HomePunjab Newsਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ ਲਈ 31 ਅਕਤੂਬਰ ਨੂੰ ਮੰਤਰੀਆਂ ਤੇ ਵਿਧਾਇਕਾਂ...

ਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ ਲਈ 31 ਅਕਤੂਬਰ ਨੂੰ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ 24 ਘੰਟੇ ਦੇ ਧਰਨੇ

ਸੰਘਰਸ਼ਸ਼ੀਲ ਜਥੇਬੰਦੀਆਂ ਦੀ 30 ਅਕਤੂਬਰ ਨੂੰ ਹੋਵੇਗੀ ਹੰਗਾਮੀ ਮੀਟਿੰਗ; ਗ੍ਰਿਫ਼ਤਾਰ ਆਗੂਆਂ ਦੀ ਰਿਹਾਈ ਤੱਕ ਸਰਕਾਰ ਨਾਲ ਗੱਲਬਾਤ ਨਾ ਕਰਨ ਦਾ ਐਕਸ਼ਨ ਕਮੇਟੀ ਦਾ ਐਲਾਨ

ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਅਤੇ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਵਿਰੁੱਧ ਅੰਦੋਲਨ ਨੂੰ ਨਵਾਂ ਰੂਪ ਦੇਣ ਦਾ ਫ਼ੈਸਲਾ ਕੀਤਾ ਹੈ। ਕਮੇਟੀ ਵੱਲੋਂ 31 ਅਕਤੂਬਰ ਨੂੰ ਸੂਬੇ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ 24 ਘੰਟੇ ਦੇ ਰੋਸ ਧਰਨੇ ਦਿੱਤੇ ਜਾਣਗੇ। ਇਨ੍ਹਾਂ ਧਰਨਿਆਂ ਦਾ ਮਕਸਦ ਸੰਘਰਸ਼ ਨਾਲ ਜੁੜੀਆਂ ਮੰਗਾਂ ਮਨਵਾਉਣਾ ਅਤੇ ਗ੍ਰਿਫ਼ਤਾਰ ਕੀਤੇ ਗਏ ਸਾਥੀਆਂ ਦੀ ਰਿਹਾਈ ਯਕੀਨੀ ਬਣਾਉਣਾ ਹੈ।

ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਸਖ਼ਤੀ ਦੇ ਬਾਵਜੂਦ ਪੰਜਾਬ ਦੇ ਲੋਕ ਨਸ਼ਿਆਂ ਵਿਰੁੱਧ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਨੂੰ ਫ਼ੈਸਲਾਕੁੰਨ ਪੜਾਅ ਤੱਕ ਲਿਜਾਇਆ ਜਾਵੇਗਾ। ਇਸੇ ਉਦੇਸ਼ ਨਾਲ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਲਗਾਤਾਰ 24 ਘੰਟੇ ਦੇ ਧਰਨੇ ਦੇਣ ਦੀ ਯੋਜਨਾ ਬਣਾਈ ਗਈ ਹੈ।

ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਅਤੇ ਅਗਲੇ ਪ੍ਰੋਗਰਾਮਾਂ ਦੀ ਤਿਆਰੀ ਲਈ 30 ਅਕਤੂਬਰ ਨੂੰ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਅਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਹੰਗਾਮੀ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਸਾਂਝੇ ਸੰਘਰਸ਼ ਨੂੰ ਅੱਗੇ ਵਧਾਉਣ, 31 ਅਕਤੂਬਰ ਦੇ ਧਰਨਿਆਂ ਦੀਆਂ ਤਿਆਰੀਆਂ ਕਰਨ ਅਤੇ ਵੱਖ-ਵੱਖ ਜਥੇਬੰਦੀਆਂ ਵਿਚਾਲੇ ਤਾਲਮੇਲ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅੰਦੋਲਨ ਦੇ ਅਗਲੇ ਪੜਾਅ ਦੀ ਰੂਪ-ਰੇਖਾ ਵੀ ਤਿਆਰ ਕੀਤੀ ਜਾਵੇਗੀ।

ਐਕਸ਼ਨ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਕਮੇਟੀ ਅਤੇ ਹੋਰ ਜਥੇਬੰਦੀਆਂ ਦੇ ਗ੍ਰਿਫ਼ਤਾਰ ਆਗੂਆਂ ਤੇ ਕਾਰਕੁਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਆਗੂਆਂ ਨੇ ਸਾਥੀਆਂ ਦੀ ਰਿਹਾਈ ਨੂੰ ਗੱਲਬਾਤ ਸ਼ੁਰੂ ਕਰਨ ਲਈ ਮੁੱਢਲੀ ਸ਼ਰਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਸਰਕਾਰ ’ਤੇ ਦਬਾਅ ਬਣਾਉਣ ਲਈ ਅਗਲੇ ਪ੍ਰੋਗਰਾਮ ਵੀ ਉਲੀਕੇ ਜਾਣਗੇ।

ਇਸ ਮੌਕੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫ਼ੌਜੀ ਅਤੇ ਪਤਨੀ ਮਨਪ੍ਰੀਤ ਕੌਰ ਤੋਂ ਇਲਾਵਾ ਐਕਸ਼ਨ ਕਮੇਟੀ ਦੇ ਆਗੂ ਬੋਘ ਸਿੰਘ ਮਾਨਸਾ, ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਕ੍ਰਿਸ਼ਨ ਚੌਹਾਨ, ਗੁਰਜੰਟ ਸਿੰਘ, ਸੁਖਵਿੰਦਰ ਸਿੰਘ ਔਲਖ, ਗਗਨਦੀਪ ਸਿਰਸੀਵਾਲਾ, ਅਮਨ ਪਟਵਾਰੀ, ਭਾਨਾ ਸਿੱਧੂ, ਰੂਬੀ ਮਾਨਸਾ, ਜਸਵੀਰ ਕੌਰ ਨੱਤ, ਭਗਵੰਤ ਸਮਾਓਂ, ਨਿਰਮਲ ਸਿੰਘ ਝੰਡੂਕੇ, ਮਹਿੰਦਰ ਸਿੰਘ ਭੈਣੀ, ਮਾਨਿਕ ਗੋਇਲ, ਸੁਰਜੀਤ ਸਿੰਘ ਫੂਲ, ਚਮਕੌਰ ਸਿੰਘ ਮੂਸਾ, ਧੰਨਾ ਮੱਲ ਗੋਇਲ, ਲਖਵਿੰਦਰ ਸਿੰਘ ਮੂਸਾ, ਸੁਰੇਸ਼ ਨੰਦਗੜ੍ਹੀਆ, ਮਨਦੀਪ ਸਿੰਘ ਗੋਰਾ, ਗੁਰਪ੍ਰੀਤ ਸਿੰਘ ਝੱਬਰ, ਗੁਰਮੁਖ ਸਿੰਘ, ਮੰਗਾ ਸਿੰਘ, ਸਿਕੰਦਰ ਸਿੰਘ ਖ਼ਾਲਸਾ, ਭਜਨ ਘੁੰਮਣ ਅਤੇ ਤਰਸੇਮ ਸਿੰਘ ਗੋਬਿੰਦਪੁਰਾ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments