HomeCanadaਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸਰੀ 'ਚ ਵਿਸ਼ਾਲ ਨਗਰ ਕੀਰਤਨ ਸਜਿਆ

ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸਰੀ ‘ਚ ਵਿਸ਼ਾਲ ਨਗਰ ਕੀਰਤਨ ਸਜਿਆ

ਹਜ਼ਾਰਾਂ ਸੰਗਤਾਂ ਦੀ ਸ਼ਰਧਾਪੂਰਵਕ ਸ਼ਮੂਲੀਅਤ

ਸਰੀ, (ਮਹੇਸ਼ਇੰਦਰ ਸਿੰਘ ਮਾਂਗਟ): ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਸਰੀ-ਡੈਲਟਾ ਦੇ ਸਕਾਟ ਰੋਡ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ ਪੂਰੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਸਜਾਇਆ ਗਿਆ। ਇਸ ਮਹਾਨ ਧਾਰਮਿਕ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਗੁਰੂ ਸਾਹਿਬ ਪ੍ਰਤੀ ਆਪਣੀ ਅਟੁੱਟ ਸ਼ਰਧਾ ਦਾ ਪ੍ਰਗਟਾਵਾ ਕੀਤਾ। ਖਰਾਬ ਮੌਸਮ ਕਾਰਨ ਨਗਰ ਕੀਰਤਨ ਨਿਰਧਾਰਤ ਸਮੇਂ ਨਾਲੋਂ ਕੁਝ ਦੇਰ ਬਾਅਦ ਆਰੰਭ ਹੋਇਆ। ਸਭ ਤੋਂ ਪਹਿਲਾਂ ਅਰਦਾਸੀਏ ਸਿੰਘ ਵੱਲੋਂ ਅਰਦਾਸ ਕੀਤੀ ਗਈ, ਜਿਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ-ਛਾਇਆ ਹੇਠ ਨਗਰ ਕੀਰਤਨ ਤਕਰੀਬਨ ਸਵੇਰੇ 11 ਵਜੇ ਗੁਰੂ ਘਰ ਤੋਂ ਰਵਾਨਾ ਹੋਇਆ। ਨਗਰ ਕੀਰਤਨ ਨਿਰਧਾਰਤ ਰੂਟਾਂ ਤੋਂ ਹੁੰਦਾ ਹੋਇਆ ਸ਼ਾਮ ਵੇਲੇ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।

ਨਗਰ ਕੀਰਤਨ ਦੌਰਾਨ ਕੇਸਰੀ ਅਤੇ ਨੀਲੀਆਂ ਦਸਤਾਰਾਂ ਤੇ ਦੁਪੱਟਿਆਂ ਨਾਲ ਸਜੀਆਂ ਸੰਗਤਾਂ ਨੇ ਸਮੁੱਚੇ ਮਾਹੌਲ ਨੂੰ ਖਾਲਸਾਈ ਰੰਗ ਵਿੱਚ ਰੰਗ ਦਿੱਤਾ। ਰਸਤੇ ਭਰ ਸੰਗਤਾਂ ਵੱਲੋਂ ਗੁਰਬਾਣੀ ਦਾ ਜਾਪ ਕਰਦਿਆਂ ਅਤੇ ਸਤਿਨਾਮ-ਵਾਹਿਗੁਰੂ ਦਾ ਸਿਮਰਨ ਕਰਦਿਆਂ ਸ਼ਰਧਾ ਦਾ ਅਦਭੁੱਤ ਨਜ਼ਾਰਾ ਪੇਸ਼ ਕੀਤਾ ਗਿਆ।

ਵੱਖ-ਵੱਖ ਕਾਰੋਬਾਰੀ ਅਦਾਰਿਆਂ, ਸਮਾਜਿਕ ਸੰਸਥਾਵਾਂ ਅਤੇ ਸਥਾਨਕ ਸਿੱਖ ਸੰਗਤਾਂ ਵੱਲੋਂ ਰਸਤੇ ਵਿੱਚ ਕਈ ਥਾਵਾਂ ‘ਤੇ ਚਾਹ-ਪਾਣੀ, ਠੰਢੇ ਪੇਅ ਅਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ, ਜਿਨ੍ਹਾਂ ਦੀ ਸੰਗਤਾਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਗਈ। ਗੁਰਦੁਆਰਾ ਸਾਹਿਬ ਦੀ ਖੁੱਲ੍ਹੀ ਗਰਾਊਂਡ ਵਿੱਚ ਲਗਾਏ ਗਏ ਟੈਂਟਾਂ ਵਿੱਚ ਵੀ ਸੰਗਤਾਂ ਲਈ ਵਿਸ਼ਾਲ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਦਿਨ ਭਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਗੁਰੂ ਦਾ ਲੰਗਰ ਛਕਿਆ।

ਨਗਰ ਕੀਰਤਨ ਵਿੱਚ ਵੱਖ-ਵੱਖ ਕੀਰਤਨੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਸਕੂਲੀ ਬੱਚਿਆਂ ਵੱਲੋਂ ਕੀਤੀਆਂ ਗਈਆਂ ਧਾਰਮਿਕ ਪੇਸ਼ਕਾਰੀਆਂ ਨੇ ਵੀ ਸੰਗਤਾਂ ਦਾ ਮਨ ਮੋਹ ਲਿਆ।

ਇਸ ਦੌਰਾਨ ਵੱਖ-ਵੱਖ ਗਤਕਾ ਜਥਿਆਂ ਨੇ ਸਿੱਖ ਮਾਰਸ਼ਲ ਆਰਟ ਗਤਕੇ ਦੇ ਸ਼ਾਨਦਾਰ ਜੌਹਰ ਵਿਖਾ ਕੇ ਸੰਗਤਾਂ ਤੋਂ ਭਰਪੂਰ ਵਾਹ-ਵਾਹ ਖੱਟੀ। ਨਗਰ ਕੀਰਤਨ ਦੌਰਾਨ ਸੁਰੱਖਿਆ ਅਤੇ ਆਵਾਜਾਈ ਦੇ ਸੁਚਾਰੂ ਪ੍ਰਬੰਧ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿਟੀ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਾਂਝੇ ਉਪਰਾਲੇ ਵੀ ਸ਼ਲਾਘਾਯੋਗ ਰਹੇ।

ਸਮਾਗਮ ਦੀ ਸਮਾਪਤੀ ਮੌਕੇ ਗੁਰਦੁਆਰਾ ਪ੍ਰਬੰਧਕਾਂ ਨੇ ਨਗਰ ਕੀਰਤਨ ਨੂੰ ਸਫਲ ਬਣਾਉਣ ਲਈ ਸੇਵਾਦਾਰਾਂ, ਸੰਗਤਾਂ, ਲੰਗਰ ਸੇਵਾਦਾਰਾਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਗੁਰੂ ਸਾਹਿਬ ਦੀਆਂ ਬਖ਼ਸ਼ਿਸ਼ਾਂ ਸਦਾ ਬਣੀਆਂ ਰਹਿਣ ਦੀ ਅਰਦਾਸ ਕੀਤੀ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments