ਅਚੀਵਿੰਗ ਫਾਰ ਡੈਲਟਾ ਵੱਲੋਂ ਨਾਰਥ ਡੈਲਟਾ ਚੋਣ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ
ਸਰੀ/ਡੈਲਟਾ, (ਮਹੇਸ਼ਇੰਦਰ ਸਿੰਘ ਮਾਂਗਟ ) ਡੈਲਟਾ ਦੇ ਮੌਜੂਦਾ ਮੇਅਰ George Harvie ਦੀ ਅਗਵਾਈ ਹੇਠ ਅਚੀਵਿੰਗ ਫਾਰ ਡੈਲਟਾ (Achieving for Delta) ਨੇ 7 ਜੂਨ ਨੂੰ ਸਰੀ ਦੇ ਤਾਜ ਪਾਰਕ ਕਨਵੈਂਸ਼ਨ ਸੈਂਟਰ ਵਿੱਚ ਆਪਣੀ ਨਾਰਥ ਡੈਲਟਾ ਚੋਣ ਮੁਹਿੰਮ ਦਾ ਅਧਿਕਾਰਕ ਆਗਾਜ਼ ਕੀਤਾ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਮਰਥਕਾਂ, ਭਾਈਚਾਰਕ ਆਗੂਆਂ ਅਤੇ ਸਥਾਨਕ ਨਿਵਾਸੀਆਂ ਨੇ ਸ਼ਮੂਲੀਅਤ ਕਰਕੇ ਟੀਮ ਨੂੰ ਆਪਣਾ ਸਮਰਥਨ ਦਿੱਤਾ।
ਚੋਣ ਮੁਹਿੰਮ ਦੀ ਸ਼ੁਰੂਆਤ ਦੌਰਾਨ ਮੇਅਰ ਜਾਰਜ ਹਾਰਵੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਡੈਲਟਾ ਦੇ ਵਿਕਾਸ, ਜਨ ਸੁਰੱਖਿਆ, ਬੁਨਿਆਦੀ ਢਾਂਚੇ, ਪਾਰਕਾਂ ਅਤੇ ਕਮਿਊਨਿਟੀ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਕੀਤੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਡੈਲਟਾ ਦੇ ਨਿਵਾਸੀਆਂ ਲਈ ਹੋਰ ਬਿਹਤਰ ਮੌਕੇ ਪੈਦਾ ਕੀਤੇ ਜਾਣਗੇ।

ਅਚੀਵਿੰਗ ਫਾਰ ਡੈਲਟਾ ਨੇ ਇਸ ਸਾਲ ਦੀਆਂ ਨਗਰ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਟੀਮ ਵੀ ਪੇਸ਼ ਕੀਤੀ ਹੈ, ਜਿਸ ਵਿੱਚ ਮੌਜੂਦਾ ਕੌਂਸਲਰਾਂ ਅਤੇ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪਾਰਟੀ ਦਾ ਦਾਅਵਾ ਹੈ ਕਿ ਉਸ ਦੀ ਟੀਮ ਕੋਲ ਤਜਰਬੇ ਅਤੇ ਨਵੀਂ ਸੋਚ ਦਾ ਸੰਤੁਲਨ ਹੈ ਜੋ ਡੈਲਟਾ ਦੇ ਭਵਿੱਖ ਲਈ ਮਹੱਤਵਪੂਰਨ ਸਾਬਤ ਹੋਵੇਗਾ।
ਇਸ ਮੌਕੇ ਨਿੰਮੀ ਡੌਲਾ ਨੇ ਚੜਦੀਕਲਾ ਟਾਈਮ ਟੀਵੀ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਡੈਲਟਾ ਸਕੂਲ ਬੋਰਡ ਟਰੱਸਟੀ ਵੱਲੋਂ ਸੇਵਾਨਿਭਾ ਰਹੇ ਹਨ ਤੇ george harvie ਦੇ ਨਾਲ achieving for delta election ਵਿੱਚ ਖੜ੍ਹੇ ਹੋਏ ਹਨ ਤੇ ਕਿਹਾ ਕਿ ਉਹ ਬਹੁਤ ਕੁਝ ਨਵਾਂ ਕਰਨਾ ਚਾਹੁੰਦੇ ਹਨ ਤੇ ਬਹੁਤ ਸਾਰੇ ਸੁਧਾਰ ਵੀ ਕਰਨਗੇ। ਨਿੰਮੀ ਡੌਲਾ ਨੇ ਖਾਸ ਤੌਰ ’ਤੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਅਚੀਵਿੰਗ ਫਾਰ ਡੈਲਟਾ ਦੀ ਟੀਮ ਦਾ ਸਮਰਥਨ ਕਰਨ।

ਇਕਜੋਤ ਸੰਧੂ ਜੋ ਕਿ ਸਿਟੀ ਕੌਂਸਲ ਦੇ ਕੈਂਡੀਡੇਟ ਵਜੋਂ ਖੜੇ ਹਨ ਉਹਨਾਂ ਨੇ ਵੀ ਸਮਰਥਨ ਦੀ ਮੰਗ ਕੀਤੀ। ਸਮਾਗਮ ਦੇ ਅੰਤ ਵਿੱਚ ਟੀਮ ਦੇ ਮੈਂਬਰਾਂ ਨੇ ਲੋਕਾਂ ਨਾਲ ਮੁਲਾਕਾਤ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਉਣ ਵਾਲੀਆਂ ਚੋਣਾਂ ਲਈ ਸਮਰਥਨ ਮੰਗਿਆ ਅਤੇ ਸਮਾਗਮ ਦੌਰਾਨ ਹਾਜ਼ਰ ਸਮਰਥਕਾਂ ਨੇ ਚੋਣ ਮੁਹਿੰਮ ਲਈ ਉਤਸ਼ਾਹ ਜ਼ਾਹਰ ਕੀਤਾ ਅਤੇ ਟੀਮ ਨੂੰ ਆਉਣ ਵਾਲੀਆਂ ਨਗਰ ਚੋਣਾਂ ਵਿੱਚ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅਚੀਵਿੰਗ ਫਾਰ ਡੈਲਟਾ ਦੀ ਇਹ ਰੈਲੀ ਆਉਣ ਵਾਲੀਆਂ ਨਗਰ ਚੋਣਾਂ ਲਈ ਪਾਰਟੀ ਦੀ ਮੁਹਿੰਮ ਦਾ ਮਹੱਤਵਪੂਰਨ ਪੜਾਅ ਮੰਨੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਮੇਅਰ ਲਈ ਜਾਰਜ ਹਾਰਵੀ ਮੁੜ ਚੋਣ ਮੈਦਾਨ ਵਿੱਚ ਹਨ, ਜਦਕਿ ਸਿਟੀ ਕੌਂਸਲ ਲਈ ਅਲੀਸ਼ੀਆ ਗੁਇਚਨ, ਨਿਕ ਕੈਨਾਕੋਸ, ਜੈਸੀ ਦੋਸਾਂਝ, ਇਕਜੋਤ ਸੰਧੂ, ਜੈਨੀਫਰ ਕੈਸਰ ਅਤੇ ਸੋਨਿਆ ਸੈਂਗਸਟਰ ਨੂੰ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ ਹੈ।
ਸਕੂਲ ਬੋਰਡ ਲਈ ਐਰਿਕਾ ਬੇਅਰਡ, ਉਮੇਂਦਰਾ ਸਿੰਘ, ਜੋ ਮਿਊਗੋ, ਸਾਗਰ ਸੰਘੇੜਾ, ਨਿੰਮੀ ਡੌਲਾ, ਨੇਨਾਹ ਸੈਂਡੀ ਅਤੇ ਰਿਕ ਓਸ਼ਨ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ।






