HomeIndianਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਵਿਕਰਮਜੀਤ ਸਾਹਨੀ ਦਾ ਨੌਜਵਾਨਾਂ ਲਈ ਵੱਡਾ...

ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਵਿਕਰਮਜੀਤ ਸਾਹਨੀ ਦਾ ਨੌਜਵਾਨਾਂ ਲਈ ਵੱਡਾ ਐਲਾਨ, ਪੰਜਾਬ ’ਚ ਬਣਨਗੇ ‘ਸ਼ਹੀਦ ਭਗਤ ਸਿੰਘ ਯੂਥ ਫੈਸਿਲਿਟੇਸ਼ਨ ਸੈਂਟਰ’

ਹੁਨਰ ਵਿਕਾਸ, ਰੋਜ਼ਗਾਰ, ਉਦਮਸ਼ੀਲਤਾ ਅਤੇ ਏਆਈ ਸਿਖਲਾਈ ਤੋਂ ਲੈ ਕੇ ਨਸ਼ਾ ਵਿਰੋਧੀ ਮੁਹਿੰਮ ਤੱਕ ਹੋਣਗੀਆਂ ਪਹਿਲਕਦਮੀਆਂ

ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਨੌਜਵਾਨਾਂ ਲਈ ਦੋ ਅਹਿਮ ਪਹਿਲਕਦਮੀਆਂ ਦਾ ਐਲਾਨ ਕੀਤਾ ਹੈ। ਸ੍ਰੀ ਸਾਹਨੀ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਨੌਜਵਾਨਾਂ ਦੀ ਸਿੱਖਿਆ, ਹੁਨਰ ਵਿਕਾਸ, ਰੋਜ਼ਗਾਰ ਅਤੇ ਨਸ਼ਿਆਂ ਤੋਂ ਦੂਰ ਰੱਖਣ ਨਾਲ ਸਬੰਧਤ ਇਨ੍ਹਾਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।

ਸ੍ਰੀ ਸਾਹਨੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਨੌਜਵਾਨਾਂ ਲਈ ਵੱਖ-ਵੱਖ ਖੇਤਰਾਂ ਵਿੱਚ ਕਈ ਪਹਿਲਕਦਮੀਆਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਯਤਨਾਂ ਰਾਹੀਂ ਨੌਜਵਾਨਾਂ ਨੂੰ ਹੁਨਰ ਵਿਕਾਸ, ਰੋਜ਼ਗਾਰ, ਸਟਾਰਟਅਪ ਅਤੇ ਇੰਟਰਨਸ਼ਿਪ ਦੇ ਮੌਕੇ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ, ਮਾਰਗਦਰਸ਼ਨ ਅਤੇ ਮੌਕੇ ਦੇਣ ਦੀ ਲੋੜ ਹੈ ਤਾਂ ਜੋ ਉਹ ਆਪਣੀ ਸਮਰੱਥਾ ਦਾ ਪੂਰਾ ਲਾਭ ਲੈ ਸਕਣ।

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਾਪਿਤ ਹੋਣਗੇ ਯੂਥ ਸੈਂਟਰ

ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਤੋਂ ਪ੍ਰੇਰਿਤ ਹੋ ਕੇ ਵਿਸ਼ਵ ਪੰਜਾਬੀ ਸੰਸਥਾ ਅਤੇ ਸੰਨ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਸ਼ਹੀਦ ਭਗਤ ਸਿੰਘ ਯੂਥ ਫੈਸਿਲਿਟੇਸ਼ਨ ਸੈਂਟਰ’ ਸਥਾਪਿਤ ਕੀਤੇ ਜਾਣਗੇ।

ਇਨ੍ਹਾਂ ਕੇਂਦਰਾਂ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਕਰੀਅਰ ਅਤੇ ਭਵਿੱਖ ਨਾਲ ਸਬੰਧਤ ਵੱਖ-ਵੱਖ ਮੌਕੇ ਇੱਕ ਥਾਂ ’ਤੇ ਮੁਹੱਈਆ ਕਰਵਾਉਣਾ ਹੋਵੇਗਾ। ਇਨ੍ਹਾਂ ਕੇਂਦਰਾਂ ਰਾਹੀਂ ਨੌਜਵਾਨਾਂ ਨੂੰ ਕਰੀਅਰ ਕਾਊਂਸਲਿੰਗ, ਸਕਿੱਲ ਮੈਪਿੰਗ, ਰੋਜ਼ਗਾਰ ਦੇ ਮੌਕੇ, ਉਦਮਸ਼ੀਲਤਾ ਨਾਲ ਸਬੰਧਤ ਮਾਰਗਦਰਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਸਿਖਲਾਈ ਅਤੇ ਵਿੱਤੀ ਸਹਾਇਤਾ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਯੋਜਨਾ ਹੈ।

ਸ੍ਰੀ ਸਾਹਨੀ ਮੁਤਾਬਕ ਇਹ ਕੇਂਦਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਾਪਿਤ ਕੀਤੇ ਜਾਣਗੇ ਅਤੇ ਇਨ੍ਹਾਂ ਰਾਹੀਂ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਰੁਚੀ ਅਨੁਸਾਰ ਸਹੀ ਕਰੀਅਰ ਚੁਣਨ, ਹੁਨਰ ਵਿਕਸਿਤ ਕਰਨ ਅਤੇ ਰੋਜ਼ਗਾਰ ਜਾਂ ਕਾਰੋਬਾਰ ਦੇ ਮੌਕੇ ਹਾਸਲ ਕਰਨ ਲਈ ਮਾਰਗਦਰਸ਼ਨ ਦਿੱਤਾ ਜਾਵੇਗਾ।

ਉਨ੍ਹਾਂ ਵੱਲੋਂ ਐਲਾਨੀ ਗਈ ਦੂਜੀ ਪਹਿਲਕਦਮੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਪੈਦਾ ਕਰਨ ਨਾਲ ਸਬੰਧਤ ਹੈ। ਇਸ ਤਹਿਤ ‘ਨਸ਼ਾ ਮੁਕਤ ਯੁਵਾ ਭਾਰਤ – ਸੱਭਿਆਚਾਰਕ ਸ਼ਾਮਾਂ’ ਦਾ ਆਯੋਜਨ ਕੀਤਾ ਜਾਵੇਗਾ।

5 ਹਜ਼ਾਰ ਤੋਂ ਵੱਧ ਨੌਜਵਾਨਾਂ ਤੱਕ ਪਹੁੰਚਣ ਦਾ ਟੀਚਾ

‘ਨਸ਼ਾ ਮੁਕਤ ਯੁਵਾ ਭਾਰਤ – ਸੱਭਿਆਚਾਰਕ ਸ਼ਾਮਾਂ’ ਤਹਿਤ ਉੱਤਰੀ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰੋਗਰਾਮ ਕਰਵਾਉਣ ਦੀ ਯੋਜਨਾ ਹੈ। ਇਸ ਮੁਹਿੰਮ ਰਾਹੀਂ 5,000 ਤੋਂ ਵੱਧ ਨੌਜਵਾਨਾਂ ਤੱਕ ਪਹੁੰਚ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਇਨ੍ਹਾਂ ਸੱਭਿਆਚਾਰਕ ਸ਼ਾਮਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤਮੰਦ ਅਤੇ ਉਸਾਰੂ ਗਤੀਵਿਧੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਪਹਿਲਕਦਮੀ ਰਾਹੀਂ ਨੌਜਵਾਨਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਸਮਾਜ ਲਈ ਸਕਾਰਾਤਮਕ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ।

ਸ੍ਰੀ ਸਾਹਨੀ ਵੱਲੋਂ ਐਲਾਨੀਆਂ ਗਈਆਂ ਇਨ੍ਹਾਂ ਦੋਵੇਂ ਪਹਿਲਕਦਮੀਆਂ ਵਿੱਚ ਇੱਕ ਪਾਸੇ ਨੌਜਵਾਨਾਂ ਨੂੰ ਸਿੱਖਿਆ, ਹੁਨਰ, ਰੋਜ਼ਗਾਰ ਅਤੇ ਉਦਮਸ਼ੀਲਤਾ ਦੇ ਮੌਕਿਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੀ ਯੋਜਨਾ ਬਣਾਈ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments