ਦਿਲਜੀਤ ਦੋਸਾਂਝ ਅਭਿਨੀਤ ਫ਼ਿਲਮ ‘ਸਤਲੁਜ’ (ਪਹਿਲਾਂ ‘ਪੰਜਾਬ ’95’) ਨੂੰ ਭਾਰਤ ਵਿੱਚ ਸ਼ੁੱਕਰਵਾਰ ਨੂੰ ZEE5 ‘ਤੇ ਬਿਨਾਂ ਕਿਸੇ ਕੱਟ ਦੇ ਰਿਲੀਜ਼ ਕੀਤਾ ਗਿਆ ਸੀ। ਪਰ ਰਿਲੀਜ਼ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਇਸ ਨੂੰ OTT ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ।
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ‘ਤੇ ਆਧਾਰਿਤ ਇਹ ਫ਼ਿਲਮ ਲੰਬੇ ਸਮੇਂ ਤੋਂ ਸੈਂਸਰ ਨਾਲ ਜੁੜੀਆਂ ਪ੍ਰਕਿਰਿਆਵਾਂ ਕਾਰਨ ਰੁਕੀ ਹੋਈ ਸੀ।
ZEE5 ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਫ਼ਿਲਮ ਨੂੰ ਅਗਲੀ ਸੂਚਨਾ ਤੱਕ ਭਾਰਤ ਵਿੱਚ ਅਸਥਾਈ ਤੌਰ ‘ਤੇ ਹਟਾਇਆ ਗਿਆ ਹੈ। ਪਲੇਟਫਾਰਮ ਦਾ ਕਹਿਣਾ ਹੈ ਕਿ ਉਹ ਲੋੜੀਂਦੀਆਂ ਪ੍ਰਕਿਰਿਆਵਾਂ ਪੂਰੀਆਂ ਕਰਕੇ ਇਸ ਨੂੰ ਜਲਦ ਤੋਂ ਜਲਦ ਦੁਬਾਰਾ ਦਰਸ਼ਕਾਂ ਲਈ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ZEE5 ਨੇ ਇਹ ਵੀ ਦੱਸਿਆ ਕਿ ਰਿਲੀਜ਼ ਤੋਂ ਬਾਅਦ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਵਧੀਆ ਹੁੰਗਾਰਾ ਮਿਲਿਆ ਅਤੇ ਉਨ੍ਹਾਂ ਨੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਫ਼ਿਲਮ ਨੂੰ ਦੇਖਿਆ ਅਤੇ ਇਸ ਦੀ ਸਰਾਹਨਾ ਕੀਤੀ।
ਫ਼ਿਲਮ ਵਿੱਚ ਦਿਲਜੀਤ ਦੋਸਾਂਝ ਨੇ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਹੈ, ਜਦਕਿ ਇਸ ਦਾ ਨਿਰਦੇਸ਼ਨ ਹਨੀ ਤਰੇਹਨ ਨੇ ਕੀਤਾ ਹੈ।




