ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਤੋਂ ਲੈ ਕੇ ਸੱਜਣ ਕੁਮਾਰ ਤੱਕ ਮੁੱਦੇ ਚੁੱਕੇ; ਤਰਸੇਮ ਸਿੰਘ ਵੱਲੋਂ ਸਾਬਕਾ ਮੁੱਖ ਮੰਤਰੀ ਦੀ ਖੁੱਲ੍ਹ ਕੇ ਤਾਰੀਫ਼
ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਥਕ ਮੁੱਦਿਆਂ ’ਤੇ ਆਪਣੀ ਸਰਗਰਮੀ ਤੇਜ਼ ਕਰ ਦਿੱਤੀ ਹੈ। ‘ਅਕਾਲੀ ਦਲ ਵਾਰਿਸ ਪੰਜਾਬ’ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਨੇ ਪੰਥਕ ਮੁੱਦੇ ਚੁੱਕਣ ਲਈ ਚੰਨੀ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ। ਤਰਸੇਮ ਸਿੰਘ ਵੱਲੋਂ ਕੀਤੀ ਗਈ ਇਸ ਤਾਰੀਫ਼ ਵਾਲੀ ਵੀਡੀਓ ਨੂੰ ਚੰਨੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਵੀ ਸਾਂਝਾ ਕੀਤਾ ਹੈ। ਚੰਨੀ ਵੱਲੋਂ ਪੰਥਕ ਮੁਹਾਂਦਰੇ ਵਾਲੀ ਸਿਆਸਤ ਕੀਤੇ ਜਾਣ ਤੋਂ ਬਾਅਦ ਕਾਂਗਰਸ ਦੇ ਅੰਦਰ ਵੀ ਇਸ ਨੂੰ ਲੈ ਕੇ ਘੁਸਰ-ਮੁਸਰ ਸ਼ੁਰੂ ਹੋਣ ਦੀ ਚਰਚਾ ਹੈ।
ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਇਸ ਤੋਂ ਪਹਿਲਾਂ ਸੰਸਦ ਵਿੱਚ ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਦਾ ਮੁੱਦਾ ਚੁੱਕ ਚੁੱਕੇ ਹਨ। ਉਸ ਸਮੇਂ ਕਾਂਗਰਸ ਦੇ ਕੌਮੀ ਤਰਜਮਾਨ ਜੈਰਾਮ ਰਮੇਸ਼ ਨੇ ਸਪੱਸ਼ਟ ਕੀਤਾ ਸੀ ਕਿ ਚੰਨੀ ਵੱਲੋਂ ਦਿੱਤੇ ਗਏ ਬਿਆਨ ਨਾਲ ਕਾਂਗਰਸ ਪਾਰਟੀ ਦਾ ਕੋਈ ਸਬੰਧ ਨਹੀਂ ਹੈ ਅਤੇ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ।
ਇਸ ਤੋਂ ਕੁਝ ਦਿਨ ਪਹਿਲਾਂ ਚੰਨੀ ਨੇ ਸੱਜਣ ਕੁਮਾਰ ਖ਼ਿਲਾਫ਼ ਵੀਡੀਓ ਜਾਰੀ ਕੀਤੀ ਸੀ। ਇਸ ਵੀਡੀਓ ਵਿੱਚ ਚੰਨੀ ਨੇ ਸੱਜਣ ਕੁਮਾਰ ਨੂੰ ‘ਸਿੱਖਾਂ ਦਾ ਕਾਤਲ ਅਤੇ ਇਨਸਾਨੀਅਤ ਦਾ ਗੱਦਾਰ’ ਕਰਾਰ ਦਿੱਤਾ ਸੀ। ਚੰਨੀ ਵੱਲੋਂ ਪੰਥਕ ਮੁੱਦਿਆਂ ’ਤੇ ਲਗਾਤਾਰ ਆਪਣਾ ਪੱਖ ਰੱਖਣ ਨੂੰ ਉਨ੍ਹਾਂ ਦੀ ਸਿਆਸੀ ਸਰਗਰਮੀ ਵਿੱਚ ਆਏ ਬਦਲਾਅ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਉਨ੍ਹਾਂ ਖ਼ਿਲਾਫ਼ ਲਏ ਸਟੈਂਡ ਅਤੇ ਸੱਜਣ ਕੁਮਾਰ ਖ਼ਿਲਾਫ਼ ਚੰਨੀ ਵੱਲੋਂ ਲਏ ਗਏ ਪੈਂਤੜੇ ਲਈ ਸਾਬਕਾ ਮੁੱਖ ਮੰਤਰੀ ਦੀ ਤਾਰੀਫ਼ ਕੀਤੀ ਸੀ। ਤਰਸੇਮ ਸਿੰਘ ਦੀ ਇਸ ਤਾਰੀਫ਼ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰਦਿਆਂ ਚੰਨੀ ਨੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ।
ਪੰਜਾਬ ਦੀ ਸਿਆਸਤ ਵਿੱਚ ਪੰਥਕ ਮੁੱਦਿਆਂ ਨੂੰ ਲੈ ਕੇ ਕਾਂਗਰਸ ਆਗੂਆਂ ਦੀ ਸਰਗਰਮੀ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਮੁਹਾਜ਼ ’ਤੇ ਚੁਣੌਤੀ ਦੇਣ ਲਈ ਪੰਥਕ ਏਜੰਡੇ ਨਾਲ ਜੁੜੇ ਮੁੱਦਿਆਂ ’ਤੇ ਕੰਮ ਕੀਤਾ ਸੀ। ਇਸੇ ਤਰ੍ਹਾਂ ਗਿਆਨੀ ਜ਼ੈਲ ਸਿੰਘ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਪੰਥਕ ਸਿਆਸਤ ਵੱਲ ਰੁਖ਼ ਕੀਤਾ ਸੀ।
ਹੁਣ ਚਰਨਜੀਤ ਸਿੰਘ ਚੰਨੀ ਵੀ ਬਤੌਰ ਸਿੱਖ ਪੰਥਕ ਮੁੱਦਿਆਂ ’ਤੇ ਖੁੱਲ੍ਹ ਕੇ ਆਪਣੀ ਆਵਾਜ਼ ਉਠਾਉਂਦੇ ਨਜ਼ਰ ਆ ਰਹੇ ਹਨ। ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ, ਸਿੱਖਾਂ ਨਾਲ ਜੁੜੇ ਇਤਿਹਾਸਕ ਅਤੇ ਰਾਜਨੀਤਕ ਮਾਮਲਿਆਂ ਸਮੇਤ ਸੱਜਣ ਕੁਮਾਰ ਖ਼ਿਲਾਫ਼ ਉਨ੍ਹਾਂ ਦੇ ਬਿਆਨਾਂ ਨੇ ਪੰਜਾਬ ਦੀ ਸਿਆਸਤ ਵਿੱਚ ਚੰਨੀ ਦੇ ਪੰਥਕ ਮੁਹਾਂਦਰੇ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।




