ਸਰੀ (ਮਹੇਸ਼ਇੰਦਰ ਸਿੰਘ ਮਾਂਗਟ) – ਪੰਨੂ ਪਰਿਵਾਰ ਲਈ ਅੱਜ ਦਾ ਦਿਨ ਬੇਹੱਦ ਖੁਸ਼ੀ ਅਤੇ ਮਾਣ ਵਾਲਾ ਰਿਹਾ, ਜਦੋਂ ਉਨ੍ਹਾਂ ਦੀ ਧੀ ਏਵਾ ਪੰਨੂ ਨੂੰ ਕੈਨੇਡਾ ਦੇ ਸਭ ਤੋਂ ਵੱਕਾਰੀ ਵਿਦਿਅਕ ਸਨਮਾਨਾਂ ਵਿੱਚੋਂ ਇੱਕ ਗਵਰਨਰ ਜਨਰਲ ਅਕਾਦਮਿਕ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਇਹ ਮੈਡਲ ਉਸ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਆਪਣੇ ਸਕੂਲ ਵਿੱਚ ਗ੍ਰੈਜੂਏਸ਼ਨ ਦੌਰਾਨ ਸਭ ਤੋਂ ਉੱਚਾ ਗ੍ਰੇਡ ਪੁਆਇੰਟ ਐਵਰੇਜ (GPA) ਹਾਸਲ ਕਰਦੇ ਹੋਏ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਕੀਤਾ ਹੋਵੇ। ਇਸ ਵਿਲੱਖਣ ਪ੍ਰਾਪਤੀ ਨਾਲ ਉਸ ਨੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੰਜਾਬੀ ਭਾਈਚਾਰੇ ਦਾ ਨਾਮ ਵੀ ਰੌਸ਼ਨ ਕੀਤਾ ਹੈ।
ਉਹ ਇਸ ਸਮੇਂ ਇੰਜੀਨੀਅਰਿੰਗ ਦੀ ਉੱਚ ਸਿੱਖਿਆ ਪ੍ਰਾਪਤ ਕਰ ਰਹੀ ਹੈ ਅਤੇ ਭਵਿੱਖ ਵਿੱਚ ਵੀ ਨਵੀਆਂ ਉਚਾਈਆਂ ਨੂੰ ਛੂਹਣ ਲਈ ਯਤਨਸ਼ੀਲ ਹੈ।
ਇਸ ਮੌਕੇ ‘ਤੇ ਮਾਤਾ ਲਵੀ ਪੰਨੂ ਅਤੇ ਪਿਤਾ ਮਨਜਿੰਦਰ ਪੰਨੂ ਨੇ ਆਪਣੀ ਧੀ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਮਾਣ ਪ੍ਰਗਟ ਕਰਦਿਆਂ ਉਸ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਉਹ ਸਵ. ਰਾਜਿੰਦਰ ਸਿੰਘ ਗਿੱਲ, ਜੋ ਇੱਕ ਪ੍ਰਸਿੱਧ ਸਿੱਖਿਆਇਕ ਅਤੇ ਸਮਾਜ ਸੇਵੀ ਸਨ, ਅਤੇ ਪ੍ਰਿਤਪਾਲ ਕੌਰ ਗਿੱਲ, ਸਾਬਕਾ ਬਲਾਕ ਐਜੂਕੇਸ਼ਨ ਅਫ਼ਸਰ, ਦੀ ਦੋਹਤੀ ਹੈ। ਇਸ ਤੋਂ ਇਲਾਵਾ ਉਹ ਸ. ਡੀ. ਐਸ. ਪੰਨੂ (ਸੇਵਾਮੁਕਤ ਜ਼ਿਲ੍ਹਾ ਮਿੱਟੀ ਸੰਭਾਲ ਅਫ਼ਸਰ) ਅਤੇ ਗੁਰਮੀਤ ਕੌਰ ਪੰਨੂ ਦੀ ਪੋਤੀ ਹੈ।
ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਇਸ ਸ਼ਾਨਦਾਰ ਸਫਲਤਾ ‘ਤੇ ਧੀ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਇਹ ਉਪਲਬਧੀ ਮਿਹਨਤ, ਲਗਨ ਅਤੇ ਉੱਚੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਪ੍ਰੇਰਣਾਦਾਇਕ ਮਿਸਾਲ ਹੈ।




