HomeCanadaਸੇਫ ਸਰੀ ਕੋਆਲੀਸ਼ਨ ਦੀ ਉਮੀਦਵਾਰ ਟੀਮ ਦਾ ਐਲਾਨ • ਸਿਟੀ ਹਾਲ ਵਿੱਚ...

ਸੇਫ ਸਰੀ ਕੋਆਲੀਸ਼ਨ ਦੀ ਉਮੀਦਵਾਰ ਟੀਮ ਦਾ ਐਲਾਨ • ਸਿਟੀ ਹਾਲ ਵਿੱਚ ਪਾਰਦਰਸ਼ਤਾ, 60 ਦਿਨਾਂ ਵਿੱਚ ਬਿਲਡਿੰਗ ਪਰਮਿਟ, ਨਵੇਂ ਕਾਰੋਬਾਰਾਂ ਲਈ ਦੋ ਸਾਲ ਲਾਇਸੈਂਸ ਫੀਸ ਮੁਆਫ਼ ਕਰਨ ਦਾ ਐਲਾਨ

ਡੱਗ ਮੈਕਕੈਲਮ ਨੇ ਚੋਣੀ ਮੈਦਾਨ ‘ਚ ਖੇਡਿਆ ਵੱਡਾ ਦਾਅ; ਫੋਰੈਂਸਿਕ ਆਡਿਟ, ਚਾਰ ਸਾਲ ਟੈਕਸ ਨਾ ਵਧਾਉਣ ਸਮੇਤ ਕਈ ਵੱਡੇ ਵਾਅਦੇ

ਸਰੀ, 22 ਜੁਲਾਈ (ਮਹੇਸ਼ਇੰਦਰ ਸਿੰਘ ਮਾਂਗਟ) ਸਰੀ ਦੇ ਮੇਅਰ ਅਹੁਦੇ ਦੇ ਉਮੀਦਵਾਰ ਡੱਗ ਮੈਕਕੈਲਮ ਨੇ ਆਗਾਮੀ 17 ਅਕਤੂਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਪਣੀ ਚੋਣ ਮੁਹਿੰਮ ਨੂੰ ਨਵਾਂ ਰੁਖ ਦਿੰਦਿਆਂ ਸੇਫ਼ ਸਰੀ ਕੋਆਲੀਸ਼ਨ (Safe Surrey Coalition) ਦੀ ਉਮੀਦਵਾਰ ਟੀਮ ਦਾ ਐਲਾਨ ਕੀਤਾ ਅਤੇ ਲੋਕਾਂ ਨਾਲ ਕਈ ਮਹੱਤਵਪੂਰਨ ਚੋਣੀ ਵਾਅਦੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਵੋਟਰ ਉਨ੍ਹਾਂ ਦੀ ਟੀਮ ਨੂੰ ਮੌਕਾ ਦਿੰਦੇ ਹਨ ਤਾਂ ਸਰੀ ਸਿਟੀ ਹਾਲ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕ-ਪੱਖੀ ਪ੍ਰਸ਼ਾਸਨ ਨੂੰ ਪਹਿਲ ਦਿੱਤੀ ਜਾਵੇਗੀ।

ਦੱਖਣੀ ਸਰੀ ਦੇ 99 ਸਾਊਥ ਵਾਈਨਯਾਰਡਜ਼ ਵਿਖੇ ਕਰਵਾਏ ਸਮਾਗਮ ਦੌਰਾਨ ਮੈਕਕੈਲਮ ਨੇ ਆਪਣੀ ਟੀਮ ਦੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ। ਟੀਮ ਵਿੱਚ ਸਾਬਕਾ ਕੌਂਸਲਰ ਲੌਰੀ ਗੁਏਰਾ, ਸਾਬਕਾ ਕੌਂਸਲਰ ਅਤੇ ਨੈਚਰੋਪੈਥਿਕ ਡਾਕਟਰ ਐਲੀਸਨ ਪੈਟਨ, ਸੁਹਾਨਾ ਗਿੱਲ, ਮੀਰਾ ਗਿੱਲ, ਸਾਬਕਾ ਸੰਪਾਦਕ ਬਿਊ ਸਿੰਪਸਨ, ਮੌਜੂਦਾ ਕੌਂਸਲਰ ਮਨਦੀਪ ਨਾਗਰਾ ਅਤੇ ਡੱਗ ਐਲਫੋਰਡ ਨੂੰ ਸ਼ਾਮਲ ਕੀਤਾ ਗਿਆ ਹੈ।

ਆਪਣੇ ਸੰਬੋਧਨ ਦੌਰਾਨ ਮੈਕਕੈਲਮ ਨੇ ਕਿਹਾ ਕਿ ਸੱਤਾ ਵਿੱਚ ਆਉਣ ‘ਤੇ ਸਿਟੀ ਹਾਲ ਦੇ ਵਿੱਤੀ ਰਿਕਾਰਡਾਂ ਦੀ ਫੋਰੈਂਸਿਕ ਆਡਿਟ ਕਰਵਾਈ ਜਾਵੇਗੀ, ਤਾਂ ਜੋ ਟੈਕਸਦਾਤਾਵਾਂ ਦੇ ਪੈਸੇ ਦੀ ਵਰਤੋਂ ਦੀ ਪੂਰੀ ਜਾਂਚ ਹੋ ਸਕੇ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਪ੍ਰਸ਼ਾਸਨ ਦੌਰਾਨ ਕਈ ਜ਼ਮੀਨੀ ਸੌਦਿਆਂ ਅਤੇ ਵਿੱਤੀ ਫ਼ੈਸਲਿਆਂ ਵਿੱਚ ਪੂਰੀ ਪਾਰਦਰਸ਼ਤਾ ਨਹੀਂ ਰੱਖੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਟੈਕਸ ਦੇ ਹਰ ਡਾਲਰ ਦਾ ਹਿਸਾਬ ਮਿਲਣਾ ਚਾਹੀਦਾ ਹੈ ਅਤੇ ਸਾਰੇ ਰਿਕਾਰਡ ਜਨਤਕ ਕੀਤੇ ਜਾਣਗੇ।

ਚੋਣੀ ਵਾਅਦਿਆਂ ਦੀ ਲੜੀ ਜਾਰੀ ਰੱਖਦਿਆਂ ਮੈਕਕੈਲਮ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਣਨ ‘ਤੇ ਚਾਰ ਸਾਲ ਤੱਕ ਪ੍ਰਾਪਰਟੀ ਟੈਕਸ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਾਰੇ ਬਿਲਡਿੰਗ ਪਰਮਿਟ 60 ਦਿਨਾਂ ਅੰਦਰ ਜਾਰੀ ਕਰਨ ਦੀ ਗਾਰੰਟੀ ਦਿੱਤੀ ਜਾਵੇਗੀ ਅਤੇ ਜੇਕਰ ਇਹ ਸਮਾਂ ਸੀਮਾ ਪੂਰੀ ਨਾ ਹੋਈ ਤਾਂ ਸੰਬੰਧਿਤ ਪਰਮਿਟ ਫੀਸ ਮੁਆਫ਼ ਕਰ ਦਿੱਤੀ ਜਾਵੇਗੀ।

ਉਨ੍ਹਾਂ ਛੋਟੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਕਾਰੋਬਾਰਾਂ ਤੋਂ ਪਹਿਲੇ ਦੋ ਸਾਲਾਂ ਲਈ ਕਾਰੋਬਾਰੀ ਲਾਇਸੈਂਸ ਫੀਸ ਨਾ ਲੈਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਛੋਟੇ ਕਾਰੋਬਾਰ ਸਥਾਨਕ ਅਰਥਵਿਵਸਥਾ ਦੀ ਮਜ਼ਬੂਤ ਨੀਂਹ ਹਨ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ।

ਖੇਤੀਬਾੜੀ ਖੇਤਰ ਲਈ ਮੈਕਕੈਲਮ ਨੇ “ਫਾਰਮ ਲੋਕਲ” ਯੋਜਨਾ ਲਾਗੂ ਕਰਨ ਦੀ ਗੱਲ ਕਹੀ। ਉਨ੍ਹਾਂ ਮੁਤਾਬਕ ਇਸ ਨਾਲ ਕਿਸਾਨ ਆਪਣੀ ਉਪਜ ਸਿੱਧੀ ਖਪਤਕਾਰਾਂ ਤੱਕ ਪਹੁੰਚਾ ਸਕਣਗੇ, ਜਿਸ ਨਾਲ ਵਿਚੋਲਿਆਂ ਦੀ ਭੂਮਿਕਾ ਘਟੇਗੀ ਅਤੇ ਖੁਰਾਕ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਵਿੱਚ ਮਦਦ ਮਿਲੇਗੀ।

ਉਨ੍ਹਾਂ ਕਲੇਟਨ ਹਾਈਟਸ ਅਤੇ ਸਿਟੀ ਸੈਂਟਰ ਵਿੱਚ ਨਵੇਂ ਸਵੀਮਿੰਗ ਪੂਲ, ਨਿਊਟਨ ਵਿੱਚ ਆਧੁਨਿਕ ਕਮਿਊਨਿਟੀ ਸੈਂਟਰ ਅਤੇ ਪੂਲ, ਕ੍ਰਿਸੈਂਟ ਬੀਚ ਅਤੇ ਓਸ਼ਨ ਪਾਰਕ ਦੇ ਵਿਰਾਸਤੀ ਖੇਤਰਾਂ ਦੀ ਸੁਰੱਖਿਆ ਅਤੇ ਸਿਟੀ ਕੌਂਸਲ ਦੀਆਂ ਇਨ-ਕੈਮਰਾ ਮੀਟਿੰਗਾਂ ਖਤਮ ਕਰਨ ਵਰਗੇ ਵਾਅਦੇ ਵੀ ਕੀਤੇ।

ਮੈਕਕੈਲਮ ਨੇ ਕਿਹਾ ਕਿ ਸਰੀ ਤੇਜ਼ੀ ਨਾਲ ਬ੍ਰਿਟਿਸ਼ ਕੋਲੰਬੀਆ ਦੇ ਸਭ ਤੋਂ ਵੱਡੇ ਸ਼ਹਿਰ ਵਜੋਂ ਉਭਰ ਰਿਹਾ ਹੈ, ਇਸ ਲਈ ਸ਼ਹਿਰ ਨੂੰ ਆਪਣੇ ਵਿੱਤੀ ਸਰੋਤਾਂ ਅਤੇ ਸੇਵਾਵਾਂ ‘ਤੇ ਵਧੇਰੇ ਅਧਿਕਾਰ ਮਿਲਣੇ ਚਾਹੀਦੇ ਹਨ। ਇਸ ਮਕਸਦ ਲਈ ਉਨ੍ਹਾਂ ਨੇ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਨਾਲ ਸਬੰਧਾਂ ਦੀ ਮੁੜ ਸਮੀਖਿਆ ਕਰਨ ਦੀ ਲੋੜ ਵੀ ਜਤਾਈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਮੁੱਖ ਉਦੇਸ਼ ਸਰੀ ਦੇ ਵਸਨੀਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ, ਕਿਫਾਇਤੀ ਜੀਵਨ-ਯਾਪਨ, ਮਜ਼ਬੂਤ ਸਥਾਨਕ ਅਰਥਵਿਵਸਥਾ ਅਤੇ ਪ੍ਰਭਾਵਸ਼ਾਲੀ ਨਗਰ ਸੇਵਾਵਾਂ ਪ੍ਰਦਾਨ ਕਰਨਾ ਹੈ।

ਜ਼ਿਕਰਯੋਗ ਹੈ ਕਿ ਸਰੀ ਦੇ ਮੇਅਰ ਅਹੁਦੇ ਲਈ ਇਸ ਵਾਰ ਡੱਗ ਮੈਕਕੈਲਮ ਤੋਂ ਇਲਾਵਾ ਮੌਜੂਦਾ ਮੇਅਰ ਬਰੈਂਡਾ ਲੌਕ (Surrey Connect), ਟਰੌਏ ਵੈਨ ਵਲੀਟ (Surrey NOW), ਹੋਨਵੀਰ ਸਿੰਘ ਰੰਧਾਵਾ (Conservative Party of Surrey) ਅਤੇ ਕੌਂਸਲਰ ਲਿੰਡਾ ਐਨਿਸ (Surrey First) ਵੀ ਚੋਣ ਮੈਦਾਨ ਵਿੱਚ ਹਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments