HomeCanadaਹਾਸਿਆਂ ਦੇ ਬੇਤਾਜ ਬਾਦਸ਼ਾਹ ਜਸਵਿੰਦਰ ਭੱਲਾ ਦੀ ਯਾਦ ਵਿੱਚ ਸਰੀ ਵਿਖੇ ਯਾਦਗਾਰੀ...

ਹਾਸਿਆਂ ਦੇ ਬੇਤਾਜ ਬਾਦਸ਼ਾਹ ਜਸਵਿੰਦਰ ਭੱਲਾ ਦੀ ਯਾਦ ਵਿੱਚ ਸਰੀ ਵਿਖੇ ਯਾਦਗਾਰੀ ਸਮਾਗਮ

ਪੁਸਤਕ ‘ਅਣਡਿੱਠਾ ਅਣਸੁਣਿਆ ਜਸਵਿੰਦਰ ਭੱਲਾ’ ਰਿਲੀਜ਼ ਕੀਤੀ ਗਈ

ਸਰੀ, 23 ਅਗਸਤ (ਹਰਦਮ ਮਾਨ)-ਪੀ.ਏ.ਯੂ. ਫੈਮਿਲੀ ਐਸੋਸੀਏਸ਼ਨ ਵੈਨਕੂਵਰ ਅਤੇ ਡਾ. ਜਸਵਿੰਦਰ ਸਿੰਘ ਭੱਲਾ ਫਾਊਂਡੇਸ਼ਨ ਮੋਹਾਲੀ ਵੱਲੋਂ ਪੰਜਾਬੀ ਹਾਸ-ਰਸ ਦੇ ਬੇਤਾਜ ਬਾਦਸ਼ਾਹ ਅਤੇ ਕਾਮੇਡੀ ਕਿੰਗ ਜਸਵਿੰਦਰ ਭੱਲਾ ਦੇ ਸਦੀਵੀ ਵਿਛੋੜੇ ਤੋਂ ਪੂਰਾ ਇੱਕ ਸਾਲ ਬਾਅਦ ਸਰੀ ਵਿਖੇ ਉਨ੍ਹਾਂ ਦੀ ਯਾਦ ਵਿੱਚ ਇੱਕ ਵਿਸ਼ਾਲ, ਭਾਵਪੂਰਨ ਅਤੇ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਦੋ ਸੌ ਦੇ ਕਰੀਬ ਉਨ੍ਹਾਂ ਦੇ ਪ੍ਰਸ਼ੰਸਕਾਂ, ਚਾਹੁਣ ਵਾਲਿਆਂ, ਸਾਹਿਤ ਅਤੇ ਕਲਾ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਕੇ ਆਪਣੇ ਹਰਮਨ ਪਿਆਰੇ ਕਲਾਕਾਰ ਨੂੰ ਯਾਦ ਕੀਤਾ।

ਇਸ ਸਮਾਗਮ ਦੀ ਸਭ ਤੋਂ ਖ਼ੂਬਸੂਰਤ ਵਿਸ਼ੇਸ਼ਤਾ ਇਹ ਰਹੀ ਕਿ ਜਸਵਿੰਦਰ ਭੱਲਾ ਨੂੰ ਉਦਾਸੀ ਜਾਂ ਸੋਗ ਦੇ ਮਾਹੌਲ ਵਿੱਚ ਨਹੀਂ, ਸਗੋਂ ਹਾਸਿਆਂ ਦੇ ਰੰਗ ਵਿੱਚ ਯਾਦ ਕੀਤਾ ਗਿਆ। ਜਿਸ ਕਲਾਕਾਰ ਨੇ ਆਪਣੀ ਕਲਾ ਰਾਹੀਂ ਦਹਾਕਿਆਂ ਤੱਕ ਪੰਜਾਬੀਆਂ ਦੇ ਚਿਹਰਿਆਂ ’ਤੇ ਮੁਸਕਰਾਹਟਾਂ ਬਿਖੇਰੀਆਂ, ਉਸ ਨੂੰ ਉਸੇ ਹਾਸ-ਰਸ ਅਤੇ ਖੁਸ਼ਮਿਜ਼ਾਜ਼ ਅੰਦਾਜ਼ ਵਿੱਚ ਯਾਦ ਕੀਤਾ ਗਿਆ, ਜਿਸ ਲਈ ਉਹ ਲੋਕਾਂ ਦੇ ਦਿਲਾਂ ਵਿੱਚ ਵਸਦੇ ਹਨ।

ਸਮਾਗਮ ਦੇ ਮੁੱਖ ਬੁਲਾਰੇ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਬਾਲ ਮੁਕੰਦ ਸ਼ਰਮਾ ਸਨ। ਉਹਨਾਂ ਜਸਵਿੰਦਰ ਭੱਲਾ ਨਾਲ ਲੰਮੇ ਸਮਾਂ ਕੰਮ ਕੀਤਾ ਅਤੇ ਉਨ੍ਹਾਂ ਦੀ ਕਲਾ-ਯਾਤਰਾ ਦੇ ਬਹੁਤ ਸਾਰੇ ਪੜਾਵਾਂ ਦੇ ਉਹ ਚਸ਼ਮਦੀਦ ਗਵਾਹ ਰਹੇ ਹਨ। ਬਾਲ ਮੁਕੰਦ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਜਸਵਿੰਦਰ ਭੱਲਾ ਨਾਲ ਬਿਤਾਏ ਕਈ ਸਾਲਾਂ ਦੀਆਂ ਅਨਮੋਲ ਯਾਦਾਂ ਬੇਹੱਦ ਖੂਬਸੂਰਤ ਅਤੇ ਦਿਲਚਸਪ ਲਹਿਜ਼ੇ ਵਿੱਚ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਜਸਵਿੰਦਰ ਭੱਲਾ ਦੇ ਕਲਾਤਮਕ ਸਫ਼ਰ ਦੇ ਮੁੱਢਲੇ ਦੌਰ ਕੈਸਟਾਂ ਅਤੇ ਭੰਡਾਂ ਦੀ ਕਲਾ ਤੋਂ ਲੈ ਕੇ ਪੰਜਾਬੀ ਫ਼ਿਲਮਾਂ ਤੱਕ ਉਨ੍ਹਾਂ ਦੀ ਸ਼ਾਨਦਾਰ ਕਲਾ-ਯਾਤਰਾ ਦੇ ਕਈ ਪੜਾਵਾਂ ਨੂੰ ਯਾਦ ਕੀਤਾ।

ਉਨ੍ਹਾਂ ਦੀ ਬਿਆਨਕਾਰੀ ਦੀ ਸਭ ਤੋਂ ਵੱਡੀ ਖ਼ੂਬੀ ਇਹ ਸੀ ਕਿ ਉਨ੍ਹਾਂ ਨੇ ਜਸਵਿੰਦਰ ਭੱਲਾ ਦੀ ਸ਼ਖ਼ਸੀਅਤ ਦੇ ਕਈ ਅਣਸੁਣੇ ਪੱਖ, ਅਣਕਹੀਆਂ ਗੱਲਾਂ ਅਤੇ ਅਣਮੁੱਲੀਆਂ ਯਾਦਾਂ ਪਹਿਲੀ ਵਾਰ ਸਰੋਤਿਆਂ ਦੇ ਸਾਹਮਣੇ ਰੱਖੀਆਂ। ਇਨ੍ਹਾਂ ਯਾਦਾਂ ਰਾਹੀਂ ਜਸਵਿੰਦਰ ਭੱਲਾ ਦੀ ਕਲਾ ਤੋਂ ਇਲਾਵਾ ਉਨ੍ਹਾਂ ਦੀ ਸਾਦਗੀ, ਮਿਲਾਪੜੇ ਸੁਭਾਅ, ਦੋਸਤੀ ਨਿਭਾਉਣ ਦੀ ਕਲਾ ਅਤੇ ਇਨਸਾਨੀਅਤ ਦੇ ਵੀ ਕਈ ਖ਼ੂਬਸੂਰਤ ਪੱਖ ਸਾਹਮਣੇ ਆਏ। ਬਾਲ ਮੁਕੰਦ ਸ਼ਰਮਾ ਦੀਆਂ ਗੱਲਾਂ ਵਿੱਚ ਦੋਸਤੀ ਦੀ ਗਰਮਾਹਟ ਵੀ ਸੀ, ਹਾਸੇ ਦਾ ਰੰਗ ਵੀ ਅਤੇ ਇੱਕ ਮਹਾਨ ਕਲਾਕਾਰ ਨੂੰ ਨੇੜਿਓਂ ਜਾਣਨ ਵਾਲੇ ਸਾਥੀ ਦੀ ਡੂੰਘੀ ਸਮਝ ਵੀ। ਉਨ੍ਹਾਂ ਦਾ ਸੰਬੋਧਨ ਸਮਾਗਮ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਪਲ ਬਣਿਆ।

ਸਮਾਗਮ ਦੌਰਾਨ ਡਾ. ਸਾਧੂ ਸਿੰਘ ਹਰਜਿੰਦਰ ਥਿੰਦ, ਦਵਿੰਦਰ ਬੈਨੀਪਾਲ, ਜਸਬੀਰ ਰੋਮਾਣਾ, ਜਸਬੀਰ ਚੀਮਾ, ਮਨਿੰਦਰ ਗਿੱਲ, ਗੁਰਮੰਤ ਗਰੇਵਾਲ, ਵਿਜੇ ਸੈਣੀ, ਮੋਹਨ ਗਿੱਲ, ਮਨਮੋਹਨ ਗਰੇਵਾਲ, ਜੋਤਿਸਨਾ ਸਲੂਜਾ, ਕੰਚਨ ਸ਼ਰਮਾ, ਹਰਕੀਰਤ ਚਾਹਲ, ਰਵੀ ਚੀਮਾ, ਰਾਣਾ ਰਣਬੀਰ, ਬੀ.ਸੀ. ਦੇ ਮੰਤਰੀ ਜਗਰੂਪ ਬਰਾੜ, ਡਾ. ਹਮੇਸ਼ ਤਿਵਾੜੀ, ਡਾ. ਰਮੇਸ਼ ਕੁਮਾਰ, ਡਾ. ਆਰ ਐਸ ਪਰਿਹਾਰ, ਸੁਖਵਿੰਦਰ ਸੁੱਖੀ ਅਤੇ ਹੋਰ ਕਈ ਬੁਲਾਰਿਆਂ ਨੇ ਜਸਵਿੰਦਰ ਭੱਲਾ ਨਾਲ ਜੁੜੀਆਂ ਯਾਦਾਂ, ਹਾਸੇ-ਮਜ਼ਾਕ ਵਾਲੇ ਕਿੱਸੇ ਅਤੇ ਉਨ੍ਹਾਂ ਦੀ ਕਲਾ ਨਾਲ ਸੰਬੰਧਿਤ ਦਿਲਚਸਪ ਪਲ ਸਰੋਤਿਆਂ ਨਾਲ ਸਾਂਝੇ ਕੀਤੇ। ਕਿਸੇ ਵੀ ਬੁਲਾਰੇ ਨੇ ਉਦਾਸੀ ਭਰੇ ਜਾਂ ਮਾਤਮੀ ਬੋਲਾਂ ਨਾਲ ਸਮਾਗਮ ਦੇ ਮਾਹੌਲ ਨੂੰ ਗਮਗੀਨ ਨਹੀਂ ਕੀਤਾ। ਹਰ ਕਿਸੇ ਨੇ ਉਨ੍ਹਾਂ ਨੂੰ ਹਾਸਿਆਂ ਦੇ ਬਾਦਸ਼ਾਹ, ਕਮੇਡੀ ਕਿੰਗ ਅਤੇ ਪੰਜਾਬੀ ਹਾਸ-ਰਸ ਦੇ ਅਮਿੱਟ ਚਿਹਰੇ ਵਜੋਂ ਯਾਦ ਕੀਤਾ।

 

ਇਸ ਮੌਕੇ ਬਾਲ ਮੁਕੰਦ ਸ਼ਰਮਾ ਵੱਲੋਂ ਜਸਵਿੰਦਰ ਭੱਲਾ ਦੀ ਯਾਦ ਨੂੰ ਸਮਰਪਿਤ ਲਿਖੀ ਗਈ ਯਾਦਗਾਰੀ ਪੁਸਤਕ ‘ਅਣਡਿੱਠਾ ਅਣਸੁਣਿਆ ਜਸਵਿੰਦਰ ਭੱਲਾ’ ਵੀ ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਦਾ ਪਲ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਚਾਹੁਣ ਵਾਲਿਆਂ ਲਈ ਬੇਹੱਦ ਮਹੱਤਵਪੂਰਨ ਰਿਹਾ। ਇਹ ਪੁਸਤਕ ਜਸਵਿੰਦਰ ਭੱਲਾ ਦੀ ਕਲਾ ਅਤੇ ਸ਼ਖ਼ਸੀਅਤ ਨਾਲ ਜੁੜੀਆਂ ਯਾਦਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ।

ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਸੇਖਾ, ਸੁਰਿੰਦਰ ਚਾਹਲ, ਡਾ. ਦਿਲਬਾਗ ਰਾਣਾ, ਰਾਜਵੰਤ ਰਾਜ, ਅੰਗਰੇਜ਼ ਬਰਾੜ, ਡਾ. ਸੁਖਦੇਵ ਮਾਨ, ਡਾ. ਜਸ ਬਾਸੀ, ਜਤਿੰਦਰ ਜੇ ਮਿਨਹਾਸ, ਬਲਦੇਵ ਬਾਠ ਪੀਏਯੂ ਫੈਮਲੀ ਐਸੋਸੀਏਸ਼ਨ ਅਤੇ ਡਾ. ਜਸਵਿੰਦਰ ਸਿੰਘ ਭੱਲਾ ਫਾਊਂਡੇਸ਼ਨ ਦੇ ਸਾਰੇ ਐਗਜ਼ੈਕਟਿਵ ਮੈਂਬਰ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਸਬੰਧਤ ਕਈ ਵਿਦਵਾਨ ਅਤੇ ਵਿਦਿਆਰਥੀ ਸ਼ਾਮਲ ਸਨ। ਅੰਤ ਵਿਚ ਡਾ. ਗੁਲਜ਼ਾਰ ਸਿੰਘ ਵਿਲਿੰਗ ਅਤੇ ਡਾ. ਸੁਖਵਿੰਦਰ ਸਿੰਘ ਨੇ ਸਮਾਗਮ ਵਿਚ ਹਾਜਰ ਸਭਨਾਂ ਸ਼ਖ਼ਸੀਅਤਾਂ ਦਾ ਧੱਨਵਾਦ ਕੀਤਾ। ਸਮੁੱਚੇ ਸਮਾਗਮ ਦਾ ਸੰਚਾਲਨ ਡਾ. ਅਮਰਜੀਤ ਭੁੱਲਰ ਨੇ ਬਾਖੂਬੀ ਕੀਤਾ। ਸਮੁੱਚੇ ਤੌਰ ’ਤੇ ਇਹ ਸਮਾਗਮ ਕਿਸੇ ਵਿਛੜੇ ਕਲਾਕਾਰ ਦਾ ਸਿਰਫ਼ ਯਾਦਗਾਰੀ ਸਮਾਗਮ ਨਹੀਂ ਸੀ, ਸਗੋਂ ਜਸਵਿੰਦਰ ਭੱਲਾ ਦੀ ਜ਼ਿੰਦਗੀ, ਕਲਾ, ਦੋਸਤੀ, ਇਨਸਾਨੀਅਤ ਅਤੇ ਹਾਸੇ ਨੂੰ ਮਨਾਉਣ ਦਾ ਇੱਕ ਖ਼ੂਬਸੂਰਤ ਜਸ਼ਨ ਸੀ। ਉਨ੍ਹਾਂ ਨੂੰ ਯਾਦ ਕਰਦਿਆਂ ਸਰੋਤਿਆਂ ਦੇ ਚਿਹਰਿਆਂ ’ਤੇ ਆਈ ਮੁਸਕਰਾਹਟ ਹੀ ਇਸ ਗੱਲ ਦੀ ਗਵਾਹ ਸੀ ਕਿ ਜਸਵਿੰਦਰ ਭੱਲਾ ਅੱਜ ਵੀ ਆਪਣੀ ਕਲਾ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments