HomePunjab Newsਕਾਮਨਵੈਲਥ ਖੇਡਾਂ ਦਾ ਚਾਂਦੀ ਤਗਮਾ ਜਿੱਤਣ ਵਾਲੇ ਲਵਪ੍ਰੀਤ ਸਿੰਘ ਦਾ ਪੰਜਾਬ 'ਚ...

ਕਾਮਨਵੈਲਥ ਖੇਡਾਂ ਦਾ ਚਾਂਦੀ ਤਗਮਾ ਜਿੱਤਣ ਵਾਲੇ ਲਵਪ੍ਰੀਤ ਸਿੰਘ ਦਾ ਪੰਜਾਬ ‘ਚ ਸ਼ਾਨਦਾਰ ਸਵਾਗਤ

Punjab Weightlifting Star: ਸਕਾਟਲੈਂਡ ਦੇ ਗਲਾਸਗੋ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲਾ ਵੇਟਲਿਫਟਰ ਲਵਪ੍ਰੀਤ ਸਿੰਘ ਆਪਣੇ ਵਤਨ ਪਰਤ ਆਇਆ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ, ਜਿੱਥੇ ਪਰਿਵਾਰਕ ਮੈਂਬਰਾਂ, ਖਿਡਾਰੀਆਂ ਅਤੇ ਪ੍ਰਸ਼ੰਸਕਾਂ ਨੇ ਉਸ ਦੀ ਇਸ ਇਤਿਹਾਸਕ ਪ੍ਰਾਪਤੀ ਦਾ ਜਸ਼ਨ ਮਨਾਇਆ।

ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੱਲ ਸਚੰਦਰ ਨਾਲ ਸਬੰਧਤ ਲਵਪ੍ਰੀਤ ਸਿੰਘ ਨੇ 110 ਪਲੱਸ ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਨੈਚ ਵਿੱਚ 176 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 212 ਕਿਲੋਗ੍ਰਾਮ ਭਾਰ ਚੁੱਕਿਆ। ਕੁੱਲ 388 ਕਿਲੋਗ੍ਰਾਮ ਭਾਰ ਚੁੱਕ ਕੇ ਉਸ ਨੇ ਕਾਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ।

ਲਵਪ੍ਰੀਤ ਸਿੰਘ ਦੀ ਸਫਲਤਾ ਦੇ ਪਿੱਛੇ ਉਸ ਦਾ ਲੰਮਾ ਸੰਘਰਸ਼ ਅਤੇ ਕਠਿਨ ਮਿਹਨਤ ਹੈ। ਇੱਕ ਸਧਾਰਨ ਪਰਿਵਾਰ ਵਿੱਚ ਜਨਮੇ ਲਵਪ੍ਰੀਤ ਨੇ ਬਚਪਨ ਦੌਰਾਨ ਆਪਣੇ ਪਰਿਵਾਰ ਦੀ ਮਦਦ ਲਈ ਮੰਡੀ ਵਿੱਚ ਸਬਜ਼ੀਆਂ ਵੇਚਣ ਤੱਕ ਦਾ ਕੰਮ ਕੀਤਾ। ਉਸ ਦੇ ਪਿਤਾ ਕ੍ਰਿਪਾਲ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਲਵਪ੍ਰੀਤ ਨੇ ਹਮੇਸ਼ਾ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕੀਤੀ, ਜਿਸ ਦਾ ਨਤੀਜਾ ਅੱਜ ਪੂਰੀ ਦੁਨੀਆ ਦੇ ਸਾਹਮਣੇ ਹੈ।

ਅੰਮ੍ਰਿਤਸਰ ਹਵਾਈ ਅੱਡੇ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਲਵਪ੍ਰੀਤ ਸਿੰਘ ਦਾ ਸਨਮਾਨ ਕੀਤਾ ਅਤੇ ਉਸ ਨੂੰ ਇਸ ਵਿਸ਼ੇਸ਼ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਮੌਜੂਦ ਲੋਕਾਂ ਨੇ ਨਾਅਰੇਬਾਜ਼ੀ ਕਰਕੇ ਆਪਣੇ ਹੀਰੋ ਦਾ ਹੌਸਲਾ ਵਧਾਇਆ।

ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਲਵਪ੍ਰੀਤ ਸਿੰਘ ਦੀ ਸਫਲਤਾ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਸ ਨੇ ਨਾ ਸਿਰਫ਼ ਅੰਮ੍ਰਿਤਸਰ, ਸਗੋਂ ਪੂਰੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਲਵਪ੍ਰੀਤ ਦੀ ਇਹ ਪ੍ਰਾਪਤੀ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਣਾ ਬਣੇਗੀ, ਜੋ ਖੇਡਾਂ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਵਪ੍ਰੀਤ ਸਿੰਘ ਨੂੰ ਉਸ ਦੀ ਇਸ ਉਪਲਬਧੀ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।

ਲਵਪ੍ਰੀਤ ਸਿੰਘ ਦੀ ਮਿਹਨਤ, ਲਗਨ ਅਤੇ ਸੰਘਰਸ਼ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਆਮ ਪਰਿਵਾਰਾਂ ਦੇ ਬੱਚੇ ਵੀ ਅੰਤਰਰਾਸ਼ਟਰੀ ਮੰਚਾਂ ’ਤੇ ਕਾਮਯਾਬੀ ਦੇ ਝੰਡੇ ਗਾੜ ਸਕਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments