ਪਤਵੰਤਿਆਂ ਅਤੇ ਸਥਾਨਕ ਨਿਵਾਸੀਆਂ ਨਾਲ ਕੀਤਾ ਰੂ-ਬ-ਰੂ ਸੰਵਾਦ
ਸਰੀ, (ਮਹੇਸ਼ਇੰਦਰ ਸਿੰਘ ਮਾਂਗਟ) ਸਰੀ ਦੇ ਲਕਸ਼ਮੀ ਨਰਾਇਣ ਮੰਦਰ ਵਿਖੇ ਐਮਐਲਏ ਮਨਦੀਪ ਸਿੰਘ ਧਾਲੀਵਾਲ ਵੱਲੋਂ “ਮੀਟ ਐਂਡ ਗ੍ਰੀਟ” ਦੇ ਨਾਮ ਹੇਠ ਕਰਵਾਇਆ ਗਿਆ ਵਿਸ਼ੇਸ਼ ਮਿਲਣੀ ਸਮਾਗਮ ਸਫਲਤਾਪੂਰਵਕ ਸਮਾਪਤ ਹੋਇਆ। ਇਸ ਸਮਾਗਮ ਵਿੱਚ ਸਰੀ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਪਤਵੰਤੇ ਸੱਜਣਾਂ, ਸਮਾਜ ਸੇਵੀਆਂ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀਆਂ ਨੇ ਸ਼ਮੂਲੀਅਤ ਕਰਕੇ ਆਪਣੇ ਵਿਚਾਰ ਅਤੇ ਸਮੱਸਿਆਵਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਸੰਬੋਧਨ ਕਰਦਿਆਂ ਐਮ ਐਲ ਏ ਮਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਨਤਾ ਦੀ ਸੇਵਾ ਹੀ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਸਰਕਾਰੀ ਸੇਵਾਵਾਂ, ਸਰਕਾਰੀ ਵਿਭਾਗਾਂ ਜਾਂ ਕਿਸੇ ਹੋਰ ਪ੍ਰਸ਼ਾਸਨਿਕ ਮਾਮਲੇ ਸਬੰਧੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਹਰ ਸ਼ਿਕਾਇਤ ਅਤੇ ਸਮੱਸਿਆ ਨੂੰ ਪੂਰੀ ਗੰਭੀਰਤਾ ਨਾਲ ਸੁਣ ਕੇ ਉਸ ਦੇ ਹੱਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਐਮਐਲਏ ਮਨਦੀਪ ਸਿੰਘ ਧਾਲੀਵਾਲ ਨੇ ਮੰਦਰ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਏਪ੍ਰੀਸੀਸ਼ਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ|
ਸਮਾਗਮ ਦੌਰਾਨ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ, ਸੈਕਟਰੀ ਵਿਨੇ ਸ਼ਰਮਾ, ਰਾਜ ਬੌਲੀ, ਰਮਨ ਸ਼ਰਮਾ, ਸਰੀ ਸਿਟੀ ਕੌਂਸਲਰ ਅਹੁਦੇ ਦੀ ਉਮੀਦਵਾਰ ਸ਼ੈਨਾ ਬਰਮਾਨੀ, ਜਸਪ੍ਰੀਤ ਸਿੰਘ ਸਮੇਤ ਕਈ ਪਤਵੰਤੇ ਸੱਜਣ ਮੌਜੂਦ ਰਹੇ। ਇਸ ਤੋਂ ਇਲਾਵਾ ਮੰਦਰ ਨਾਲ ਜੁੜੇ ਵੱਡੀ ਗਿਣਤੀ ਵਿੱਚ ਭਗਤ ਜਨਾਂ ਨੇ ਵੀ ਸਮਾਗਮ ਵਿੱਚ ਹਾਜ਼ਰੀ ਭਰੀ।
ਸਮਾਗਮ ਉਪਰੰਤ ਐਮ ਐਲ ਏ ਮਨਦੀਪ ਸਿੰਘ ਧਾਲੀਵਾਲ ਨੇ ਸੰਗਤ ਨਾਲ ਮਿਲ ਕੇ ਲੰਗਰ ਦੀ ਸੇਵਾ ਵਿੱਚ ਵੀ ਸ਼ਰਧਾ ਅਤੇ ਨਿਮਰਤਾ ਨਾਲ ਹਿੱਸਾ ਲਿਆ, ਜਿਸ ਦੀ ਹਾਜ਼ਰ ਸੰਗਤ ਵੱਲੋਂ ਸਰਾਹਨਾ ਕੀਤੀ ਗਈ। ਸਮਾਗਮ ਦੌਰਾਨ ਲੋਕਾਂ ਅਤੇ ਐਮਐਲਏ ਵਿਚਾਲੇ ਖੁੱਲ੍ਹਾ ਸੰਵਾਦ ਹੋਇਆ, ਜਿਸ ਨਾਲ ਲੋਕਾਂ ਨੂੰ ਆਪਣੇ ਮਸਲੇ ਸਿੱਧੇ ਤੌਰ ‘ਤੇ ਰੱਖਣ ਦਾ ਮੌਕਾ ਮਿਲਿਆ।




