HomePunjab Newsਰੱਖੜ ਪੁੰਨਿਆ ਕਾਨਫਰੰਸ ਮਗਰੋਂ ਪੰਥਕ ਵੋਟਾਂ ਦੀ ਜੰਗ ਤੇਜ਼, ਅਕਾਲੀ ਦਲ ਨੇ...

ਰੱਖੜ ਪੁੰਨਿਆ ਕਾਨਫਰੰਸ ਮਗਰੋਂ ਪੰਥਕ ਵੋਟਾਂ ਦੀ ਜੰਗ ਤੇਜ਼, ਅਕਾਲੀ ਦਲ ਨੇ ਵੀਡੀਓ ਜਾਰੀ ਕਰਕੇ ਲਾਏ ਗੰਭੀਰ ਦੋਸ਼

‘ਵਾਰਿਸ ਪੰਜਾਬ ਦੇ’ ਦੀ ਸਟੇਜ ਤੋਂ ਦਿੱਤੇ ਕਥਿਤ ਬਿਆਨ ਦੀ ਵੀਡੀਓ ’ਤੇ ਛਿੜਿਆ ਵਿਵਾਦ; ਧਿਰ ਨੇ ਅਕਾਲੀ ਦਲ ’ਤੇ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਲਾਇਆ ਦੋਸ਼

ਰੱਖੜ ਪੁੰਨਿਆ ਮੇਲੇ ਦੌਰਾਨ ਬਾਬਾ ਬਕਾਲਾ ਵਿਖੇ ‘ਵਾਰਿਸ ਪੰਜਾਬ ਦੇ’ ਦੀ ਸਟੇਜ ਤੋਂ ਇੱਕ ਬੁਲਾਰੇ ਵੱਲੋਂ ਦਿੱਤੇ ਗਏ ਕਥਿਤ ਬਿਆਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਪੰਥਕ ਸਿਆਸਤ ਵਿੱਚ ਇੱਕ ਵਾਰ ਫਿਰ ਗਰਮੀ ਆ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਵੀਡੀਓ ਕਲਿੱਪ ਨੂੰ ਜਾਰੀ ਕਰਦਿਆਂ ਪੰਥਕ ਧਿਰਾਂ ’ਤੇ ਗੰਭੀਰ ਦੋਸ਼ ਲਗਾਏ ਹਨ। ਅਕਾਲੀ ਦਲ ਦਾ ਕਹਿਣਾ ਹੈ ਕਿ ਇਨ੍ਹਾਂ ਧਿਰਾਂ ਦਾ ਮੁੱਖ ਮਕਸਦ ਚੋਣਾਂ ਜਿੱਤਣਾ ਨਹੀਂ, ਸਗੋਂ ਸੋਸ਼ਲ ਇੰਜੀਨੀਅਰਿੰਗ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਰਵਾਇਤੀ ਪੰਥਕ ਵੋਟ ਬੈਂਕ ਨੂੰ ਕਮਜ਼ੋਰ ਕਰਨਾ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਕਲਿੱਪ ਵਿੱਚ ਇੱਕ ਵਿਅਕਤੀ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਹੋਰ ਆਗੂਆਂ ਨਾਲ ਸਟੇਜ ਸਾਂਝੀ ਕਰਦਾ ਦਿਖਾਈ ਦੇ ਰਿਹਾ ਹੈ। ਇਹ ਵਿਅਕਤੀ ‘ਵਾਰਿਸ ਪੰਜਾਬ ਦੇ’ ਵੱਲੋਂ ਲਗਾਏ ਗਏ ਪੰਡਾਲ ਵਿੱਚ ਸੰਗਤ ਨੂੰ ਸੰਬੋਧਨ ਕਰ ਰਿਹਾ ਸੀ।

ਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ਇਹ ਪੰਥਕ ਧਿਰਾਂ ਅਕਾਲੀ ਦਲ ਦੇ ਰਵਾਇਤੀ ਵੋਟ ਬੈਂਕ ਨੂੰ ਨੁਕਸਾਨ ਪਹੁੰਚਾਉਣ ਦੇ ਉਦੇਸ਼ ਨਾਲ ਹੀ ਸਰਗਰਮ ਹਨ। ਪਾਰਟੀ ਵੱਲੋਂ ਜਾਰੀ ਕੀਤੀ ਗਈ ਵੀਡੀਓ ਨੂੰ ਲੈ ਕੇ ਅਕਾਲੀ ਦਲ ਨੇ ਪੰਥਕ ਸਿਆਸਤ ਵਿੱਚ ਇਨ੍ਹਾਂ ਧਿਰਾਂ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕੀਤੇ ਹਨ।

ਦੂਜੇ ਪਾਸੇ, ‘ਵਾਰਿਸ ਪੰਜਾਬ ਦੇ’ ਨੇ ਇਨ੍ਹਾਂ ਦੋਸ਼ਾਂ ’ਤੇ ਤੁਰੰਤ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ’ਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮ ਲਗਾਏ ਹਨ। ਧਿਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਾਇਰਲ ਕੀਤੀ ਜਾ ਰਹੀ ਵੀਡੀਓ ਕਲਿੱਪ ਪੰਥਕ ਵਿਦਵਾਨ ਬਲਜੀਤ ਸਿੰਘ ਖ਼ਾਲਸਾ ਦੇ ਜਨਤਕ ਸੰਬੋਧਨ ਦਾ ਇੱਕ ਹਿੱਸਾ ਹੈ।

‘ਵਾਰਿਸ ਪੰਜਾਬ ਦੇ’ ਮੁਤਾਬਕ, ਬਲਜੀਤ ਸਿੰਘ ਖ਼ਾਲਸਾ ਨੇ ਆਪਣੀ ਕਿਤਾਬ ‘ਦ ਸਟੋਰੀ ਆਫ਼ ਬਾਦਲ ਫੈਮਿਲੀਜ਼ ਬਿਟ੍ਰੇਅਲਜ਼’ ਦੇ ਰਿਲੀਜ਼ ਸਮਾਗਮ ਦੌਰਾਨ 1997 ਵਿੱਚ ਬਣੀ ਸਰਕਾਰ ਨਾਲ ਸਬੰਧਤ ਇਤਿਹਾਸਕ ਹਵਾਲਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਬਾਦਲ ਸਰਕਾਰ ਦੇ ਕਥਿਤ ਜਬਰ ਤੋਂ ਪਰੇਸ਼ਾਨ ਹੋ ਕੇ ਜਸਵੰਤ ਸਿੰਘ ਖਾਲੜਾ ਦੇ ਸਾਥੀ ਅਤੇ ਪੰਥਕ ਵਿਦਵਾਨ ਗੁਰਬਚਨ ਸਿੰਘ ਪੰਜਾਬ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਬਾਦਲਾਂ ਨੂੰ ਹਰਾਉਣ ਲਈ ‘ਕਾਲੇ ਚੋਰ’ ਨੂੰ ਵੀ ਵੋਟ ਪਾਉਣੀ ਪਵੇ ਤਾਂ ਪਾਉਣੀ ਚਾਹੀਦੀ ਹੈ, ਤਾਂ ਜੋ ਸਿੱਖੀ ਨੂੰ ਬਚਾਇਆ ਜਾ ਸਕੇ।

‘ਵਾਰਿਸ ਪੰਜਾਬ ਦੇ’ ਦਾ ਦੋਸ਼ ਹੈ ਕਿ ਬਲਜੀਤ ਸਿੰਘ ਖ਼ਾਲਸਾ ਦੇ ਪੂਰੇ ਸੰਬੋਧਨ ਨੂੰ ਦਿਖਾਉਣ ਦੀ ਬਜਾਏ ਵੀਡੀਓ ਦਾ ਸਿਰਫ਼ ਇੱਕ ਹਿੱਸਾ ਹੀ ਕੱਢ ਕੇ ਉਸ ਨੂੰ ਗਲਤ ਸੰਦਰਭ ਵਿੱਚ ਪੇਸ਼ ਕੀਤਾ ਗਿਆ ਹੈ। ਧਿਰ ਨੇ ਕਿਹਾ ਕਿ ਪੂਰੇ ਬਿਆਨ ਅਤੇ ਉਸ ਦੇ ਸੰਦਰਭ ਨੂੰ ਦੇਖਣ ਤੋਂ ਬਾਅਦ ਹੀ ਇਸ ਬਾਰੇ ਸਹੀ ਤਸਵੀਰ ਸਾਹਮਣੇ ਆ ਸਕਦੀ ਹੈ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਸਮੂਹ ’ਤੇ ਸ਼ਬਦੀ ਹਮਲੇ ਕਰਦੇ ਰਹੇ ਹਨ। ਉਹ ਇਸ ਸਮੂਹ ਨੂੰ ‘ਵਾਈਰਸ ਪੰਜਾਬ ਦੇ’ ਕਰਾਰ ਦਿੰਦੇ ਰਹੇ ਹਨ ਅਤੇ ਇਸ ਦੀ ਸਿਆਸੀ ਪਹੁੰਚ ’ਤੇ ਵੀ ਸਵਾਲ ਚੁੱਕਦੇ ਰਹੇ ਹਨ।

ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ ਹੋਈਆਂ ਵੱਖ-ਵੱਖ ਕਾਨਫਰੰਸਾਂ ਦੌਰਾਨ ਪੰਥਕ ਵੋਟਾਂ ਨੂੰ ਲੈ ਕੇ ਚੱਲ ਰਹੀ ਸਿਆਸੀ ਖਿੱਚੋਤਾਣ ਵੀ ਸਪੱਸ਼ਟ ਤੌਰ ’ਤੇ ਨਜ਼ਰ ਆਈ। ਇਸ ਦੌਰਾਨ ‘ਵਾਰਿਸ ਪੰਜਾਬ ਦੇ’ ਨੇ ਨਸ਼ਿਆਂ ਦੇ ਮੁੱਦੇ ਅਤੇ ਬੇਅਦਬੀ ਕਾਂਡਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਿੱਖੇ ਨਿਸ਼ਾਨੇ ’ਤੇ ਲਿਆ। ਇਸ ਦੇ ਜਵਾਬ ਵਿੱਚ ਅਕਾਲੀ ਦਲ ਵੱਲੋਂ ਵੀ ਪੰਥਕ ਧਿਰਾਂ ਦੀ ਸਿਆਸੀ ਭੂਮਿਕਾ ਅਤੇ ਉਨ੍ਹਾਂ ਦੇ ਉਦੇਸ਼ਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ।

ਰੱਖੜ ਪੁੰਨਿਆ ਕਾਨਫਰੰਸ ਤੋਂ ਬਾਅਦ ਸਾਹਮਣੇ ਆਈ ਇਹ ਵੀਡੀਓ ਅਤੇ ਦੋਵੇਂ ਧਿਰਾਂ ਦੇ ਦਾਅਵਿਆਂ ਨੇ ਪੰਜਾਬ ਦੀ ਪੰਥਕ ਸਿਆਸਤ ਵਿੱਚ ਚੱਲ ਰਹੀ ਸਿਆਸੀ ਜੰਗ ਨੂੰ ਹੋਰ ਤੇਜ਼ ਕਰ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments