ਚੰਡੀਗੜ੍ਹ: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਆਮ ਆਦਮੀ ਪਾਰਟੀ (ਆਪ) ਨੇ ਆਪਣੀ ਚੋਣੀ ਰਣਨੀਤੀ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਨੇ ਸੂਬੇ ਭਰ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ ‘ਤੇ ਆਪਣੀ ਪਕੜ ਵਧਾਉਣ ਲਈ ਨਵੇਂ ਹਲਕਾ ਇੰਚਾਰਜ ਨਿਯੁਕਤ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਖ਼ਾਸ ਤੌਰ ‘ਤੇ ਉਹਨਾਂ ਵਿਧਾਨ ਸਭਾ ਹਲਕਿਆਂ ਵਿੱਚ ਨਵੇਂ ਚਿਹਰਿਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ, ਜਿੱਥੇ ਮੌਜੂਦਾ ਵਿਧਾਇਕਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਜਾਂ ਉਮੀਦਵਾਰ ਬਦਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪਾਰਟੀ ਦੇ ਉੱਚ ਪੱਧਰੀ ਆਗੂਆਂ ਨੇ ਦਿੱਲੀ ਵਿੱਚ ਹੋਈ ਅਹਿਮ ਮੀਟਿੰਗ ਦੌਰਾਨ ਪੰਜਾਬ ਦੀ ਚੋਣੀ ਸਥਿਤੀ ਅਤੇ ਸੰਗਠਨਕ ਢਾਂਚੇ ਬਾਰੇ ਵਿਸਥਾਰ ਨਾਲ ਵਿਚਾਰ ਕੀਤਾ। ਸੂਤਰਾਂ ਮੁਤਾਬਕ, ਪੰਜਾਬ ਵਿੱਚ ਵੀ ਜਲਦ ਲੜੀਵਾਰ ਮੀਟਿੰਗਾਂ ਕਰਕੇ ਉਮੀਦਵਾਰਾਂ ਦੀ ਚੋਣ ਸਬੰਧੀ ਫ਼ੈਸਲੇ ਲਏ ਜਾਣਗੇ। ਪਾਰਟੀ ਵੱਲੋਂ 117 ਵਿਧਾਨ ਸਭਾ ਹਲਕਿਆਂ ਤੋਂ ਪ੍ਰਾਪਤ ਹੋਈ ਬਹੁਪੱਖੀ ਫੀਡਬੈਕ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਇਸ ਦੇ ਆਧਾਰ ‘ਤੇ ਭਵਿੱਖ ਦੀ ਚੋਣੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।
ਇਸੇ ਯੋਜਨਾ ਦੇ ਤਹਿਤ ਹਰ ਵਿਧਾਨ ਸਭਾ ਹਲਕੇ ਵਿੱਚ ਛੇ-ਛੇ ਸੈਕਟਰ ਇੰਚਾਰਜ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਦੀ ਜ਼ਿੰਮੇਵਾਰੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ, ਵਿਕਾਸ ਕਾਰਜਾਂ ਅਤੇ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਵੋਟਰਾਂ ਤੋਂ ਲਗਾਤਾਰ ਫੀਡਬੈਕ ਇਕੱਠੀ ਕਰਨੀ ਹੈ। ਇਹ ਫੀਡਬੈਕ ਸਬੰਧਤ ਹਲਕਾ ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਜੋ ਸਮੇਂ ਸਿਰ ਲੋੜੀਂਦੇ ਸੁਧਾਰ ਕੀਤੇ ਜਾ ਸਕਣ।
ਭਾਵੇਂ ਪਾਰਟੀ ਦੇ ਵੱਡੇ ਹਿੱਸੇ ਦੇ ਮੌਜੂਦਾ ਵਿਧਾਇਕਾਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਨ ਦੀ ਸੰਭਾਵਨਾ ਬਣੀ ਹੋਈ ਹੈ, ਪਰ ਕਈ ਹਲਕਿਆਂ ਵਿੱਚ ਨਵੇਂ ਚਿਹਰਿਆਂ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਵੀ ਚੁੱਪਚਾਪ ਜਾਰੀ ਹੈ। ਜਿਨ੍ਹਾਂ ਹਲਕਿਆਂ ਵਿੱਚ ਵਿਧਾਇਕਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਹੋਏ ਹਨ ਜਾਂ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਦੇ ਦੋਸ਼ ਸਾਹਮਣੇ ਆਏ ਹਨ, ਉੱਥੇ ਨਵੇਂ ਹਲਕਾ ਇੰਚਾਰਜ ਲਗਾ ਕੇ ਇੱਕ ਵੱਖਰਾ ਸੰਗਠਨਕ ਢਾਂਚਾ ਖੜ੍ਹਾ ਕੀਤਾ ਜਾ ਰਿਹਾ ਹੈ।
ਹਾਲ ਹੀ ਵਿੱਚ ਬਠਿੰਡਾ ਦਿਹਾਤੀ ਤੋਂ ਸਾਬਕਾ ਪੀਸੀਐਸ ਅਧਿਕਾਰੀ ਗੋਪਾਲ ਸਿੰਘ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪੱਟੀ ਹਲਕੇ ਲਈ ਜਸਕੰਵਲ ਸਿੰਘ ਗਿੱਲ (ਜੱਸਾ ਪੱਟੀ), ਫ਼ਤਿਹਗੜ੍ਹ ਚੂੜੀਆਂ ਲਈ ਹਰਜੋਬਨਜੀਤ ਸਿੰਘ ਰੰਧਾਵਾ ਅਤੇ ਜਲੰਧਰ ਦੱਖਣੀ ਲਈ ਵਨੀਤ ਧੀਰ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪਾਰਟੀ ਵੱਲੋਂ ਇਹ ਨਿਯੁਕਤੀਆਂ ਚੋਣੀ ਤਿਆਰੀ ਦੇ ਹਿੱਸੇ ਵਜੋਂ ਦੇਖੀਆਂ ਜਾ ਰਹੀਆਂ ਹਨ।
ਬਠਿੰਡਾ ਸ਼ਹਿਰੀ ਹਲਕੇ ਵਿੱਚ ਵੀ ਸੰਗਠਨਕ ਪੱਧਰ ‘ਤੇ ਤਬਦੀਲੀਆਂ ਦੇ ਸੰਕੇਤ ਮਿਲ ਰਹੇ ਹਨ। ਪਾਰਟੀ ਵੱਲੋਂ ਮਹਿਤਾ ਪਰਿਵਾਰ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ, ਜਦਕਿ ਹਾਲ ਹੀ ਵਿੱਚ ਹੋਏ ਰੋਡ ਸ਼ੋਅ ਦੌਰਾਨ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਗੈਰਹਾਜ਼ਰੀ ਨੇ ਵੀ ਸਿਆਸੀ ਚਰਚਾਵਾਂ ਨੂੰ ਜਨਮ ਦਿੱਤਾ ਹੈ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਕਾਦੀਆਂ ਹਲਕੇ ਵਿੱਚ ਵੀ ਪਾਰਟੀ ਨੇ ਗੁਰਇਕਬਾਲ ਸਿੰਘ ਮਾਹਿਲ ਨੂੰ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਇਸੇ ਤਰ੍ਹਾਂ ਸਮਾਣਾ ਲਈ ਸੁਰਜੀਤ ਸਿੰਘ ਰੱਖੜਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਡੇਰਾਬੱਸੀ, ਸਨੌਰ, ਸਮਾਣਾ, ਬਠਿੰਡਾ ਸ਼ਹਿਰੀ, ਮਾਨਸਾ ਅਤੇ ਲੰਬੀ ਵਰਗੇ ਹਲਕਿਆਂ ਵਿੱਚ ਵੀ ਪਾਰਟੀ ਸੰਗਠਨ ਨੂੰ ਨਵੀਂ ਤਾਕਤ ਦੇਣ ਲਈ ਬਰਾਬਰ ਕੇਂਦਰ ਤਿਆਰ ਕੀਤੇ ਜਾ ਰਹੇ ਹਨ। ਹਾਲਾਂਕਿ ਪਾਰਟੀ ਨੇ ਅਜੇ ਤੱਕ ਇਨ੍ਹਾਂ ਹਲਕਿਆਂ ਦੇ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟਣ ਬਾਰੇ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ।
117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਕੋਲ ਇਸ ਵੇਲੇ 94 ਵਿਧਾਇਕ ਹਨ। ਬਾਕੀ 23 ਹਲਕਿਆਂ ਵਿੱਚ, ਜਿੱਥੇ ਵੱਖ-ਵੱਖ ਵਿਰੋਧੀ ਪਾਰਟੀਆਂ ਦੀ ਨੁਮਾਇੰਦਗੀ ਹੈ, ਉੱਥੇ ਵੀ ਪਾਰਟੀ ਨੇ ਆਪਣਾ ਸੰਗਠਨ ਮਜ਼ਬੂਤ ਕਰਨ ਲਈ ਨਵੇਂ ਹਲਕਾ ਇੰਚਾਰਜ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਦੇ ਪ੍ਰਭਾਵ ਵਾਲੇ ਸੁਜਾਨਪੁਰ, ਫਿਲੌਰ, ਫਗਵਾੜਾ, ਫ਼ਤਿਹਗੜ੍ਹ ਚੂੜੀਆਂ ਅਤੇ ਜਲੰਧਰ ਉੱਤਰੀ ਵਿੱਚ ਪਹਿਲਾਂ ਹੀ ਇੰਚਾਰਜ ਤਾਇਨਾਤ ਕੀਤੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਨਵਾਂਸ਼ਹਿਰ, ਜਿੱਥੇ ਬਹੁਜਨ ਸਮਾਜ ਪਾਰਟੀ ਦੀ ਨੁਮਾਇੰਦਗੀ ਹੈ, ਅਤੇ ਮੁਕੇਰੀਆਂ, ਜਿੱਥੇ ਭਾਰਤੀ ਜਨਤਾ ਪਾਰਟੀ ਦਾ ਵਿਧਾਇਕ ਹੈ, ਉੱਥੇ ਵੀ ਪਾਰਟੀ ਨੇ ਨਵੇਂ ਹਲਕਾ ਇੰਚਾਰਜ ਨਿਯੁਕਤ ਕਰਕੇ ਆਪਣੀ ਚੋਣੀ ਤਿਆਰੀ ਨੂੰ ਹੋਰ ਮਜ਼ਬੂਤ ਕੀਤਾ ਹੈ।
‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਨੇ ਪਿਛਲੇ ਕੁਝ ਸਮੇਂ ਦੌਰਾਨ ਜ਼ਮੀਨੀ ਪੱਧਰ ‘ਤੇ ਆਪਣਾ ਸੰਗਠਨ ਕਾਫ਼ੀ ਮਜ਼ਬੂਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਰਕਰਾਂ ਦੀ ਮਿਹਨਤ ਅਤੇ ਸਰਕਾਰ ਦੀ ਕਾਰਗੁਜ਼ਾਰੀ ਹੀ 2027 ਦੇ ਚੋਣੀ ਮਿਸ਼ਨ ਦੀ ਸਭ ਤੋਂ ਵੱਡੀ ਤਾਕਤ ਬਣੇਗੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪਾਰਟੀ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖ ਕੇ ਆਉਣ ਵਾਲੀਆਂ ਚੋਣਾਂ ਵਿੱਚ ਵੀ ਮਜ਼ਬੂਤ ਪ੍ਰਦਰਸ਼ਨ ਕਰੇਗੀ।




