ਸਰੀ: (ਮਹੇਸ਼ਇੰਦਰ ਸਿੰਘ ਮਾਂਗਟ) ਵੈਸਟ ਕੋਸਟ ਕਿੰਗ ਫੀਲਡ ਹਾਕੀ ਕਲੱਬ ਦੇ ਪ੍ਰਬੰਧਕਾਂ ਵੱਲੋਂ ਸਮੂਹ ਭਾਈਚਾਰੇ ਨੂੰ ਆਗਾਮੀ ਕੈਨੇਡਾ ਕੱਪ ਹਾਕੀ ਟੂਰਨਾਮੈਂਟ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਹਫ਼ਤੇ 10,11,12 ਜੁਲਾਈ ਦਿਨ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਤਿੰਨ ਦਿਨ ਇਹ ਸ਼ਾਨਦਾਰ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕਰੀਬ 40 ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਵਿੱਚ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਨਾਮਵਰ ਹਾਕੀ ਖਿਡਾਰੀ ਆਪਣਾ ਜੌਹਰ ਵਿਖਾਉਣਗੇ।
ਉਨ੍ਹਾਂ ਕਿਹਾ ਕਿ ਇਹ ਖੇਡਾਂ ਦੇ ਨਾਲ-ਨਾਲ ਭਾਈਚਾਰਕ ਮਿਲਣ-ਜੁਲਣ ਦਾ ਵੀ ਵੱਡਾ ਮੌਕਾ ਹੈ। ਤਿੰਨਾਂ ਦਿਨਾਂ ਦੌਰਾਨ ਦਰਸ਼ਕਾਂ ਲਈ ਲੰਗਰ ਅਤੇ ਵੱਖ-ਵੱਖ ਤਰ੍ਹਾਂ ਦੇ ਸੁਆਦੀ ਭੋਜਨ ਦਾ ਪ੍ਰਬੰਧ ਹੋਵੇਗਾ। ਇਸ ਤੋਂ ਇਲਾਵਾ ਭੰਗੜਾ, ਗਿੱਧਾ ਅਤੇ ਹੋਰ ਮਨੋਰੰਜਕ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ।
ਪ੍ਰਬੰਧਕਾਂ ਨੇ ਕਿਹਾ ਕਿ ਸਮਾਗਮ ਦੌਰਾਨ ਵਪਾਰਕ ਅਦਾਰਿਆਂ ਦੇ ਨੁਮਾਇੰਦੇ, ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਥਾਨਕ ਆਗੂ ਵੀ ਹਾਜ਼ਰ ਰਹਿਣਗੇ, ਜਿਸ ਨਾਲ ਲੋਕਾਂ ਨੂੰ ਆਪਸੀ ਮਿਲਣ-ਜੁਲਣ ਦਾ ਵੀ ਮੌਕਾ ਮਿਲੇਗਾ।
ਉਨ੍ਹਾਂ ਸਮੂਹ ਖੇਡ ਪ੍ਰੇਮੀਆਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਅਤੇ ਇਸ ਤਿੰਨ ਰੋਜ਼ਾ ਹਾਕੀ ਮੇਲੇ ਨੂੰ ਕਾਮਯਾਬ ਬਣਾਉਣ।




