HomeCanadaਪਲੈਨੇਟ ਗਰੁੱਪ ਰਿਐਲਟੀ ਦੇ ਰਿਐਲਟਰਾਂ ਨਾਲ ਰੂਬਰੂ ਹੋਏ ਕੰਜ਼ਰਵੇਟਿਵ ਪਾਰਟੀ ਦੇ MLA...

ਪਲੈਨੇਟ ਗਰੁੱਪ ਰਿਐਲਟੀ ਦੇ ਰਿਐਲਟਰਾਂ ਨਾਲ ਰੂਬਰੂ ਹੋਏ ਕੰਜ਼ਰਵੇਟਿਵ ਪਾਰਟੀ ਦੇ MLA ਉਮੀਦਵਾਰ ਜੱਸੀ ਸਹੋਤਾ

ਸਿਹਤ ਸਹੂਲਤਾਂ, ਵਧਦੇ ਟੈਕਸਾਂ, ਸੂਜੀ ਵਰਗੇ ਕਾਨੂੰਨਾਂ ਅਤੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਬਾਰੇ ਹੋਈ ਖੁੱਲ੍ਹੀ ਚਰਚਾ 

ਵਿਧਾਨ ਸਭਾ ਵਿੱਚ ਹਲਕੇ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਅਤੇ ਬੁਨਿਆਦੀ ਮੰਗਾਂ ਪੂਰੀਆਂ ਕਰਵਾਉਣ ਲਈ ਹਰ ਸੰਭਵ ਯਤਨ ਕਰਨ ਦਾ ਦਿੱਤਾ ਭਰੋਸਾ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ): ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਦੇ ਮੱਦੇਨਜ਼ਰ ਸਰੀ-ਸਰਪੈਂਟਾਈਨ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਐਮਐਲਏ ਉਮੀਦਵਾਰ, ਪ੍ਰਸਿੱਧ ਕਬੱਡੀ ਖਿਡਾਰੀ ਅਤੇ ਪੁਲਿਸ ਅਧਿਕਾਰੀ ਜੱਸੀ ਸਹੋਤਾ ਨਾਲ ਪਲੈਨੇਟ ਗਰੁੱਪ ਰਿਐਲਟੀ ਦੇ ਦਫ਼ਤਰ ਵਿਖੇ ਰਿਐਲਟਰਾਂ ਵੱਲੋਂ ਇੱਕ ਵਿਸ਼ੇਸ਼ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ, ਸੂਬੇ ਦੇ ਮੌਜੂਦਾ ਹਾਲਾਤ ਅਤੇ ਚੋਣਾਂ ਨਾਲ ਸਬੰਧਤ ਅਹਿਮ ਮੁੱਦਿਆਂ ਉੱਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਹੋਇਆ।

ਸਮਾਗਮ ਦੌਰਾਨ ਹਾਜ਼ਰ ਰਿਐਲਟਰਾਂ ਅਤੇ ਭਾਈਚਾਰੇ ਦੇ ਨੁਮਾਇੰਦਿਆਂ ਨੇ ਜੱਸੀ ਸਹੋਤਾ ਨੂੰ ਸਿਹਤ ਸਹੂਲਤਾਂ ਦੀ ਘਾਟ, ਵਧਦੇ ਟੈਕਸਾਂ, ਮਹਿੰਗਾਈ, ਕਾਰੋਬਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਸਰਕਾਰੀ ਨੀਤੀਆਂ ਨਾਲ ਸਬੰਧਤ ਕਈ ਸਵਾਲ ਪੁੱਛੇ। ਜੱਸੀ ਸਹੋਤਾ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਿਆਂ ਆਪਣੀਆਂ ਚੋਣ ਤਰਜੀਹਾਂ ਅਤੇ ਭਵਿੱਖ ਦੀ ਕਾਰਜਯੋਜਨਾ ਬਾਰੇ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਕਿਹਾ ਕਿ ਜੇਕਰ ਹਲਕੇ ਦੇ ਲੋਕ ਉਨ੍ਹਾਂ ਨੂੰ ਆਪਣਾ ਨੁਮਾਇੰਦਾ ਚੁਣ ਕੇ ਵਿਕਟੋਰੀਆ ਦੀ ਵਿਧਾਨ ਸਭਾ ਵਿੱਚ ਭੇਜਦੇ ਹਨ ਤਾਂ ਉਹ ਲੋਕਾਂ ਦੀਆਂ ਬੁਨਿਆਦੀ ਲੋੜਾਂ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਸਰਕਾਰ ਅੱਗੇ ਜ਼ੋਰਦਾਰ ਢੰਗ ਨਾਲ ਉਠਾਉਣਗੇ।

ਜੱਸੀ ਸਹੋਤਾ ਨੇ ਕਿਹਾ, “ਮੇਰਾ ਮੁੱਖ ਮਕਸਦ ਸਿਰਫ਼ ਚੋਣ ਜਿੱਤਣਾ ਨਹੀਂ, ਸਗੋਂ ਹਲਕੇ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਹੈ। ਜੇਕਰ ਲੋਕ ਮੈਨੂੰ ਸੇਵਾ ਕਰਨ ਦਾ ਮੌਕਾ ਦਿੰਦੇ ਹਨ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿਨ-ਰਾਤ ਇੱਕ ਕਰਕੇ ਕੰਮ ਕਰਾਂਗਾ।”

ਉਨ੍ਹਾਂ ਆਪਣੀਆਂ ਮੁੱਖ ਤਰਜੀਹਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਹਤ ਸਹੂਲਤਾਂ ਵਿੱਚ ਸੁਧਾਰ, ਆਮ ਲੋਕਾਂ ਉੱਤੇ ਟੈਕਸਾਂ ਦਾ ਬੋਝ ਘਟਾਉਣਾ ਅਤੇ ਕਾਰੋਬਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਵਾਉਣਾ ਉਨ੍ਹਾਂ ਦੇ ਏਜੰਡੇ ਵਿੱਚ ਪ੍ਰਮੁੱਖ ਸਥਾਨ ਰੱਖਦਾ ਹੈ।

ਇਸ ਦੌਰਾਨ ਉਨ੍ਹਾਂ ਨੇ ਸੂਬੇ ਵਿੱਚ ਐਨਡੀਪੀ ਸਰਕਾਰ ਦੇ ਪਿਛਲੇ ਕਾਰਜਕਾਲ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਆਮ ਲੋਕ ਮਹਿੰਗਾਈ ਅਤੇ ਵਧਦੇ ਖਰਚਿਆਂ ਕਾਰਨ ਆਰਥਿਕ ਦਬਾਅ ਹੇਠ ਹਨ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਸੂਜੀ (SOGI) ਨਾਲ ਸਬੰਧਤ ਨੀਤੀਆਂ ਉੱਤੇ ਸਵਾਲ ਉਠਾਏ ਅਤੇ ਇਨ੍ਹਾਂ ਵਿੱਚ ਬਦਲਾਅ ਲਈ ਯਤਨ ਕਰਨ ਦੀ ਗੱਲ ਆਖੀ।

ਸਮਾਗਮ ਦੌਰਾਨ ਰਿਐਲਟਰਾਂ ਨੇ ਰੀਅਲ ਅਸਟੇਟ ਖੇਤਰ ਦੀਆਂ ਚੁਣੌਤੀਆਂ ਅਤੇ ਆਮ ਪਰਿਵਾਰਾਂ ਦੀਆਂ ਆਰਥਿਕ ਮੁਸ਼ਕਲਾਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਲਈ ਕੰਮ ਕਰਨਾ ਚਾਹੀਦਾ ਹੈ।

ਇਸ ਮੌਕੇ ਹਾਜ਼ਰ ਰਿਐਲਟਰਾਂ ਨੇ ਜੱਸੀ ਸਹੋਤਾ ਨਾਲ ਹੋਈ ਗੱਲਬਾਤ ‘ਤੇ ਤਸੱਲੀ ਪ੍ਰਗਟਾਉਂਦਿਆਂ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਸਮਰਥਨ ਕਰਨ ਦਾ ਭਰੋਸਾ ਵੀ ਦਿੱਤਾ। ਜਸ ਹੇਅਰ ਤੇ ਮਨਜੀਤ ਹੇਅਰ ਵੱਲੋਂ ਰੱਖੀ ਗਏ ਸਮਾਗਮ ਵਿੱਚ ਅਮਰਜੀਤ ਸਿੰਘ ਮੋਦੀ ਸੀ ਪੀ ਏ, ਗੁਰਵਿੰਦਰ ਢੱਡਾ ਸੀ ਪੀ ਏ, ਹਰਮੇਸ਼ ਸਿੰਘ ਇਲੈਕਟ੍ਰਿਕਨ, ਮਲਕੀਅਤ ਜੌਹਲ ਚਾਰਲੀ ਮੋਂਗਾ, ਸੁਖਵਿੰਦਰ ਸੇਠੀ, ਪਵਨਜੋਤ ਕੌਰ, ਡਾਕਟਰ ਸਿਮਰ ਕੌਰ, ਤੇਜਿੰਦਰ ਜੌਹਲ, ਮਧੂ ਸੁਧਨ, ਰਾਕੇਸ਼ ਦੱਤਾ, ਮੋਹਿਤ ਸੇਠੀ ਨੇ ਵੀ ਆਪਣੀ ਸ਼ਮੂਲੀਅਤ ਕੀਤੀ| ਅੰਤ ਵਿੱਚ ਜੱਸੀ ਸਹੋਤਾ ਨੇ ਪਲੈਨੇਟ ਗਰੁੱਪ ਰਿਐਲਟੀ ਦੇ ਪ੍ਰਬੰਧਕਾਂ, ਰਿਐਲਟਰਾਂ ਅਤੇ ਸਮਾਗਮ ਵਿੱਚ ਸ਼ਾਮਲ ਸਮੂਹ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਾ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments