HomeEntertainmentਲੰਬੇ ਅਰਸੇ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰਨਗੇ ਹਰਭਜਨ ਮਾਨ, ‘ਇਹ ਦਿਨ...

ਲੰਬੇ ਅਰਸੇ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰਨਗੇ ਹਰਭਜਨ ਮਾਨ, ‘ਇਹ ਦਿਨ ਰੋਜ਼ ਨੀ ਆਉਣੇ’ ਰਿਲੀਜ਼ ਲਈ ਤਿਆਰ

ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਦਿਵਾਉਣ ਵਾਲੇ ਮਸ਼ਹੂਰ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਇੱਕ ਵਾਰ ਫਿਰ ਵੱਡੇ ਪਰਦੇ ’ਤੇ ਧਮਾਕੇਦਾਰ ਵਾਪਸੀ ਕਰਨ ਲਈ ਤਿਆਰ ਹਨ। ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ ‘ਇਹ ਦਿਨ ਰੋਜ਼ ਨੀ ਆਉਣੇ’ ਜਲਦ ਹੀ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

‘ਤਿੰਨ ਰੰਗ ਫਿਲਮਸ’ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਅਨੀਤ ਸੇਖੋਂ ਨੇ ਕੀਤਾ ਹੈ। ਇਸ ਫਿਲਮ ਰਾਹੀਂ ਅਨੀਤ ਸੇਖੋਂ ਪੰਜਾਬੀ ਫਿਲਮ ਉਦਯੋਗ ਵਿੱਚ ਨਿਰਦੇਸ਼ਕ ਵਜੋਂ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ। ਪਰਿਵਾਰਕ ਅਤੇ ਸੰਗੀਤਮਈ ਰੰਗਾਂ ਨਾਲ ਭਰਪੂਰ ਇਹ ਫਿਲਮ ਪੰਜਾਬ ਦੇ ਪੁਰਾਤਨ ਸੱਭਿਆਚਾਰ ਅਤੇ ਰਿਸ਼ਤਿਆਂ ਦੀ ਖੂਬਸੂਰਤ ਝਲਕ ਪੇਸ਼ ਕਰੇਗੀ।

ਫਿਲਮ ਦੀ ਸਟਾਰ ਕਾਸਟ ਕਾਫ਼ੀ ਪ੍ਰਭਾਵਸ਼ਾਲੀ ਹੈ। ਹਰਭਜਨ ਮਾਨ ਤੋਂ ਇਲਾਵਾ ਪਦਮ ਸ਼੍ਰੀ ਨਿਰਮਲ ਰਿਸ਼ੀ, ਸਰਬਜੀਤ ਚੀਮਾ, ਸੁੱਖ ਪਿੰਡੀ ਆਲਾ, ਪ੍ਰੀਤਿਸ਼ ਨਰੂਲਾ, ਜਗਤਾਰ ਜੱਗੀ, ਸੰਦੀਪ ਜੀਤ ਪਟੀਲਾ, ਹਰਪ੍ਰੀਤ ਵਾਲੀਆ ਅਤੇ ਕਬੀਰ ਗਿੱਲ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਨਵੇਂ ਚਿਹਰੇ ਅਵਕਾਸ਼ ਮਾਨ, ਹੀਰ ਅੱਛਰਾ ਅਤੇ ਅਰੁਣਾ ਬੈਨੀਵਾਲ ਵੀ ਦਰਸ਼ਕਾਂ ਲਈ ਖਾਸ ਆਕਰਸ਼ਣ ਬਣਨਗੇ।

ਫਿਲਮ ਦੇ ਨਿਰਮਾਤਾ ਲੋਕੇਸ਼ ਚਾਹਲ ਹਨ, ਜਦਕਿ ਗੁਰਵਿੰਦਰ ਸਿੰਘ ਸੰਧੂ ਅਤੇ ਪਾਲ ਸਿੱਧੂ ਐਸੋਸੀਏਟ ਪ੍ਰੋਡਿਊਸਰ ਦੀ ਭੂਮਿਕਾ ਨਿਭਾ ਰਹੇ ਹਨ। ਫਿਲਮ ਦੀ ਸਿਨੇਮਾਟੋਗ੍ਰਾਫੀ ਮੁਕੁਲ ਪੁਨੀਆ ਨੇ ਕੀਤੀ ਹੈ, ਜਦਕਿ ਸੰਪਾਦਨ ਦੀ ਜ਼ਿੰਮੇਵਾਰੀ ਭਾਰਤ ਐਸ ਰਾਵਤ ਨੇ ਸੰਭਾਲੀ ਹੈ। ਸੰਵਾਦ ਗੁਰਪ੍ਰੀਤ ਰਟੋਲ ਨੇ ਲਿਖੇ ਹਨ ਅਤੇ ਬੈਕਗ੍ਰਾਊਂਡ ਸਕੋਰ ਗੁਰਮੋਹ ਵੱਲੋਂ ਤਿਆਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਫਿਲਮ ਦੇ ਪ੍ਰੋਡਕਸ਼ਨ ਡਿਜ਼ਾਈਨ ਦੀ ਕਮਾਨ ਕੁਮਾਰ ਰਿਤੇਸ਼ ਨੇ ਸੰਭਾਲੀ ਹੈ, ਜਦਕਿ ਕਾਸਟਿਊਮ ਡਿਜ਼ਾਈਨ ਹੋਲਿਸਟੀਕਲੀ ਹਰਮਨ ਅਤੇ ਸਹਰ ਮਾਨ ਨੇ ਤਿਆਰ ਕੀਤੇ ਹਨ। ਫਿਲਮ ਦੇ ਗੀਤਾਂ ਅਤੇ ਨਾਚ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੋਰਿਓਗ੍ਰਾਫਰ ਰਿਚੀ ਬਰਟਨ ਨੇ ਖਾਸ ਮਿਹਨਤ ਕੀਤੀ ਹੈ।

ਵਿਸ਼ਵ ਪੱਧਰ ’ਤੇ ਇਸ ਫਿਲਮ ਨੂੰ ਓਮਜੀ ਗਰੁੱਪ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਨਿਰਮਾਤਾਵਾਂ ਦਾ ਦਾਅਵਾ ਹੈ ਕਿ ਇਹ ਫਿਲਮ ਪੰਜਾਬੀ ਸਿਨੇਮਾ ਨੂੰ ਇੱਕ ਨਵਾਂ ਅਹਿਸਾਸ ਦੇਵੇਗੀ ਅਤੇ ਦਰਸ਼ਕਾਂ ਨੂੰ ਪਰਿਵਾਰਕ ਕਹਾਣੀ, ਭਾਵਨਾਵਾਂ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜੇਗੀ।

ਜ਼ਿਕਰਯੋਗ ਹੈ ਕਿ ਅਨੀਤ ਸੇਖੋਂ ਇਸ ਤੋਂ ਪਹਿਲਾਂ ਵੈੱਬ ਸੀਰੀਜ਼ ‘ਦ ਤਖ਼ਤ: ਗੇਮ ਆਫ਼ ਪਾਵਰ’ ਰਾਹੀਂ ਵੀ ਖਾਸ ਪਛਾਣ ਬਣਾ ਚੁੱਕੇ ਹਨ। ਹੁਣ ‘ਇਹ ਦਿਨ ਰੋਜ਼ ਨੀ ਆਉਣੇ’ ਰਾਹੀਂ ਉਹ ਵੱਡੇ ਪਰਦੇ ’ਤੇ ਆਪਣੀ ਨਿਰਦੇਸ਼ਕੀ ਕਾਬਲੀਅਤ ਦਾ ਪ੍ਰਦਰਸ਼ਨ ਕਰਨ ਜਾ ਰਹੇ ਹਨ।

ਹਰਭਜਨ ਮਾਨ ਦੇ ਪ੍ਰਸ਼ੰਸਕ ਇਸ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਪੰਜਾਬੀ ਸਿਨੇਮਾ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments