Google search engine
Home Canada ਸਰੀ ਸਿਟੀ ਕੌਂਸਲ ਲਈ ਚੋਣ ਮੈਦਾਨ ’ਚ ਉਤਰੀ ਸ਼ੀਨਾ ਵਰਮਾਨੀ — ਜਨਤਕ...

ਸਰੀ ਸਿਟੀ ਕੌਂਸਲ ਲਈ ਚੋਣ ਮੈਦਾਨ ’ਚ ਉਤਰੀ ਸ਼ੀਨਾ ਵਰਮਾਨੀ — ਜਨਤਕ ਸੁਰੱਖਿਆ, ਵਿੱਤੀ ਜ਼ਿੰਮੇਵਾਰੀ ਤੇ ਭਾਈਚਾਰੇ ਦੀ ਭਲਾਈ ਨੂੰ ਬਣਾਇਆ ਮੁੱਖ ਮੁੱਦਾ

9

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) ਸ਼ੀਨਾ ਵਰਮਾਨੀ ਸਰੀ ਸਿਟੀ ਕੌਂਸਲ ਦੀ ਚੋਣ ਲੜ ਰਹੀ ਹੈ। ਉਹ ਸਿਟੀ ਹਾਲ ਵਿੱਚ ਵਿਹਾਰਕ ਸੋਚ, ਪਾਰਦਰਸ਼ੀ ਲੀਡਰਸ਼ਿਪ ਅਤੇ ਟੈਕਸਦਾਤਿਆਂ ਨੂੰ ਪਹਿਲ ਦੇਣ ਵਾਲੀ ਨੀਤੀ ਲਿਆਉਣ ਦਾ ਵਾਅਦਾ ਕਰ ਰਹੀ ਹੈ।

ਸ਼ੀਨਾ ਨੇ ਪਿਛਲੇ 25 ਸਾਲਾਂ ਦੌਰਾਨ ਜਨਤਕ ਸੁਰੱਖਿਆ ਦੇ ਖੇਤਰ ਵਿੱਚ ਕੰਮ ਕਰਦਿਆਂ ਬੀ.ਸੀ. ਸਰਕਾਰ ਲਈ ਅਪਰਾਧ ਰੋਕਥਾਮ ਸਬੰਧੀ ਸੂਬਾਈ ਨੀਤੀਆਂ ਤਿਆਰ ਕਰਨ, ਕਾਨੂੰਨੀ ਪਾਲਣਾ ਸਬੰਧੀ ਰਣਨੀਤੀਆਂ ਬਣਾਉਣ ਅਤੇ ਇੰਡੀਜੀਨਸ ਰੀਕੰਸਿਲੀਏਸ਼ਨ ਨਾਲ ਸਬੰਧਤ ਢਾਂਚੇ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਨੀਤੀ, ਨਿਯਮਾਂ ਅਤੇ ਅਰਥਸ਼ਾਸਤਰ ਦੇ ਖੇਤਰ ਵਿੱਚ ਤਜਰਬੇ ਤੋਂ ਇਲਾਵਾ, ਸ਼ੀਨਾ ਪਿਛਲੇ 10 ਸਾਲਾਂ ਤੋਂ ਸਥਾਨਕ ਪੱਧਰ ’ਤੇ ਭਾਈਚਾਰਕ ਸੇਵਾ ਨਾਲ ਵੀ ਜੁੜੀ ਹੋਈ ਹੈ, ਜਿੱਥੇ ਉਨ੍ਹਾਂ ਨੇ ਨੌਜਵਾਨਾਂ, ਬਜ਼ੁਰਗਾਂ ਅਤੇ ਨਵੇਂ ਆਏ ਲੋਕਾਂ ਦੀ ਸਹਾਇਤਾ ਲਈ ਕੰਮ ਕੀਤਾ ਹੈ।

ਸ਼ੀਨਾ ਦਾ ਕਹਿਣਾ ਹੈ ਕਿ ਸਰੀ ਵਿੱਚ ਸਥਾਨਕ ਕਾਰੋਬਾਰੀ ਫਿਰੌਤੀ ਦੇ ਡਰ ਕਾਰਨ ਚਿੰਤਤ ਹਨ, ਪਰਿਵਾਰਾਂ ’ਤੇ ਘਰਾਂ ਦੀਆਂ ਵਧਦੀਆਂ ਕੀਮਤਾਂ ਅਤੇ ਰਿਹਾਇਸ਼ੀ ਦਬਾਅ ਦਾ ਪ੍ਰਭਾਵ ਹੈ ਅਤੇ ਮਨੋਰੰਜਨ ਕੇਂਦਰਾਂ ਵਿੱਚ ਵਧਦੀ ਭੀੜ ਵੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ।

ਉਹ ਲਿੰਡਾ ਐਨਿਸ ਅਤੇ Surrey First ਟੀਮ ਨਾਲ ਮਿਲ ਕੇ ਟੈਕਸਦਾਤਿਆਂ ਨੂੰ ਪਹਿਲ ਦੇਣ ਅਤੇ ਸਥਾਨਕ ਸਰਕਾਰ ਨੂੰ ਲੋਕਾਂ ਪ੍ਰਤੀ ਵਧੇਰੇ ਜਵਾਬਦੇਹ ਬਣਾਉਣ ਦੀ ਗੱਲ ਕਰ ਰਹੀ ਹੈ।

ਲਿੰਡਾ ਐਨਿਸ ਨਾਲ ਮਿਲ ਕੇ ਚੋਣ ਲੜਨ ਬਾਰੇ ਸ਼ੀਨਾ ਵਰਮਾਨੀ ਨੇ ਕਿਹਾ ਕਿ ਉਹ ਲਿੰਡਾ ਦੀ ਅਸਲ ਜਨਤਕ ਸੁਰੱਖਿਆ, ਇਮਾਨਦਾਰੀ ਅਤੇ ਪਾਰਦਰਸ਼ਤਾ ਪ੍ਰਤੀ ਵਚਨਬੱਧਤਾ ਤੋਂ ਪ੍ਰਭਾਵਿਤ ਹਨ। ਉਨ੍ਹਾਂ ਮੁਤਾਬਕ ਲਿੰਡਾ ਵੱਲੋਂ Crime Stoppers ਦੀ ਅਗਵਾਈ ਦੌਰਾਨ ਕੀਤੇ ਕੰਮ ਇਸ ਵਚਨਬੱਧਤਾ ਦਾ ਸਬੂਤ ਹਨ।

ਸ਼ੀਨਾ ਨੇ ਕਿਹਾ ਕਿ ਦੋਵੇਂ ਮਿਲ ਕੇ ਪੁਲਿਸ ਨੂੰ ਲੋੜੀਂਦੇ ਸਾਧਨ ਮੁਹੱਈਆ ਕਰਵਾਉਣ, ਹਾਊਸਿੰਗ ਦੇ ਰਾਹ ਵਿੱਚ ਆ ਰਹੀ ਲਾਲ ਫੀਤਾਸ਼ਾਹੀ ਘਟਾਉਣ ਅਤੇ ਇਹ ਯਕੀਨੀ ਬਣਾਉਣ ਲਈ ਕੰਮ ਕਰਨਗੇ ਕਿ ਟੈਕਸਦਾਤਿਆਂ ਨੂੰ ਸਿਰਫ਼ ਪੈਸਾ ਦੇਣ ਵਾਲੇ ਸਰੋਤ ਵਜੋਂ ਨਾ ਦੇਖਿਆ ਜਾਵੇ।

ਸ਼ੀਨਾ ਵਰਮਾਨੀ ਨੇ ਕਿਹਾ ਕਿ ਸਰੀ ਜਲਦ ਹੀ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਸ਼ਹਿਰ ਬਣਨ ਜਾ ਰਿਹਾ ਹੈ ਅਤੇ ਇਸ ਲਈ ਸ਼ਹਿਰ ਦੇ ਭਵਿੱਖ ਨੂੰ ਸਹੀ ਦਿਸ਼ਾ ਵਿੱਚ ਵਿਕਸਤ ਕਰਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।

Google search engine
Google search engine