HomeCanadaਅਲਬਰਟਾ ਦੇ ਵੋਟਰਾਂ ਨੇ ਕੈਨੇਡਾ ਨਾਲ ਏਕਤਾ ਦੇ ਹੱਕ ਵਿੱਚ ਦਿੱਤਾ ਫ਼ਤਵਾ;...

ਅਲਬਰਟਾ ਦੇ ਵੋਟਰਾਂ ਨੇ ਕੈਨੇਡਾ ਨਾਲ ਏਕਤਾ ਦੇ ਹੱਕ ਵਿੱਚ ਦਿੱਤਾ ਫ਼ਤਵਾ; ਵੱਖਵਾਦੀ ਲਹਿਰ ਨੂੰ ਵੱਡਾ ਝਟਕਾ

76.6 ਫ਼ੀਸਦੀ ਲੋਕਾਂ ਨੇ ਦੇਸ਼ ਨਾਲ ਜੁੜੇ ਰਹਿਣ ਦੀ ਹਮਾਇਤ ਕੀਤੀ; ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਵੀ ਬਦਲਿਆ ਆਪਣਾ ਰੁਖ਼

ਐਡਮਿੰਟਨ ( ਬੀ ਸੀ ਪੁੰ ਨਿਊਜ਼) ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਭਵਿੱਖ ਨੂੰ ਲੈ ਕੇ ਸੋਮਵਾਰ ਨੂੰ ਕਰਵਾਏ ਗਏ ਲੋਕ ਮੱਤ ਵਿੱਚ ਤਿੰਨ-ਚੌਥਾਈ ਤੋਂ ਵੱਧ ਵੋਟਰਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ। ਇਸ ਤਰ੍ਹਾਂ ਵੱਖਵਾਦੀ ਸੋਚ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਵੱਖ ਹੋਣ ਦੀ ਮੁਹਿੰਮ ਨੂੰ ਠੱਲ੍ਹ ਪੈਣ ਦੇ ਆਸਾਰ ਬਣ ਗਏ ਹਨ। ਜਾਰੀ ਕੀਤੇ ਗਏ ਨਤੀਜਿਆਂ ਅਨੁਸਾਰ, 76.6 ਫ਼ੀਸਦੀ ਵੋਟਰਾਂ ਨੇ ਕੈਨੇਡਾ ਨਾਲ ਜੁੜੇ ਰਹਿਣ ਦੇ ਹੱਕ ਵਿੱਚ ਆਪਣੀ ਰਾਏ ਦਿੱਤੀ।

ਲੋਕ ਮੱਤ ਵਿੱਚ ਕੁੱਲ 10 ਸਵਾਲ ਪੁੱਛੇ ਗਏ ਸਨ, ਪਰ ਹੁਣ ਤੱਕ ਨਤੀਜਾ ਸਭ ਤੋਂ ਅਹਿਮ ਸਵਾਲ ਦੇ ਆਧਾਰ ’ਤੇ ਜਾਰੀ ਕੀਤਾ ਗਿਆ ਹੈ ਕਿ ਅਲਬਰਟਾ ਦੇ ਲੋਕ ਕੈਨੇਡਾ ਨਾਲ ਰਹਿਣਾ ਚਾਹੁੰਦੇ ਹਨ ਜਾਂ ਦੇਸ਼ ਤੋਂ ਵੱਖ ਹੋਣਾ ਚਾਹੁੰਦੇ ਹਨ। ਇਸ ਸਵਾਲ ਦੇ ਜਵਾਬ ਵਿੱਚ ਬਹੁਗਿਣਤੀ ਵੋਟਰਾਂ ਨੇ ਕੈਨੇਡਾ ਦੀ ਏਕਤਾ ਨੂੰ ਤਰਜੀਹ ਦਿੱਤੀ। ਸੰਵਿਧਾਨਕ ਸੋਧਾਂ, ਸੰਘੀ ਸਰਕਾਰ ਦੀ ਦਖ਼ਲਅੰਦਾਜ਼ੀ ਅਤੇ ਟੈਕਸਾਂ ਨਾਲ ਸਬੰਧਤ ਬਾਕੀ ਨੌਂ ਸਵਾਲਾਂ ਦੇ ਜਵਾਬਾਂ ਦੀ ਗਿਣਤੀ ਹਾਲੇ ਕੀਤੀ ਜਾਣੀ ਹੈ। ਇਨ੍ਹਾਂ ਨਤੀਜਿਆਂ ਨੂੰ ਸਾਹਮਣੇ ਆਉਣ ਵਿੱਚ ਦੋ ਦਿਨ ਲੱਗ ਸਕਦੇ ਹਨ।

ਅਲਬਰਟਾ ਵਿੱਚ ਵੱਖਵਾਦ ਦੀ ਸੋਚ ਲਗਭਗ ਦੋ ਸਾਲ ਪਹਿਲਾਂ ਉਸ ਸਮੇਂ ਉੱਭਰੀ ਸੀ, ਜਦੋਂ ਡੋਨਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਨ ਦੀ ਗੱਲ ਕਹੀ ਸੀ। ਕੈਨੇਡਾ ਦੇ ਹੋਰਨਾਂ ਸੂਬਿਆਂ ਵਿੱਚ ਇਸ ਵਿਚਾਰ ਨੂੰ ਕੋਈ ਖ਼ਾਸ ਹੁੰਗਾਰਾ ਨਹੀਂ ਮਿਲਿਆ, ਪਰ ਅਲਬਰਟਾ ਵਿੱਚ ਵੱਖਵਾਦ ਦੀ ਹਮਾਇਤ ਕਰਨ ਵਾਲੇ ਕੁਝ ਆਗੂਆਂ ਨੇ ਇਸ ਮੁੱਦੇ ਨੂੰ ਉਭਾਰਿਆ। ਸੂਬੇ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਵੀ ਆਪਣੀ ਪਾਰਟੀ ਦੇ ਕੁਝ ਆਗੂਆਂ ਦੇ ਵਿਚਾਰਾਂ ਦੀ ਹਮਾਇਤ ਕਰਦਿਆਂ ਸੰਘੀ ਸਰਕਾਰ ’ਤੇ ਅਲਬਰਟਾ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਦੋਸ਼ ਲਾਏ ਸਨ। ਇਸ ਤੋਂ ਬਾਅਦ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਬਾਰੇ ਲੋਕ ਮੱਤ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ।

ਇਸ ਲੋਕ ਮੱਤ ਦੀ ਪ੍ਰਕਿਰਿਆ ਨੂੰ ਸੂਬੇ ਦੀ ਉੱਚ ਅਦਾਲਤ ਵਿੱਚ ਵੀ ਚੁਣੌਤੀ ਦਿੱਤੀ ਗਈ ਸੀ। ਅਦਾਲਤ ਨੇ ਇਸ ਨੂੰ ਰੱਦ ਕਰਦਿਆਂ ਇਤਰਾਜ਼ ਜਤਾਇਆ ਸੀ ਕਿ ਸੂਬੇ ਦੇ ਭਵਿੱਖ ਨਾਲ ਜੁੜੇ ਇਸ ਅਹਿਮ ਮਾਮਲੇ ਵਿੱਚ ਮੂਲਵਾਸੀ ਭਾਈਚਾਰਿਆਂ ਨੂੰ ਭਰੋਸੇ ਵਿੱਚ ਨਹੀਂ ਲਿਆ ਜਾ ਰਿਹਾ। ਇਸ ਦੇ ਬਾਵਜੂਦ ਸੂਬਾ ਸਰਕਾਰ ਵੱਲੋਂ ਲੋਕ ਮੱਤ ਦੀ ਪ੍ਰਕਿਰਿਆ ਜਾਰੀ ਰੱਖੀ ਗਈ।

ਕੁਝ ਮਹੀਨੇ ਪਹਿਲਾਂ ਵੱਖ-ਵੱਖ ਸਰਵੇਖਣ ਏਜੰਸੀਆਂ ਨੇ ਵੀ ਲੋਕਾਂ ਤੋਂ ਕੈਨੇਡਾ ਨਾਲ ਰਹਿਣ ਜਾਂ ਵੱਖ ਹੋਣ ਬਾਰੇ ਰਾਏ ਲਈ ਸੀ। ਉਨ੍ਹਾਂ ਸਰਵੇਖਣਾਂ ਵਿੱਚ ਵੀ ਲਗਭਗ 70 ਫ਼ੀਸਦੀ ਲੋਕਾਂ ਨੇ ਵੱਖਵਾਦ ਦੇ ਵਿਚਾਰ ਨੂੰ ਰੱਦ ਕੀਤਾ ਸੀ। ਲੋਕਾਂ ਦੇ ਰੁਖ਼ ਨੂੰ ਦੇਖਦਿਆਂ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਵੀ ਵੱਖਵਾਦ ਲਈ ਆਪਣੀ ਹਮਾਇਤ ਵਾਪਸ ਲੈ ਲਈ ਅਤੇ ਕੈਨੇਡਾ ਨਾਲ ਏਕਤਾ ਦੇ ਪੱਖ ਵਿੱਚ ਖੜ੍ਹਨ ਦਾ ਫ਼ੈਸਲਾ ਕੀਤਾ। ਪਿਛਲੇ ਹਫ਼ਤੇ ਅਗੇਤੀਆਂ ਵੋਟਾਂ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੇ ਵੀ ਕੈਨੇਡਾ ਨਾਲ ਰਹਿਣ ਦੇ ਹੱਕ ਵਿੱਚ ਵੋਟ ਪਾਈ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਲੋਕ ਮੱਤ ਦੇ ਨਤੀਜਿਆਂ ਨੇ ਅਲਬਰਟਾ ਵਿੱਚ ਵੱਖਵਾਦੀ ਲਹਿਰ ਨੂੰ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਅਨੁਸਾਰ, ਇਸ ਫ਼ਤਵੇ ਨਾਲ ਆਉਣ ਵਾਲੇ ਕਈ ਦਹਾਕਿਆਂ ਤੱਕ ਸੂਬੇ ਦੀ ਆਜ਼ਾਦੀ ਜਾਂ ਵੱਖ ਹੋਣ ਦੀ ਮੰਗ ਲਈ ਕਾਨੂੰਨੀ ਆਧਾਰ ਕਮਜ਼ੋਰ ਪੈ ਸਕਦਾ ਹੈ। ਇਸ ਦੇ ਨਾਲ ਹੀ ਇਹ ਨਤੀਜੇ ਅਲਬਰਟਾ ਦੀ ਸੱਤਾਧਾਰੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਅੰਦਰ ਵੀ ਮਤਭੇਦ ਵਧਾ ਸਕਦੇ ਹਨ, ਕਿਉਂਕਿ ਵੱਖਵਾਦੀ ਮੁਹਿੰਮ ਨੂੰ ਇਸੇ ਪਾਰਟੀ ਦੇ ਕੁਝ ਆਗੂਆਂ ਵੱਲੋਂ ਹਵਾ ਦਿੱਤੀ ਜਾਂਦੀ ਰਹੀ ਹੈ।

ਇਸ ਲੋਕ ਮੱਤ ਤੋਂ ਬਾਅਦ ਇਹ ਚਰਚਾ ਵੀ ਤੇਜ਼ ਹੋ ਗਈ ਹੈ ਕਿ ਸੰਘੀ ਸਰਕਾਰ ਨੂੰ ਅਲਬਰਟਾ ਦੀਆਂ ਮੰਗਾਂ ਅਤੇ ਸ਼ਿਕਾਇਤਾਂ ਵੱਲ ਵਧੇਰੇ ਧਿਆਨ ਦੇਣਾ ਪਵੇਗਾ। ਵੱਖਵਾਦੀ ਸੋਚ ਨੂੰ ਸਮਰਥਨ ਨਾ ਮਿਲਣ ਦੇ ਬਾਵਜੂਦ ਸੂਬੇ ਦੇ ਆਗੂਆਂ ਦਾ ਕਹਿਣਾ ਹੈ ਕਿ ਸੰਘੀ ਸਰਕਾਰ ਨੂੰ ਅਲਬਰਟਾ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਲੋਕ ਮੱਤ ਦੇ ਨਤੀਜਿਆਂ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਹੋਰ ਆਗੂਆਂ ਵੱਲੋਂ ਖ਼ੁਸ਼ੀ ਅਤੇ ਤਸੱਲੀ ਪ੍ਰਗਟਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਕੀ ਨੌਂ ਸਵਾਲਾਂ ਦੇ ਨਤੀਜਿਆਂ ’ਤੇ ਵੀ ਗੌਰ ਕੀਤਾ ਜਾਵੇਗਾ। ਇਨ੍ਹਾਂ ਨਤੀਜਿਆਂ ਤੋਂ ਬਾਅਦ ਅਲਬਰਟਾ ਅਤੇ ਸੰਘੀ ਸਰਕਾਰ ਦੇ ਸਬੰਧਾਂ ਦੇ ਨਾਲ-ਨਾਲ ਸੂਬੇ ਦੀਆਂ ਮੰਗਾਂ ਅਤੇ ਭਵਿੱਖ ਦੀ ਰਾਜਨੀਤੀ ’ਤੇ ਵੀ ਨਜ਼ਰ ਰਹੇਗੀ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments