ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੀਵਨ ਅਤੇ ਸਿਆਸੀ ਸਫ਼ਰ ’ਤੇ ਆਧਾਰਿਤ ਫ਼ਿਲਮ ‘ਫਰੌਮ ਸਤੌਜ ਟੂ ਪਾਰਲੀਮੈਂਟ’ ਜਲਦ ਹੀ ਡਿਸਕਵਰੀ ਚੈਨਲ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਤੋਂ ਸ਼ੁਰੂ ਹੋ ਕੇ ਸੰਸਦ ਅਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚੇ ਭਗਵੰਤ ਮਾਨ ਦੇ ਸਫ਼ਰ ਨੂੰ ਇਸ ਫ਼ਿਲਮ ਵਿੱਚ ਦਰਸਾਇਆ ਗਿਆ ਹੈ। ਫ਼ਿਲਮ 30 ਅਗਸਤ ਨੂੰ ਸੱਤ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।
ਭਗਵੰਤ ਮਾਨ ਨੇ ਅੱਜ ਦੇਰ ਸ਼ਾਮ ਫ਼ਿਲਮ ਦਾ ਟ੍ਰੇਲਰ ਸਾਂਝਾ ਕਰਦਿਆਂ ਆਪਣੇ ਜੀਵਨ ਦੇ ਸਫ਼ਰ ਨੂੰ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਦੱਸਿਆ, ਜੋ ਆਪਣੀ ਮਿੱਟੀ ਨਾਲ ਜੁੜਿਆ ਰਿਹਾ, ਲੋਕਾਂ ਨੂੰ ਹਸਾਉਣ ਵਾਲੇ ਵਿਅੰਗਕਾਰ ਵਜੋਂ ਪਛਾਣ ਬਣਾਈ ਅਤੇ ਬਾਅਦ ਵਿੱਚ ਸਿਆਸਤ ਵਿੱਚ ਆ ਕੇ ਸ਼ਾਸਨ ਦੇ ਨਵੇਂ ਮਾਪਦੰਡ ਕਾਇਮ ਕਰਨ ਦਾ ਦਾਅਵਾ ਕੀਤਾ।
ਫ਼ਿਲਮ ਵਿੱਚ ਭਗਵੰਤ ਮਾਨ ਦੇ ਸਤੌਜ ਵਿੱਚ ਬੀਤੇ ਬਚਪਨ ਅਤੇ ਸ਼ੁਰੂਆਤੀ ਜੀਵਨ ਤੋਂ ਲੈ ਕੇ ਵਿਅੰਗਕਾਰ ਵਜੋਂ ਉਨ੍ਹਾਂ ਦੇ ਕਰੀਅਰ, ਪੀਪਲਜ਼ ਪਾਰਟੀ ਆਫ਼ ਪੰਜਾਬ ਰਾਹੀਂ ਸਿਆਸਤ ਵਿੱਚ ਦਾਖ਼ਲੇ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਨਾਲ ਜੁੜਨ ਤੱਕ ਦਾ ਸਫ਼ਰ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ 2014 ਅਤੇ 2019 ਵਿੱਚ ਲੋਕ ਸਭਾ ਲਈ ਚੁਣੇ ਜਾਣ ਅਤੇ 2022 ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੱਕ ਦੀ ਸਿਆਸੀ ਯਾਤਰਾ ਨੂੰ ਵੀ ਫ਼ਿਲਮ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ।
ਫ਼ਿਲਮ ਵਿੱਚ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ, ਮਾਤਾ ਹਰਪਾਲ ਕੌਰ ਅਤੇ ਮਨੋਰੰਜਨ ਜਗਤ ਨਾਲ ਜੁੜੇ ਉਨ੍ਹਾਂ ਦੇ ਦੋਸਤਾਂ ਦੀਆਂ ਯਾਦਾਂ ਅਤੇ ਗੱਲਬਾਤ ਵੀ ਸ਼ਾਮਲ ਕੀਤੀ ਗਈ ਹੈ। ਇਨ੍ਹਾਂ ਰਾਹੀਂ ਉਨ੍ਹਾਂ ਦੇ ਨਿੱਜੀ ਜੀਵਨ, ਸੰਘਰਸ਼ ਅਤੇ ਸਿਆਸਤ ਵਿੱਚ ਉਨ੍ਹਾਂ ਦੇ ਉਭਾਰ ਨਾਲ ਜੁੜੇ ਕਈ ਪਹਿਲੂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਫ਼ਿਲਮ ਦੀ ਰਿਲੀਜ਼ ਨੂੰ ਸਿਆਸੀ ਤੌਰ ’ਤੇ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਫ਼ਿਲਮ ਵਿੱਚ ਇੱਕ ‘ਮਾਸਟਰ ਦੇ ਪੁੱਤ’ ਵਜੋਂ ਭਗਵੰਤ ਮਾਨ ਦੇ ਸਾਧਾਰਨ ਪਿਛੋਕੜ ਅਤੇ ਉਨ੍ਹਾਂ ਦੇ ਨਿੱਜੀ ਸਫ਼ਰ ਨੂੰ ਸਰਕਾਰ ਦੀਆਂ ਉਪਲਬਧੀਆਂ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ।
ਇਸ ਤਰ੍ਹਾਂ ਫ਼ਿਲਮ ਰਾਹੀਂ ਭਗਵੰਤ ਮਾਨ ਦੀ ਪੰਜਾਬੀ ਪਛਾਣ, ਉਨ੍ਹਾਂ ਦੇ ਜਨਤਕ ਜੀਵਨ ਅਤੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਸ਼ਾਸਨ ਦੇ ਰਿਕਾਰਡ ਨੂੰ ਕੇਂਦਰ ਵਿੱਚ ਰੱਖਦਿਆਂ ਇੱਕ ਸਿਆਸੀ ਬਿਰਤਾਂਤ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। 30 ਅਗਸਤ ਨੂੰ ਸੱਤ ਭਾਸ਼ਾਵਾਂ ਵਿੱਚ ਹੋਣ ਵਾਲੀ ਇਸ ਰਿਲੀਜ਼ ’ਤੇ ਸਿਆਸੀ ਅਤੇ ਸਮਾਜਿਕ ਖੇਤਰ ਨਾਲ ਜੁੜੇ ਲੋਕਾਂ ਦੀ ਵੀ ਨਜ਼ਰ ਰਹੇਗੀ।









