰਜਾਬ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਆਪਣੇ ਲਈ ਬਹੁਤ ਖ਼ਾਸ ਮੌਕਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਲਈ ਆਪਣੇ ਸੂਬੇ ਵਿੱਚ ਕੌਮਾਂਤਰੀ ਪੱਧਰ ’ਤੇ ਭਾਰਤੀ ਜਰਸੀ ਪਹਿਨ ਕੇ ਖੇਡਣਾ ਮਾਣ ਵਾਲੀ ਗੱਲ ਹੈ। ਆਪਣੇ ਲੋਕਾਂ ਅਤੇ ਘਰ ਦੇ ਮਾਹੌਲ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਦਾ ਅਹਿਸਾਸ ਵੱਖਰਾ ਹੁੰਦਾ ਹੈ।

ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੇ ਪਰਿਵਾਰ ਨੂੰ ਵੀ ਪਹਿਲੀ ਵਾਰ ਸਟੇਡੀਅਮ ਵਿੱਚ ਬੈਠ ਕੇ ਉਨ੍ਹਾਂ ਨੂੰ ਦੇਸ਼ ਲਈ ਖੇਡਦਿਆਂ ਦੇਖਣ ਦਾ ਮੌਕਾ ਮਿਲੇਗਾ। ਖ਼ਾਸ ਤੌਰ ’ਤੇ ਉਨ੍ਹਾਂ ਦੇ ਪਿਤਾ ਪਹਿਲੀ ਵਾਰ ਸਟੇਡੀਅਮ ਵਿੱਚ ਬੈਠ ਕੇ ਆਪਣੇ ਪੁੱਤਰ ਨੂੰ ਭਾਰਤੀ ਟੀਮ ਵੱਲੋਂ ਖੇਡਦਿਆਂ ਦੇਖਣਗੇ। ਇਹ ਪਲ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਭਾਵਨਾਤਮਕ ਹੋਣ ਦੇ ਨਾਲ-ਨਾਲ ਯਾਦਗਾਰੀ ਵੀ ਹੋਵੇਗਾ।

ਪੰਜਾਬ ਵਿੱਚ ਕੌਮਾਂਤਰੀ ਹਾਕੀ ਦੀ ਵਾਪਸੀ ਨਾਲ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਖ਼ਾਸ ਉਤਸ਼ਾਹ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ 27 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇਸ ਮੁਕਾਬਲੇ ਉੱਤੇ ਟਿਕੀਆਂ ਹੋਣਗੀਆਂ, ਜਿੱਥੇ ਭਾਰਤੀ ਟੀਮ ਆਪਣੇ ਖ਼ਿਤਾਬ ਦਾ ਬਚਾਅ ਕਰਨ ਅਤੇ ਘਰੇਲੂ ਦਰਸ਼ਕਾਂ ਸਾਹਮਣੇ ਸ਼ਾਨਦਾਰ ਖੇਡ ਦਿਖਾਉਣ ਲਈ ਮੈਦਾਨ ਵਿੱਚ ਉਤਰੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments