ਮੁੰਬਈ: ਫ਼ਿਲਮ ਨਿਰਦੇਸ਼ਕ ਇਮਤਿਆਜ਼ ਅਲੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਨਵੀਂ ਫ਼ਿਲਮ ‘ਮੈਂ ਵਾਪਸ ਆਊਂਗਾ’ ਦੇ ਰਿਲੀਜ਼ ਹੋਣ ਤੋਂ ਬਾਅਦ ਜਦੋਂ ਸੀਨੀਅਰ ਅਦਾਕਾਰ ਨਸੀਰੂਦੀਨ ਸ਼ਾਹ ਨੇ ਉਨ੍ਹਾਂ ਨੂੰ “Thank You” ਦਾ ਸੰਦੇਸ਼ ਭੇਜਿਆ ਤਾਂ ਉਹ ਹੈਰਾਨ ਰਹਿ ਗਏ।
ਇੱਕ ਇੰਟਰਵਿਊ ਦੌਰਾਨ ਇਮਤਿਆਜ਼ ਅਲੀ ਨੇ ਦੱਸਿਆ ਕਿ ਫ਼ਿਲਮ ਨੂੰ ਮਿਲ ਰਹੇ ਪਿਆਰ ਅਤੇ ਹੁੰਗਾਰੇ ਬਾਰੇ ਨਸੀਰੂਦੀਨ ਸ਼ਾਹ ਲਗਾਤਾਰ ਉਨ੍ਹਾਂ ਨਾਲ ਸੰਪਰਕ ਵਿੱਚ ਹਨ। ਜਦੋਂ ਉਨ੍ਹਾਂ ਨੇ ਸ਼ਾਹ ਨੂੰ ਦੱਸਿਆ ਕਿ ਦਰਸ਼ਕ ਉਨ੍ਹਾਂ ਦੇ ਕਿਰਦਾਰ ਦੀ ਖੂਬ ਤਾਰੀਫ਼ ਕਰ ਰਹੇ ਹਨ, ਤਾਂ ਸੀਨੀਅਰ ਅਦਾਕਾਰ ਨੇ ਪਿਆਰ ਨਾਲ ਉਨ੍ਹਾਂ ਦਾ ਧੰਨਵਾਦ ਕੀਤਾ।
ਇਮਤਿਆਜ਼ ਅਲੀ ਨੇ ਕਿਹਾ, “ਨਸੀਰੂਦੀਨ ਸ਼ਾਹ ਵਰਗਾ ਮਹਾਨ ਅਦਾਕਾਰ ਜਦੋਂ ਤੁਹਾਨੂੰ ਰੋਲ ਦੇਣ ਲਈ ‘ਥੈਂਕ ਯੂ’ ਕਹੇ ਤਾਂ ਇਹ ਮੇਰੇ ਲਈ ਅਵਿਸ਼ਵਾਸ਼ਯੋਗ ਪਲ ਸੀ। ਮੈਂ ਤਾਂ ਲਗਭਗ ਆਪਣੀ ਕੁਰਸੀ ਤੋਂ ਹੀ ਡਿੱਗ ਪਿਆ ਸੀ।”
ਫ਼ਿਲਮ ਵਿੱਚ ਨਸੀਰੂਦੀਨ ਸ਼ਾਹ ਨੇ 95 ਸਾਲਾ ਡਿਮੈਂਸ਼ੀਆ ਪੀੜਤ ਬਜ਼ੁਰਗ ਦੀ ਭੂਮਿਕਾ ਨਿਭਾਈ ਹੈ, ਜੋ ਭਾਰਤ ਦੀ ਵੰਡ ਤੋਂ ਪਹਿਲਾਂ ਦੇ ਆਪਣੇ ਪਿਆਰ ਅਤੇ ਅਤੀਤ ਦੀਆਂ ਯਾਦਾਂ ਵਿੱਚ ਜੀਉਂਦਾ ਰਹਿੰਦਾ ਹੈ। ਉਨ੍ਹਾਂ ਦੀ ਸੰਵੇਦਨਸ਼ੀਲ ਅਦਾਕਾਰੀ ਨੂੰ ਦਰਸ਼ਕਾਂ ਅਤੇ ਸਮੀਖਿਅਕਾਂ ਵੱਲੋਂ ਭਰਪੂਰ ਸਰਾਹਨਾ ਮਿਲ ਰਹੀ ਹੈ।
ਫ਼ਿਲਮ ਵਿੱਚ ਵੇਦਾਂਗ ਰੈਨਾ ਨੇ ਨਸੀਰੂਦੀਨ ਸ਼ਾਹ ਦੇ ਕਿਰਦਾਰ ਦਾ ਨੌਜਵਾਨ ਰੂਪ ਨਿਭਾਇਆ ਹੈ। ਇਮਤਿਆਜ਼ ਅਲੀ ਨੇ ਦੱਸਿਆ ਕਿ ਵੇਦਾਂਗ, ਜੋ ਪਹਿਲਾਂ ਤੋਂ ਹੀ ‘ਰੌਕਸਟਾਰ’ ਦੇ ਵੱਡੇ ਪ੍ਰਸ਼ੰਸਕ ਰਹੇ ਹਨ, ਨੇ ਫ਼ਿਲਮ ਕਈ ਵਾਰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਮੈਸੇਜ ਕਰਕੇ ਲਿਖਿਆ ਕਿ ‘ਮੈਂ ਵਾਪਸ ਆਊਂਗਾ’ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵਧੀਆ ਫ਼ਿਲਮ ਹੈ।
ਇਮਤਿਆਜ਼ ਅਲੀ ਨੇ ਕਿਹਾ ਕਿ ਵੇਦਾਂਗ ਵੱਲੋਂ ਇਹ ਗੱਲ ਸੁਣਨਾ ਉਨ੍ਹਾਂ ਲਈ ਖ਼ਾਸ ਸੀ, ਕਿਉਂਕਿ ਉਹ ਹਮੇਸ਼ਾ ‘ਰੌਕਸਟਾਰ’ ਨੂੰ ਆਪਣੀ ਮਨਪਸੰਦ ਫ਼ਿਲਮ ਮੰਨਦੇ ਰਹੇ ਹਨ।
ਉੱਧਰ ਅਦਾਕਾਰਾ ਸ਼ਰਵਰੀ ਨੇ ਵੀ ਫ਼ਿਲਮ ਦਾ ਰਫ਼ ਕੱਟ ਦੇਖਣ ਤੋਂ ਬਾਅਦ ਇਮਤਿਆਜ਼ ਅਲੀ ਨਾਲ ਗੱਲਬਾਤ ਕੀਤੀ ਅਤੇ ਖ਼ਾਸ ਤੌਰ ‘ਤੇ ਦਿਲਜੀਤ ਦੋਸਾਂਝ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ। ਸ਼ਰਵਰੀ ਨੇ ਕਿਹਾ ਕਿ ਦਿਲਜੀਤ ਦਾ ਪਰਦੇ ‘ਤੇ ਸੁਭਾਵਿਕ ਅਤੇ ਪ੍ਰਭਾਵਸ਼ਾਲੀ ਅਭਿਨੈ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕਰ ਗਿਆ।
ਬਿਰਲਾ ਸਟੂਡੀਓਜ਼, ਅਪਲੌਜ਼ ਐਂਟਰਟੇਨਮੈਂਟ ਅਤੇ ਵਿੰਡੋ ਸੀਟ ਫ਼ਿਲਮਜ਼ ਦੇ ਸਹਿਯੋਗ ਨਾਲ ਬਣੀ ‘ਮੈਂ ਵਾਪਸ ਆਊਂਗਾ’ ਇਸ ਸਮੇਂ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਹੋ ਰਹੀ ਹੈ।




