ਕੇਜਰੀਵਾਲ ਦਾ ਦਾਅਵਾ- ਸਾਢੇ ਚਾਰ ਸਾਲਾਂ ਵਿੱਚ 19,700 ਵਿੱਚੋਂ 19,200 ਸਰਕਾਰੀ ਸਕੂਲਾਂ ਵਿੱਚ ਹੋਇਆ ਸੁਧਾਰ; ਭਾਜਪਾ ਨੂੰ 30 ਸਾਲਾਂ ਦੇ ਕੰਮ ਦਾ ਹਿਸਾਬ ਦੇਣ ਲਈ ਕਿਹਾ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਨੂੰ ਲੈ ਕੇ ਭਾਜਪਾ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਸਬੰਧੀ ਪੁਰਾਣੀਆਂ ਅਤੇ ਗਲਤ ਵੀਡੀਓਜ਼ ਫੈਲਾ ਕੇ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਭਾਜਪਾ ਨੂੰ ਪੰਜਾਬ ਅਤੇ ਗੁਜਰਾਤ ਦੇ 1000-1000 ਸਰਕਾਰੀ ਸਕੂਲਾਂ ਦਾ ਮੀਡੀਆ ਅਤੇ ਆਮ ਲੋਕਾਂ ਦੀ ਮੌਜੂਦਗੀ ਵਿੱਚ ਨਿਰੀਖਣ ਕਰਵਾਉਣ ਦੀ ਚੁਣੌਤੀ ਦਿੱਤੀ ਹੈ।
ਮੰਗਲਵਾਰ ਨੂੰ ਜਾਰੀ ਕੀਤੀ ਇੱਕ ਵੀਡੀਓ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੂੰ ਗੁਜਰਾਤ ਅਤੇ ਪੰਜਾਬ ਦੇ 1000-1000 ਸਕੂਲਾਂ ਦੀ ਸੂਚੀ ਜਨਤਕ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਮੀਡੀਆ ਅਤੇ ਲੋਕਾਂ ਦੇ ਨਾਲ ਮਿਲ ਕੇ ਦੋਵਾਂ ਸੂਬਿਆਂ ਦੇ ਇਨ੍ਹਾਂ ਸਕੂਲਾਂ ਦਾ ਨਿਰੀਖਣ ਕੀਤਾ ਜਾਵੇ ਅਤੇ ਖੁਦ ਦੇਖਿਆ ਜਾਵੇ ਕਿ ਕਿਸ ਸੂਬੇ ਦੇ ਸਰਕਾਰੀ ਸਕੂਲ ਬਿਹਤਰ ਹਾਲਤ ਵਿੱਚ ਹਨ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ 19,700 ਸਰਕਾਰੀ ਸਕੂਲਾਂ ਵਿੱਚੋਂ 19,200 ਸਕੂਲਾਂ ਵਿੱਚ ਸੁਧਾਰ ਕੀਤਾ ਗਿਆ ਹੈ, ਜਦਕਿ ਬਾਕੀ 500 ਸਕੂਲਾਂ ਵਿੱਚ ਵੀ ਕੰਮ ਚੱਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰੀ ਸਕੂਲਾਂ ਵਿੱਚ ਇਹ ਬਦਲਾਅ ਅਧਿਆਪਕਾਂ, ਪ੍ਰਿੰਸੀਪਲਾਂ, ਮਾਪਿਆਂ ਅਤੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ।
ਉਨ੍ਹਾਂ ਭਾਜਪਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਪਾਰਟੀ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਕਰ ਰਹੀ ਹੈ ਤਾਂ ਉਸ ਨੂੰ ਆਪਣੇ ਸ਼ਾਸਨ ਵਾਲੇ ਸੂਬਿਆਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੀਤੇ ਕੰਮਾਂ ਦਾ ਵੀ ਵੇਰਵਾ ਦੇਣਾ ਚਾਹੀਦਾ ਹੈ। ਕੇਜਰੀਵਾਲ ਨੇ ਭਾਜਪਾ ਨੂੰ ਪਿਛਲੇ 30 ਸਾਲਾਂ ਦੌਰਾਨ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਕੀਤੇ ਕੰਮਾਂ ਦਾ ਹਿਸਾਬ ਦੇਣ ਲਈ ਕਿਹਾ।
ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰੀ ਸਕੂਲ ਸਿੱਖਿਆ ਦੇ ਖੇਤਰ ਵਿੱਚ ਦੇਸ਼ ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਦਾ ਦਾਅਵਾ ਨਹੀਂ ਹੈ, ਸਗੋਂ ਨੀਤੀ ਆਯੋਗ ਦੀ ਰਿਪੋਰਟ ਵਿੱਚ ਵੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਕਾਰਗੁਜ਼ਾਰੀ ਨੂੰ ਉੱਚ ਦਰਜਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਕੇਰਲ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਜਦੋਂ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੀ ਸੀ, ਉਸ ਸਮੇਂ ਸੂਬਾ ਸਕੂਲੀ ਸਿੱਖਿਆ ਦੇ ਮਾਮਲੇ ਵਿੱਚ 28ਵੇਂ ਸਥਾਨ ’ਤੇ ਸੀ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਸਕੂਲਾਂ ਵਿੱਚ ਬੁਨਿਆਦੀ ਢਾਂਚੇ, ਸਿੱਖਿਆ ਦੇ ਮਿਆਰ ਅਤੇ ਹੋਰ ਸਹੂਲਤਾਂ ਨੂੰ ਸੁਧਾਰਨ ਲਈ ਕੰਮ ਕੀਤਾ ਗਿਆ।
ਕੇਜਰੀਵਾਲ ਨੇ ਭਾਜਪਾ ਵੱਲੋਂ ਪੰਜਾਬ ਦੇ ਸਕੂਲਾਂ ਨਾਲ ਸਬੰਧਤ ਵੀਡੀਓਜ਼ ਸਾਂਝੀਆਂ ਕਰਨ ’ਤੇ ਕਿਹਾ ਕਿ ਜਿਹੜੀ ਵੀਡੀਓ ਹੁਣ ਵਾਇਰਲ ਕੀਤੀ ਜਾ ਰਹੀ ਹੈ, ਉਹ ਸਾਲ 2018 ਦੀ ਪੁਰਾਣੀ ਵੀਡੀਓ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਇਸ ਤੋਂ ਪਹਿਲਾਂ 2017 ਤੱਕ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਰਹੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਰਾਣੀ ਵੀਡੀਓ ਨੂੰ ਮੌਜੂਦਾ ਹਾਲਾਤ ਨਾਲ ਜੋੜ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਪਣੇ ਬਿਆਨ ਦੌਰਾਨ ਕੇਜਰੀਵਾਲ ਨੇ ਭਾਜਪਾ ’ਤੇ ਤਿੱਖੇ ਸਿਆਸੀ ਤੰਜ ਵੀ ਕੱਸੇ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਸਕੂਲਾਂ ਦੇ ਨਿਰੀਖਣ ਦੀ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਉੱਥੋਂ ਦੇ ਸਕੂਲਾਂ ਦੀਆਂ ਕਮੀਆਂ ਵੀ ਸਾਹਮਣੇ ਆਈਆਂ ਹਨ। ਉਨ੍ਹਾਂ ਭਾਜਪਾ ਨੂੰ ਪੰਜਾਬ ਦੇ ਸਕੂਲਾਂ ’ਤੇ ਸਿਆਸੀ ਦੋਸ਼ ਲਗਾਉਣ ਦੀ ਬਜਾਏ ਤੱਥਾਂ ਦੇ ਆਧਾਰ ’ਤੇ ਗੱਲ ਕਰਨ ਲਈ ਕਿਹਾ।
ਉਨ੍ਹਾਂ ਕੁਝ ਦਿਨ ਪਹਿਲਾਂ ਅਕਾਲੀ ਦਲ ਨਾਲ ਜੁੜੇ ਰਤਨ ਢਿੱਲੋਂ ਵੱਲੋਂ ਸਕੂਲਾਂ ਸਬੰਧੀ ਕੀਤੇ ਗਏ ਟਵੀਟ ਦਾ ਵੀ ਜ਼ਿਕਰ ਕੀਤਾ। ਕੇਜਰੀਵਾਲ ਨੇ ਕਿਹਾ ਕਿ ਜੇਕਰ ਭਾਜਪਾ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ’ਤੇ ਇੰਨਾ ਭਰੋਸਾ ਨਹੀਂ ਹੈ ਤਾਂ ਉਹ ਆਪਣੀ ਪਸੰਦ ਦੇ 1000 ਸਕੂਲ ਚੁਣੇ ਅਤੇ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਵੀ 1000 ਸਕੂਲਾਂ ਦੀ ਸੂਚੀ ਦੇਵੇ।
ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਦੋਵੇਂ ਸੂਬਿਆਂ ਦੇ ਚੁਣੇ ਗਏ ਸਕੂਲਾਂ ਦਾ ਨਿਰੀਖਣ ਮੀਡੀਆ ਅਤੇ ਆਮ ਲੋਕਾਂ ਦੀ ਮੌਜੂਦਗੀ ਵਿੱਚ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸੱਚਾਈ ਖੁਦ ਸਾਹਮਣੇ ਆ ਜਾਵੇਗੀ ਕਿ ਪੰਜਾਬ ਅਤੇ ਗੁਜਰਾਤ ਵਿੱਚੋਂ ਕਿਸ ਸੂਬੇ ਦੇ ਸਰਕਾਰੀ ਸਕੂਲ ਬਿਹਤਰ ਹਨ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ ਹੋਏ ਸੁਧਾਰਾਂ ਨੂੰ ਸਿਆਸੀ ਵਿਵਾਦ ਦਾ ਵਿਸ਼ਾ ਬਣਾਉਣ ਦੀ ਬਜਾਏ ਇਸ ਗੱਲ ’ਤੇ ਚਰਚਾ ਹੋਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਬਿਹਤਰ ਸਿੱਖਿਆ ਅਤੇ ਸਹੂਲਤਾਂ ਕਿਵੇਂ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਭਾਜਪਾ ਨੂੰ ਆਪਣੀ ਚੁਣੌਤੀ ਸਵੀਕਾਰ ਕਰਨ ਅਤੇ 1000 ਸਕੂਲਾਂ ਦੀ ਸੂਚੀ ਜਾਰੀ ਕਰਨ ਲਈ ਕਿਹਾ।




