ਐਲਡਰਗਰੋਵ – ਬੀਤੇ ਦਿਨ ਰੇਡੀਓ ਇੰਡੀਆ ਵੱਲੋਂ ਐਲਡਰਗ੍ਰੋਵ ਸਥਿਤ ਲੈਂਗਲੀ ਬੈਂਕੁਇਟ ਹਾਲ ਵਿੱਚ ਆਪਣੇ ਸਰੋਤਿਆਂ ਲਈ ਇੱਕ ਵਿਸ਼ੇਸ਼ ਭਾਈਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੈਂਗਲੀ ਟਾਊਨਸ਼ਿਪ ਦੇ ਮੇਅਰ ਐਰਿਕ ਵੁੱਡਵਰਡ ਅਤੇ ਉਹਨਾਂ ਦੀ ਅਗਵਾਈ ਹੇਠ ਪ੍ਰੋਗਰੈਸ ਫਾਰ ਲੈਂਗਲੀ ਤਹਿਤ ਮੁੜ ਚੋਣ ਲੜ ਰਹੀ ਟੀਮ ਦੇ ਮੈਂਬਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਸਮਾਗਮ ਦਾ ਮੰਚ ਸੰਚਾਲਨ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ਼ ਰਿਸਰਚ ਲਵਲੀਨ ਗਿੱਲ ਨੇ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਰੇਡੀਓ ਇੰਡੀਆ ਅਤੇ ਇਸ ਦੇ ਸਰੋਤਿਆਂ ਵਿਚਾਲੇ ਦਹਾਕਿਆਂ ਤੋਂ ਚੱਲੀ ਆ ਰਹੀ ਗੂੜ੍ਹੀ ਸਾਂਝ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਰੇਡੀਓ ਇੰਡੀਆ ਦੀ ਨਵੀਂ 1110 ਏ.ਐੱਮ. ਫ੍ਰੀਕੁਐਂਸੀ ਰਾਹੀਂ ਲੈਂਗਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵੱਡੀ ਗਿਣਤੀ ਵਿੱਚ ਸਰੋਤੇ ਹੁਣ ਰੇਡੀਓ ਇੰਡੀਆ ਨਾਲ ਜੁੜ ਗਏ ਹਨ।
ਇਸ ਮੌਕੇ ਮੁੱਖ ਮਹਿਮਾਨ ਮੇਅਰ ਐਰਿਕ ਵੁੱਡਵਰਡ ਨੇ ਪਿਛਲੇ ਚਾਰ ਸਾਲਾਂ ਦੌਰਾਨ ਆਪਣੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੁਨਿਆਦੀ ਢਾਂਚੇ ਦੇ ਵਿਕਾਸ, ਜ਼ਿੰਮੇਵਾਰ ਵਿੱਤੀ ਪ੍ਰਬੰਧਨ ਅਤੇ ਟਾਊਨਸ਼ਿਪ ਵਾਸੀਆਂ ਦੀ ਭਲਾਈ ਲਈ ਕੀਤੀਆਂ ਹੋਰ ਪਹਿਲਕਦਮੀਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਉਹਨਾਂ ਦੱਸਿਆ ਕਿ ਅਗਲੇ ਕੁਝ ਸਾਲਾਂ ਵਿਚ ਲੈਂਗਲੀ ਟਾਊਨਸ਼ਿਪ ਮੈਟਰੋ ਵੈਨਕੂਵਰ ਦੀ ਵੱਡੀ ਵਸੋਂ ਵਾਲਾ ਸ਼ਹਿਰ ਬਣ ਰਿਹਾ ਹੈ, ਜਿਥੇ ਆਬਾਦੀ ਦੇ ਵਾਧੇ ਦੇ ਨਾਲ ਸਰਬਪੱਖੀ ਵਿਕਾਸ ਦੇ ਭਰਪੂਰ ਮੌਕੇ ਹੋਣਗੇ। ਉਹਨਾਂ ਅਕਤੂਬਰ ਚੋਣਾਂ ਵਿਚ ਉਹਨਾਂ ਦੀ ਅਗਵਾਈ ਵਾਲੀ ਪ੍ਰੋਗਰੈਸ ਫਾਰ ਲੈਂਗਲੀ ਟੀਮ ਦੇ ਸਮਰਥਨ ਦੀ ਅਪੀਲ ਕੀਤੀ।
ਸਕੂਲ ਟਰੱਸਟੀ ਸਰਬ ਰਾਏ ਜੋਕਿ ਇਸ ਸਮੇਂ ਪ੍ਰੋਗਰੈਸ ਫਾਰ ਲੈਂਗਲੀ ਵਲੋਂ ਕੌਂਸਲਰ ਉਮੀਦਵਾਰ ਹਨ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਉਹਨਾਂ ਇਸ ਇਲਾਕੇ ਵਿਚ ਵਸਦੇ ਪੰਜਾਬੀਆਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਚੁਣੇ ਜਾਂਦੇ ਹਨ ਤਾਂ ਉਹ ਲੈਂਗਲੀ ਟਾਊਨਸ਼ਿਪ ਦੇ ਇਤਿਹਾਸ ਵਿੱਚ ਕੌਂਸਲਰ ਚੁਣੇ ਜਾਣ ਵਾਲੇ ਪਹਿਲੇ ਸਾਉਥ ਏਸ਼ੀਅਨ ਹੋਣਗੇ।
ਸਮਾਗਮ ਵਿੱਚ ਕੋਰੀਅਨ ਐਸੋਸੀਏਸ਼ਨ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਪ੍ਰਧਾਨ ਜੂਨ ਪਾਰਕ, ਟਾਊਨਸ਼ਿਪ ਆਫ਼ ਲੈਂਗਲੀ ਦੇ ਕੌਂਸਲਰ ਰੌਬ ਰਿੰਡਟ ਅਤੇ ਕੌਂਸਲਰ ਟਿਮ ਬੇਲੀ ਸਮੇਤ ਕਈ ਹੋਰ ਪਤਵੰਤੇ ਵੀ ਸ਼ਾਮਲ ਹੋਏ।
ਸਮਾਗਮ ਦੀ ਸਮਾਪਤੀ ਮੌਕੇ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਨੇ ਸਰੋਤਿਆਂ ਵੱਲੋਂ ਲਗਾਤਾਰ ਮਿਲ ਰਹੇ ਵਿਸ਼ਵਾਸ, ਪਿਆਰ ਅਤੇ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਮੇਅਰ ਐਰਿਕ ਵੁੱਡਵਰਡ ਅਤੇ ਸਮਾਗਮ ਵਿਚ ਸ਼ਾਮਿਲ ਭਾਈਚਾਰਕ ਆਗੂਆਂ-ਸਾਬਕਾ ਮੰਤਰੀ ਡਾ. ਗੁਲਜ਼ਾਰ ਸਿੰਘ ਚੀਮਾ, ਜਿੰਨੀ ਸਿਮਸ, ਅਵਤਾਰ ਸਿੰਘ ਰਾਜਾ ਗਿੱਲ, ਕੁਲਵੰਤ ਢੇਸੀ, ਇੰਦਾ ਰਾਏਕੋਟੀ, ਸੱਬਾ ਹੁੰਦਲ, ਪਰਮਜੀਤ ਖੋਸਲਾ , ਹੈਪੀ ਦਿਓਲ, ਬੂਟਾ ਸਿੰਘ ਢਿੱਲੋਂ, ਨਛੱਤਰ ਸਿੰਘ ਕੂਨਰ, ਬਲਬੀਰ ਸਿੰਘ ਪੱਡਾ, ਕੁਲਤਰਨ ਅਟਵਾਲ, ਡਾ ਬਲਜਿੰਦਰ ਚੀਮਾ, ਰਮਨਦੀਪ ਝੱਜ, ਮਨਜੀਤ ਸਿੰਘ ਬਹੁਗਣ, ਰਮਨਦੀਪ ਸਿੰਘ ਗਿੱਲ ਰੈਡ ਸਟਾਰ ਟਰਾਂਸਪੋਰਟ, ਜਸਪ੍ਰੀਤ ਸਿੰਘ ਰਾਜਾ ਪੰਧੇਰ ਗੋਲਡ ਲੀਫ ਟਰਾਂਸਪੋਰਟ, ਰਾਜਿੰਦਰ ਸਿੰਘ ਢਿੱਲੋਂ ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ, ਜਗਦੇਵ ਸਿੰਘ ਮੱਖਣ, ਗੁਰਤੇਜ ਗਿੱਲ, ਕਰਨੈਲ ਸਿੰਘ ਟੁੱਟ, ਦਵਿੰਦਰ ਗਰੇਵਾਲ ਲੈਂਗਲੀ ਬੈਂਕੁਇਟ ਹਾਲ ਅਤੇ ਸਤਬੀਰ ਭੁੱਲਰ ਮੌਰਟਗੇਜ਼ ਸਲਾਹਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਭਾਈਚਾਰੇ ਦੇ ਆਗੂਆਂ ਦੀ ਰੇਡੀਓ ਇੰਡੀਆ ਅਤੇ ਭਾਈਚਾਰਕ ਸਾਂਝ ਵਧਾਉਣ ਲਈ ਸਹਿਯੋਗ ਤੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।






