ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਰਿਸ਼ ਵਰਮਾ ਇੱਕ ਵਾਰ ਫਿਰ ਦਰਸ਼ਕਾਂ ਲਈ ਨਵਾਂ ਤੋਹਫ਼ਾ ਲੈ ਕੇ ਆ ਰਹੇ ਹਨ। ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ ‘ਮੇਰਾ ਯਾਰ ਗਵਾਚਾ’ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਰੁਮਾਂਟਿਕ ਅਤੇ ਸੰਗੀਤਮਈ ਵਿਸ਼ੇ ’ਤੇ ਆਧਾਰਿਤ ਇਹ ਫਿਲਮ ਜਲਦ ਹੀ ਸ਼ੂਟਿੰਗ ਦੇ ਪੜਾਅ ਵਿੱਚ ਦਾਖ਼ਲ ਹੋਣ ਜਾ ਰਹੀ ਹੈ।
ਇਸ ਫਿਲਮ ਦਾ ਨਿਰਦੇਸ਼ਨ ਪ੍ਰਵੀਨ ਕੁਮਾਰ ਵੱਲੋਂ ਕੀਤਾ ਜਾਵੇਗਾ, ਜੋ ਇਸ ਤੋਂ ਪਹਿਲਾਂ ਵੀ ਕਈ ਚਰਚਿਤ ਪ੍ਰੋਜੈਕਟਾਂ ਨਾਲ ਜੁੜੇ ਰਹੇ ਹਨ। ‘ਕਿਸਮਤ ਦਾ ਲੇਖਾ ਭਾਵੇਂ ਮਿਟ ਜਾਵੇ, ਇਸ਼ਕ ਦਾ ਲੇਖਾ ਮਿਟਾਇਆ ਨਹੀਂ ਮਿਟਦਾ’ ਦੀ ਟੈਗਲਾਈਨ ਹੇਠ ਬਣ ਰਹੀ ਇਸ ਫਿਲਮ ਵਿੱਚ ਹਰਿਸ਼ ਵਰਮਾ ਅਤੇ ਦੀਪ ਸਹਿਗਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਦੋਵੇਂ ਕਲਾਕਾਰ ਪਹਿਲੀ ਵਾਰ ਇਕੱਠੇ ਸਿਲਵਰ ਸਕ੍ਰੀਨ ’ਤੇ ਦਿਖਾਈ ਦੇਣਗੇ।
ਫਿਲਮ ਦਾ ਨਿਰਮਾਣ ਪ੍ਰਦੀਪ ਕੁਮਾਰ ਅਤੇ ਪੂਨਮ ਕੁਮਾਰੀ ਵੱਲੋਂ ਕੀਤਾ ਜਾ ਰਿਹਾ ਹੈ, ਜਦਕਿ ਕਹਾਣੀ ਅਤੇ ਸਕ੍ਰੀਨਪਲੇਅ ਅਮਨ ਸਿੱਧੂ ਨੇ ਲਿਖਿਆ ਹੈ। ਸੰਦੀਪ ਸਿੰਘ (ਅਮਨ) ਇਸ ਫਿਲਮ ਦੇ ਕਾਰਜਕਾਰੀ ਨਿਰਮਾਤਾ ਹਨ ਅਤੇ ਸੋਨੀ ਸਿੰਘ ਡੀਓਪੀ ਦੀ ਜ਼ਿੰਮੇਵਾਰੀ ਨਿਭਾਉਣਗੇ।
ਪਰਿਵਾਰਕ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਸਜੀ ਇਸ ਫਿਲਮ ਦਾ ਸੰਗੀਤ ਵੀ ਖ਼ਾਸ ਖਿੱਚ ਦਾ ਕੇਂਦਰ ਬਣੇਗਾ। ਫਿਲਮ ਦੇ ਗੀਤ ਪ੍ਰਸਿੱਧ ਗੀਤਕਾਰ ਹੈਪੀ ਰਾਏਕੋਟੀ ਲਿਖਣਗੇ, ਜਦਕਿ ਸੰਗੀਤਕਾਰ ਜਤਿੰਦਰ ਸ਼ਾਹ ਆਪਣੀਆਂ ਧੁਨਾਂ ਨਾਲ ਇਸ ਨੂੰ ਹੋਰ ਵੀ ਖ਼ਾਸ ਬਣਾਉਣਗੇ।
ਹਰਿਸ਼ ਵਰਮਾ ਇਸ ਤੋਂ ਪਹਿਲਾਂ ‘ਕਦੇ ਦਾਦੇ ਦੀਆਂ ਕਦੇ ਪੋਤੇ’ ਅਤੇ ‘ਰਾਵੀ ਦੇ ਕੰਢੇ’ ਵਰਗੀਆਂ ਫਿਲਮਾਂ ਰਾਹੀਂ ਦਰਸ਼ਕਾਂ ਦੀ ਵਾਹਵਾਹੀ ਖੱਟ ਚੁੱਕੇ ਹਨ। ਹੁਣ ‘ਮੇਰਾ ਯਾਰ ਗਵਾਚਾ’ ਰਾਹੀਂ ਉਹ ਇੱਕ ਵਾਰ ਫਿਰ ਪੰਜਾਬੀ ਸਿਨੇਮਾ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਉਣ ਲਈ ਤਿਆਰ ਹਨ।
ਫਿਲਮ ਦੀ ਕਹਾਣੀ, ਸੰਗੀਤ ਅਤੇ ਕਲਾਕਾਰਾਂ ਦੀ ਜੋੜੀ ਨੂੰ ਲੈ ਕੇ ਦਰਸ਼ਕਾਂ ਵਿੱਚ ਪਹਿਲਾਂ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਨਿਰਮਾਤਾਵਾਂ ਦਾ ਦਾਅਵਾ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਪਿਆਰ, ਜਜ਼ਬਾਤਾਂ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਵਿੱਚ ਕਾਮਯਾਬ ਰਹੇਗੀ।
ਫਿਲਮ ‘ਮੇਰਾ ਯਾਰ ਗਵਾਚਾ’ ਨੂੰ ਸਾਲ 2027 ਵਿੱਚ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾਵੇਗਾ।




