HomeCanadaਪ੍ਰੋਗਰੈਸਿਵ ਆਰਟ ਕਲੱਬ ਸਰੀ ਵੱਲੋਂ ਪ੍ਰਭਾਵਸ਼ਾਲੀ ਨਾਟਕ ‘ਜੰਨਤ’ ਦੀ ਪੇਸ਼ਕਾਰੀ

ਪ੍ਰੋਗਰੈਸਿਵ ਆਰਟ ਕਲੱਬ ਸਰੀ ਵੱਲੋਂ ਪ੍ਰਭਾਵਸ਼ਾਲੀ ਨਾਟਕ ‘ਜੰਨਤ’ ਦੀ ਪੇਸ਼ਕਾਰੀ

ਪਰਵਾਸੀ ਜੀਵਨ ਦੀਆਂ ਹਕੀਕਤਾਂ ਨੂੰ ਮੰਚ ’ਤੇ ਉਤਾਰਿਆ

ਸਰੀ, 20 ਸਤੰਬਰ (ਹਰਦਮ ਮਾਨ)- ਪ੍ਰੋਗਰੈਸਿਵ ਆਰਟ ਕਲੱਬ ਸਰੀ ਵੱਲੋਂ ਬੀਤੇ ਦਿਨ ਸਰੀ ਆਰਟ ਸੈਂਟਰ ਵਿਖੇ ਇੱਕ ਪ੍ਰਭਾਵਸ਼ਾਲੀ ਨਾਟਕ ‘ਜੰਨਤ’ ਪੇਸ਼ ਕੀਤਾ ਗਿਆ। ਪਰਮਿੰਦਰ ਸਵੈਚ ਵੱਲੋਂ ਲਿਖੇ ਅਤੇ ਜਸਕਰਨ ਤੇ ਨਵਦੀਪ ਵੱਲੋਂ ਨਿਰਦੇਸ਼ਿਤ ਇਸ ਨਾਟਕ ਨੂੰ ਸੈਂਕੜੇ ਦਰਸ਼ਕਾਂ ਨੇ ਡੂੰਘੀ ਦਿਲਚਸਪੀ ਅਤੇ ਗੰਭੀਰਤਾ ਨਾਲ ਮਾਣਿਆ। ਨਾਟਕ ਦੀ ਪੇਸ਼ਕਾਰੀ ਦੌਰਾਨ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਅਤੇ ਹੁੰਗਾਰੇ ਨੇ ਕਲਾਕਾਰਾਂ ਦਾ ਉਤਸ਼ਾਹ ਵਧਾਇਆ।

‘ਜੰਨਤ’ ਅਜੋਕੇ ਪਰਵਾਸੀ ਜੀਵਨ ਦੀਆਂ ਕਈ ਪਰਤਾਂ ਨੂੰ ਮੰਚ ’ਤੇ ਉਜਾਗਰ ਕਰਨ ਵਾਲੀ ਪੇਸ਼ਕਾਰੀ ਬਣ ਕੇ ਸਾਹਮਣੇ ਆਇਆ। ਨਾਟਕ ਵਿੱਚ ਪੰਜਾਬ ਤੋਂ ਕੈਨੇਡਾ ਆਉਣ ਵਾਲੇ ਪਰਵਾਸੀਆਂ ਦੀਆਂ ਉਮੀਦਾਂ, ਇੱਥੇ ਪਹੁੰਚ ਕੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਬਦਲਦੇ ਸਮਾਜਿਕ ਹਾਲਾਤਾਂ ਨੂੰ ਵੱਖ-ਵੱਖ ਪੱਖਾਂ ਤੋਂ ਛੋਹਿਆ ਗਿਆ। ਖ਼ਾਸ ਤੌਰ ’ਤੇ ਪਿਛਲੇ ਸਮੇਂ ਦੌਰਾਨ ਕੈਨੇਡਾ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਥਿਤੀ ਅਤੇ ਉਨ੍ਹਾਂ ਨਾਲ ਜੁੜੇ ਸਮਾਜਿਕ ਤੇ ਆਰਥਿਕ ਮਸਲਿਆਂ ਨੂੰ ਨਾਟਕ ਨੇ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ। ਵਿਦੇਸ਼ੀ ਧਰਤੀ ’ਤੇ ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਆਉਣ ਵਾਲੇ ਨੌਜਵਾਨਾਂ ਦੀਆਂ ਆਸਾਂ, ਸੰਘਰਸ਼, ਬੇਵਸੀ ਅਤੇ ਕਈ ਪੱਧਰਾਂ ’ਤੇ ਹੋ ਰਹੇ ਸ਼ੋਸ਼ਣ ਨੂੰ ਨਾਟਕੀ ਅੰਦਾਜ਼ ਵਿੱਚ ਦਰਸ਼ਕਾਂ ਸਾਹਮਣੇ ਰੱਖਿਆ ਗਿਆ।

ਇਸ ਦੇ ਨਾਲ ਹੀ ਨਾਟਕ ਵਿੱਚ ਪੰਜਾਬ ਅਤੇ ਕੈਨੇਡਾ ਦੇ ਮੌਜੂਦਾ ਸਮਾਜਿਕ ਹਾਲਾਤ ਨਾਲ ਸਬੰਧਤ ਕਈ ਵਿਸ਼ਿਆਂ ਨੂੰ ਵੀ ਛੋਹਿਆ ਗਿਆ। ਲੇਖਕ ਨੇ ਵੱਖ-ਵੱਖ ਘਟਨਾਵਾਂ ਅਤੇ ਪਾਤਰਾਂ ਰਾਹੀਂ ਅਜੋਕੇ ਸਮੇਂ ਦੇ ਕਈ ਸਵਾਲ ਦਰਸ਼ਕਾਂ ਦੇ ਸਾਹਮਣੇ ਰੱਖੇ, ਜਿਨ੍ਹਾਂ ਨੇ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕੀਤਾ। ਨਾਟਕ ਵਿੱਚ ਸੰਤੋਖ ਸਿੰਘ ਢੇਸੀ, ਕੁਲਦੀਪ ਟੋਨੀ, ਹਰਪ੍ਰੀਤ ਆਹਲੂਵਾਲੀਆ, ਸਿਮਰਨ ਕਰਾਂਤੀ, ਕਮਲਜੀਤ ਸਿੰਘ ਸੰਧੂ, ਮਨੀ ਸੂਖਮ, ਸਮੀਰ, ਬੀਰ ਬਟਾਲਵੀ, ਜਸ਼ਨਪ੍ਰੀਤ, ਨਵਜੀਤ ਅਤੇ ਜਸਬੀਰ ਮਾਨ ਨੇ ਆਪਣੀ ਅਦਾਕਾਰੀ ਰਾਹੀਂ ਪਾਤਰਾਂ ਨੂੰ ਜੀਵੰਤ ਕੀਤਾ। ਕਲਾਕਾਰਾਂ ਦੀ ਮੰਚ ’ਤੇ ਪੇਸ਼ਕਾਰੀ, ਸੰਵਾਦ ਅਦਾਇਗੀ ਅਤੇ ਸਾਂਝੀ ਟੀਮ ਵਰਕ ਨੇ ਨਾਟਕ ਦੇ ਪ੍ਰਭਾਵ ਨੂੰ ਹੋਰ ਗਹਿਰਾ ਕੀਤਾ।

ਜੰਨਤ’ ਦੀ ਪੇਸ਼ਕਾਰੀ ਨੇ ਇਹ ਵੀ ਦਰਸਾਇਆ ਕਿ ਰੰਗਮੰਚ ਸਿਰਫ਼ ਮਨੋਰੰਜਨ ਨਹੀਂ, ਸਗੋਂ ਸਮਾਜ ਦੇ ਅੰਦਰਲੇ ਸਵਾਲਾਂ ਨੂੰ ਆਵਾਜ਼ ਦੇਣ ਅਤੇ ਦਰਸ਼ਕਾਂ ਨੂੰ ਆਪਣੇ ਸਮੇਂ ਨਾਲ ਸੰਵਾਦ ਕਰਨ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਹੈ। ਪ੍ਰੋਗਰੈਸਿਵ ਆਰਟ ਕਲੱਬ ਸਰੀ ਦੀ ਇਹ ਪੇਸ਼ਕਾਰੀ ਪਰਵਾਸੀ ਜੀਵਨ ਦੀਆਂ ਹਕੀਕਤਾਂ ਨੂੰ ਮੰਚ ਦੀ ਰੌਸ਼ਨੀ ਵਿੱਚ ਲਿਆਉਣ ਵਾਲੀ ਇੱਕ ਸਾਰਥਿਕ ਕੋਸ਼ਿਸ਼ ਵਜੋਂ ਯਾਦ ਰਹੇਗੀ।

 

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments