HomeIndianਹਰੀਕੇ ਪੱਤਣ ’ਤੇ ਜਸਵੰਤ ਸਿੰਘ ਖਾਲੜਾ ਦੀ ਯਾਦਗਾਰ ਬਣਾਉਣ ਦਾ ਰਾਹ ਸਾਫ਼,...

ਹਰੀਕੇ ਪੱਤਣ ’ਤੇ ਜਸਵੰਤ ਸਿੰਘ ਖਾਲੜਾ ਦੀ ਯਾਦਗਾਰ ਬਣਾਉਣ ਦਾ ਰਾਹ ਸਾਫ਼, ਸ਼੍ਰੋਮਣੀ ਕਮੇਟੀ ਨੇ ਦਿੱਤੀ ਮਨਜ਼ੂਰੀ

ਯਾਦਗਾਰ ਲਈ ਜ਼ਮੀਨ ਦੀ ਪ੍ਰਕਿਰਿਆ ਜਲਦ ਹੋਵੇਗੀ ਸ਼ੁਰੂ; ਖਾਲੜਾ ਮਿਸ਼ਨ ਔਰਗਨਾਈਜੇਸ਼ਨ ਨੇ ਹੋਰ ਪੀੜਤਾਂ ਦੇ ਨਾਂ ਸ਼ਾਮਲ ਕਰਨ ਅਤੇ ਅਧੂਰੀ ਜਾਂਚ ਮੁਕੰਮਲ ਕਰਨ ਦੀ ਮੰਗ ਕੀਤੀ

ਪੰਜਾਬ ਦੇ ਕਾਲੇ ਦੌਰ ਦੌਰਾਨ ਲਵਾਰਸ ਲਾਸ਼ਾਂ ਦੇ ਮਾਮਲੇ ਨੂੰ ਦੁਨੀਆ ਸਾਹਮਣੇ ਲਿਆਉਣ ਵਾਲੇ ਮਨੁੱਖੀ ਅਧਿਕਾਰ ਕਾਰਕੁਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਹਰੀਕੇ ਪੱਤਣ ਵਿਖੇ ਯਾਦਗਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਹਿਮ ਫ਼ੈਸਲਾ ਲੈਂਦਿਆਂ ਯਾਦਗਾਰ ਬਣਾਉਣ ਦੀ ਤਜਵੀਜ਼ ਨੂੰ ਰਸਮੀ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਇਹ ਮਾਮਲਾ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਗਿਆ, ਜਿੱਥੇ ਯਾਦਗਾਰ ਬਣਾਉਣ ਦੇ ਫ਼ੈਸਲੇ ਨੂੰ ਮਨਜ਼ੂਰੀ ਮਿਲੀ। ਇਸ ਤੋਂ ਬਾਅਦ ਹੁਣ ਯਾਦਗਾਰ ਦੀ ਉਸਾਰੀ ਨਾਲ ਸਬੰਧਤ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਜ਼ਮੀਨ ਤੋਂ ਲੈ ਕੇ ਡਿਜ਼ਾਈਨ ਤੱਕ ਦੀ ਪ੍ਰਕਿਰਿਆ ਹੋਵੇਗੀ ਸ਼ੁਰੂ

ਸ਼੍ਰੋਮਣੀ ਕਮੇਟੀ ਨਾਲ ਸਬੰਧਤ ਸੂਤਰਾਂ ਅਨੁਸਾਰ, ਯਾਦਗਾਰ ਲਈ ਸਭ ਤੋਂ ਪਹਿਲਾਂ ਢੁੱਕਵੀਂ ਜ਼ਮੀਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਵੇਗੀ। ਜ਼ਮੀਨ ਸਬੰਧੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਯਾਦਗਾਰ ਦੇ ਡਿਜ਼ਾਈਨ, ਆਕਾਰ ਅਤੇ ਰੂਪ-ਰੇਖਾ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਇਹ ਯਾਦਗਾਰ ਜਸਵੰਤ ਸਿੰਘ ਖਾਲੜਾ ਵੱਲੋਂ ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਅਤੇ ਪੰਜਾਬ ਦੇ ਕਾਲੇ ਦੌਰ ਦੌਰਾਨ ਲਾਪਤਾ ਹੋਏ ਅਤੇ ਕਥਿਤ ਤੌਰ ’ਤੇ ਲਵਾਰਸ ਦੱਸ ਕੇ ਸਸਕਾਰ ਕੀਤੇ ਗਏ ਲੋਕਾਂ ਦੀ ਯਾਦ ਨੂੰ ਸਮਰਪਿਤ ਹੋਵੇਗੀ।

ਖਾਲੜਾ ਮਿਸ਼ਨ ਔਰਗਨਾਈਜੇਸ਼ਨ ਨੇ ਰੱਖਿਆ ਅਹਿਮ ਸੁਝਾਅ

ਇਸ ਦੌਰਾਨ ਖਾਲੜਾ ਪਰਿਵਾਰ ਦੀ ਸਰਪ੍ਰਸਤੀ ਹੇਠ ਚੱਲ ਰਹੀ ‘ਖਾਲੜਾ ਮਿਸ਼ਨ ਔਰਗਨਾਈਜੇਸ਼ਨ’ ਨੇ ਸ਼੍ਰੋਮਣੀ ਕਮੇਟੀ ਸਾਹਮਣੇ ਕਈ ਸੁਝਾਅ ਅਤੇ ਮੰਗਾਂ ਰੱਖੀਆਂ ਹਨ। ਜਥੇਬੰਦੀ ਦਾ ਕਹਿਣਾ ਹੈ ਕਿ ਯਾਦਗਾਰ ’ਤੇ ਸਿਰਫ਼ ਜਸਵੰਤ ਸਿੰਘ ਖਾਲੜਾ ਦਾ ਨਾਂ ਹੀ ਨਹੀਂ, ਸਗੋਂ ਉਨ੍ਹਾਂ ਲੋਕਾਂ ਦਾ ਵੀ ਜ਼ਿਕਰ ਹੋਣਾ ਚਾਹੀਦਾ ਹੈ, ਜਿਨ੍ਹਾਂ ਨੂੰ ਉਸ ਦੌਰਾਨ ਪੁਲੀਸ ਵੱਲੋਂ ਕਥਿਤ ਝੂਠੇ ਮੁਕਾਬਲਿਆਂ ਵਿੱਚ ਮਾਰੇ ਜਾਣ ਅਤੇ ਬਾਅਦ ਵਿੱਚ ਲਵਾਰਸ ਦੱਸ ਕੇ ਵੱਖ-ਵੱਖ ਸ਼ਮਸ਼ਾਨਘਾਟਾਂ ਵਿੱਚ ਸਾੜੇ ਜਾਣ ਦੇ ਦੋਸ਼ ਲੱਗਦੇ ਰਹੇ ਹਨ।

ਜਥੇਬੰਦੀ ਦੇ ਆਗੂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਇਨ੍ਹਾਂ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਇਸ ਲਈ ਯਾਦਗਾਰ ਨੂੰ ਸਿਰਫ਼ ਇੱਕ ਵਿਅਕਤੀ ਦੀ ਯਾਦ ਤੱਕ ਸੀਮਤ ਨਾ ਰੱਖਦਿਆਂ ਉਨ੍ਹਾਂ ਸਾਰੇ ਪੀੜਤ ਪਰਿਵਾਰਾਂ ਅਤੇ ਲੋਕਾਂ ਦੀ ਯਾਦ ਨਾਲ ਜੋੜਿਆ ਜਾਣਾ ਚਾਹੀਦਾ ਹੈ।

ਅਧੂਰੀ ਜਾਂਚ ਪੂਰੀ ਕਰਨ ਲਈ ‘ਪੀਪਲ ਕਮਿਸ਼ਨ’ ਦੀ ਮੰਗ

ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਇਹ ਵੀ ਮੰਗ ਕੀਤੀ ਕਿ ਜਸਵੰਤ ਸਿੰਘ ਖਾਲੜਾ ਵੱਲੋਂ ਸ਼ੁਰੂ ਕੀਤੇ ਗਏ ਕੰਮ ਨੂੰ ਅੱਗੇ ਵਧਾਇਆ ਜਾਵੇ ਅਤੇ ਅਧੂਰੀ ਰਹਿ ਗਈ ਜਾਂਚ ਨੂੰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਸੁਝਾਅ ਦਿੱਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਜਾਂ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਕ ਜਾਂਚ ਕਮੇਟੀ ਜਾਂ ‘ਪੀਪਲ ਕਮਿਸ਼ਨ’ ਕਾਇਮ ਕੀਤਾ ਜਾਵੇ।

ਉਨ੍ਹਾਂ ਮੁਤਾਬਕ ਜਸਵੰਤ ਸਿੰਘ ਖਾਲੜਾ ਨੇ ਉਸ ਸਮੇਂ ਕਰੀਬ 25 ਹਜ਼ਾਰ ਲਵਾਰਸ ਲਾਸ਼ਾਂ ਦਾ ਅੰਕੜਾ ਸਾਹਮਣੇ ਰੱਖਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਇਨ੍ਹਾਂ ਵਿੱਚੋਂ ਸਿਰਫ਼ ਕੁਝ ਹਜ਼ਾਰ ਲਵਾਰਸ ਲਾਸ਼ਾਂ ਬਾਰੇ ਹੀ ਵੇਰਵੇ ਸਾਹਮਣੇ ਆ ਸਕੇ ਹਨ, ਜਦਕਿ ਕਈ ਪਰਿਵਾਰ ਅੱਜ ਵੀ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਦੀ ਉਡੀਕ ਕਰ ਰਹੇ ਹਨ।

ਫ਼ਿਲਮ ਤੋਂ ਬਾਅਦ ਮੁੜ ਚਰਚਾ ਵਿੱਚ ਆਇਆ ਮਾਮਲਾ

ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ’ਤੇ ਆਧਾਰਿਤ ਫ਼ਿਲਮ ਦੇ ਆਉਣ ਤੋਂ ਬਾਅਦ ਉਨ੍ਹਾਂ ਨਾਲ ਜੁੜਿਆ ਮਨੁੱਖੀ ਅਧਿਕਾਰਾਂ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਆਇਆ ਹੈ। ਇਸ ਤੋਂ ਬਾਅਦ ਹਰੀਕੇ ਪੱਤਣ ਵਿਖੇ ਉਨ੍ਹਾਂ ਅਤੇ ਉਸ ਦੌਰਾਨ ਮਾਰੇ ਗਏ ਹੋਰ ਸਿੱਖ ਵਿਅਕਤੀਆਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਵੀ ਕਰਵਾਇਆ ਗਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਹਰੀਕੇ ਪੱਤਣ ਵਿਖੇ ਇਹ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਸੀ। ਇਸ ਮੌਕੇ ਉਨ੍ਹਾਂ ਸਿੱਖ ਵਿਅਕਤੀਆਂ ਨੂੰ ਵੀ ਯਾਦ ਕੀਤਾ ਗਿਆ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਉਸ ਸਮੇਂ ਹਰੀਕੇ ਦਰਿਆ ਵਿੱਚ ਰੋੜ੍ਹੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ।

ਇਸੇ ਸ਼ਰਧਾਂਜਲੀ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਨੂੰ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਹਰੀਕੇ ਪੱਤਣ ਵਿਖੇ ਯਾਦਗਾਰ ਬਣਾਉਣ ਲਈ ਕਿਹਾ ਗਿਆ ਸੀ। ਹੁਣ ਅੰਤਰਿੰਗ ਕਮੇਟੀ ਵੱਲੋਂ ਇਸ ਤਜਵੀਜ਼ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਯਾਦਗਾਰ ਦੀ ਉਸਾਰੀ ਵੱਲ ਅਗਲਾ ਕਦਮ ਚੁੱਕਣ ਦਾ ਰਾਹ ਸਾਫ਼ ਹੋ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments