Google search engine
Home Canada ਪਰਦੇਸ ਦੀ ਧਰਤੀ ’ਤੇ ਪੰਜਾਬੀ ਅਦਬ ਦਾ ਵਿਲੱਖਣ ਉਪਰਾਲਾ, ਹਰਕੀਰਤ ਕੌਰ ਚਹਿਲ...

ਪਰਦੇਸ ਦੀ ਧਰਤੀ ’ਤੇ ਪੰਜਾਬੀ ਅਦਬ ਦਾ ਵਿਲੱਖਣ ਉਪਰਾਲਾ, ਹਰਕੀਰਤ ਕੌਰ ਚਹਿਲ ਦਾ ਅੱਠਵਾਂ ਨਾਵਲ ‘ਨਦੀ ਨਾਵ ਸੰਜੋਗੀ ਮੇਲੇ’ ਲੋਕ ਅਰਪਣ 

4

ਹਰਕੀਰਤ ਚਹਿਲ ਦੇ ਨਾਵਲ ਨੇ ਪੰਜਾਬੀ ਸਾਂਝ ਦੀਆਂ ਤੰਦਾਂ ਹੋਰ ਪੀਡੀਆਂ ਕੀਤੀਆਂ

ਸਰੀ – (ਮਹੇਸ਼ਇੰਦਰ ਸਿੰਘ ਮਾਂਗਟ) – ਕੈਨੇਡਾ ਵੱਸਦੀ ਨਾਮਵਰ ਨਾਵਲਕਾਰ ਹਰਕੀਰਤ ਕੌਰ ਚਹਿਲ ਦੇ ਅੱਠਵੇਂ ਨਾਵਲ ‘ਨਦੀ ਨਾਵ ਸੰਜੋਗੀ ਮੇਲੇ’ ਦਾ ਲੋਕ ਅਰਪਣ ਸਰੀ ਦੇ ਗ੍ਰੈਂਡ ਐਮਪਾਇਰ ਬੈਂਕੁਏਟ ਹਾਲ ਵਿਖੇ ਕੀਤਾ ਗਿਆ। ਵੈਨਕੂਵਰ ਇਲਾਕੇ ਦੀਆਂ ਸਾਹਿਤਕ ਅਤੇ ਅਦਬੀ ਸ਼ਖ਼ਸੀਅਤਾਂ ਦੀ ਭਰਵੀਂ ਸ਼ਮੂਲੀਅਤ ਵਾਲੇ ਇਸ ਸਮਾਗਮ ਦੌਰਾਨ ਨਾਵਲ ਦੀ ਵਿਸ਼ੇ-ਵਸਤੂ, ਕਲਾਤਮਿਕਤਾ, ਭਾਸ਼ਾ ਅਤੇ ਇਸ ਦੇ ਸੱਭਿਆਚਾਰਕ ਸਰੋਕਾਰਾਂ ਬਾਰੇ ਗੰਭੀਰ ਵਿਚਾਰ-ਚਰਚਾ ਹੋਈ।

ਡਾ. ਰਘਬੀਰ ਸਿੰਘ ਸਿਰਜਣਾ ਨੇ ਨਾਵਲ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪਰਦੇਸੀ ਧਰਤੀ ’ਤੇ ਬੈਠ ਕੇ ਪੰਜਾਬ ਦੇ ਦੋਹਾਂ ਪਾਸਿਆਂ ਦੀ ਬੋਲੀ, ਸੱਭਿਆਚਾਰ ਅਤੇ ਲੋਕ-ਜੀਵਨ ਨੂੰ ਆਪਣੇ ਹੀ ਅੰਦਾਜ਼-ਏ-ਬਿਆਨ ਵਿੱਚ ਪੇਸ਼ ਕਰਨਾ ਹਰਕੀਰਤ ਕੌਰ ਚਹਿਲ ਦੀ ਵਿਲੱਖਣ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇਹ ਨਾਵਲ ਇੱਕ ਵਿਲੱਖਣ ਕਿਰਤ ਵਜੋਂ ਜਾਣਿਆ ਜਾਵੇਗਾ।

ਨਾਵਲ ਦੇ ਵਿਸ਼ੇ-ਵਸਤੂ, ਕਲਾਤਮਿਕ ਅਤੇ ਭਾਸ਼ਾਈ ਪੱਖਾਂ ਨੂੰ ਉਜਾਗਰ ਕਰਦੇ ਵਿਸਥਾਰਪੂਰਵਕ ਪਰਚੇ ਡਾ. ਕਮਲਜੀਤ ਕੌਰ, ਡਾ. ਦਵਿੰਦਰਪਾਲ ਕੌਰ, ਡਾ. ਸਾਧੂ ਸਿੰਘ, ਡਾ. ਅਪਮਿੰਦਰਪਾਲ ਬਰਾੜ ਅਤੇ ਡਾ. ਸਰਬਜੀਤ ਕੌਰ ਰੰਧਾਵਾ ਵੱਲੋਂ ਪੜ੍ਹੇ ਗਏ। ਸਮਾਗਮ ਦਾ ਸੰਚਾਲਨ ਉੱਘੇ ਰੇਡੀਓ ਹੋਸਟ ਡਾ. ਰਮਿੰਦਰਪਾਲ ਕੰਗ ਨੇ ਬਾਖੂਬੀ ਕੀਤਾ।

ਡਾ. ਸਾਧੂ ਸਿੰਘ ਨੇ ਨਾਵਲ ਦੇ ਵਿਸ਼ੇ-ਵਸਤੂ ਦੇ ਨਿਭਾਅ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਨਿਵੇਕਲਾ ਕਾਰਜ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਦੇਸ ਦੀ ਧਰਤੀ ’ਤੇ ਬੈਠ ਕੇ ਲਹਿੰਦੇ ਪੰਜਾਬ ਦੇ ਜੀਵਨ, ਬੋਲੀ ਅਤੇ ਸੱਭਿਆਚਾਰ ਨੂੰ ਇਸ ਤਰ੍ਹਾਂ ਸਾਹਿਤਕ ਰੂਪ ਦੇਣ ਵਾਲੀ ਇਹ ਇੱਕ ਮਹੱਤਵਪੂਰਨ ਕਿਰਤ ਹੈ।

‘ਨਦੀ ਨਾਵ ਸੰਜੋਗੀ ਮੇਲੇ’ ਵਿੱਚ ਸਰਹੱਦੋਂ ਪਾਰ ਵੱਸਦੇ ਪੰਜਾਬ ਦੇ ਲਾਹੌਰੀ ਰੰਗ ਵਾਲੇ ਜੀਵਨ, ਬੋਲੀ ਅਤੇ ਸੱਭਿਆਚਾਰ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਨਾਵਲ ਮਨੁੱਖੀ ਰਿਸ਼ਤਿਆਂ ਦੀਆਂ ਬਾਰੀਕ ਅਤੇ ਗੁੰਝਲਦਾਰ ਤੰਦਾਂ ਨੂੰ ਛੂੰਹਦਾ ਹੋਇਆ ਪਾਣੀਆਂ ਪ੍ਰਤੀ ਮੁਹੱਬਤ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਦਾ ਸੁਨੇਹਾ ਵੀ ਦਿੰਦਾ ਹੈ। ਵਾਤਾਵਰਣ ਪ੍ਰਤੀ ਮਨੁੱਖ ਦੇ ਅਣਗੌਲੇ ਰਵੱਈਏ ਦੇ ਭਵਿੱਖ ਵਿੱਚ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਵੀ ਲੇਖਕਾ ਨੇ ਭਾਵਨਾਤਮਿਕ ਢੰਗ ਨਾਲ ਪੇਸ਼ ਕੀਤਾ ਹੈ।

ਸਮਾਗਮ ਵਿੱਚ ਭਾਰਤ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੀ ਮਹਿਮਾਨ ਗੁਰਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਨਾਵਲ ਪੜ੍ਹਦਿਆਂ ਉਨ੍ਹਾਂ ਨੂੰ ਗੁਆਂਢੀ ਮੁਲਕ ਦੀ ਸੈਰ ਕਰਨ ਵਰਗਾ ਅਹਿਸਾਸ ਹੋਇਆ। ਉਨ੍ਹਾਂ ਕਿਹਾ ਕਿ ਹਰਕੀਰਤ ਕੌਰ ਚਹਿਲ ਨੇ ਮਨੁੱਖੀ ਰਿਸ਼ਤਿਆਂ ਦੀਆਂ ਮਹੀਨ ਤੰਦਾਂ ਨੂੰ ਬਹੁਤ ਹੀ ਜਟਿਲਤਾ ਅਤੇ ਸੰਵੇਦਨਸ਼ੀਲਤਾ ਨਾਲ ਬਿਆਨ ਕੀਤਾ ਹੈ।

ਨਾਵਲ ਦੀ ਇੱਕ ਹੋਰ ਅਹਿਮ ਵਿਸ਼ੇਸ਼ਤਾ ਇਸ ਦਾ ਸ਼ਾਹਮੁਖੀ ਵਿੱਚ ਉਲੱਥਾ ਹੈ। ਹਰਕੀਰਤ ਕੌਰ ਚਹਿਲ ਨੇ ਦੱਸਿਆ ਕਿ ਲਹਿੰਦੇ ਪੰਜਾਬ ਵਿੱਚ ਇਸ ਕਿਰਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਉੱਥੋਂ ਇਸ ਨੂੰ ਸ਼ਾਹਮੁਖੀ ਵਿੱਚ ਛਾਪਣ ਦਾ ਉੱਦਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਾਹਿਤਕ ਉਪਰਾਲੇ ਪੰਜਾਬ ਦੇ ਦੋਹਾਂ ਪਾਸਿਆਂ ਵੱਸਦੇ ਲੋਕਾਂ ਵਿਚਕਾਰ ਸਾਂਝ ਦੇ ਪੁਲ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਉੱਘੇ ਲੇਖਕਾਂ ਅਤੇ ਕਵੀਆਂ ਨੇ ਵੀ ਹਰਕੀਰਤ ਕੌਰ ਚਹਿਲ ਦੇ ਸਾਹਿਤਕ ਸਫ਼ਰ ਦੀ ਗੱਲ ਕਰਦਿਆਂ ਉਨ੍ਹਾਂ ਦੀਆਂ ਲਿਖਤਾਂ ਦੇ ਵਿਸ਼ਿਆਂ ਅਤੇ ਸ਼ੈਲੀ ਦੀ ਭਰਵੀਂ ਸ਼ਲਾਘਾ ਕੀਤੀ। ਸਮਾਗਮ ਦੌਰਾਨ ਅੰਕੇਸ਼ਵਰ ਸਿੰਘ ਨੇ ਲੇਖਕਾ ਦਾ ਲਿਖਿਆ ਗੀਤ ਗਾ ਕੇ ਹਾਜ਼ਰੀ ਲਵਾਈ, ਜਦਕਿ ਡਾ. ਜੈਸਮੀਨ ਚਹਿਲ ਨੇ ਸਰਾਇਕੀ ਰੰਗ ਵਾਲਾ ਪਾਕਿਸਤਾਨੀ ਗੀਤ ਪੇਸ਼ ਕਰਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ।

ਨੌਜਵਾਨ ਪੀੜ੍ਹੀ ਦੀ ਨੁਮਾਇੰਦਗੀ ਜਸ਼ਨਪ੍ਰੀਤ ਰੰਧਾਵਾ ਨੇ ਕੀਤੀ। ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹੇ ਜਸ਼ਨ ਨੇ ਬੋਲੀ, ਧਰਮ ਅਤੇ ਸੱਭਿਆਚਾਰ ਪ੍ਰਤੀ ਨੌਜਵਾਨ ਪੀੜ੍ਹੀ ਨੂੰ ਸੁਚੇਤ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਇੱਕ ਸੁੰਦਰ ਗੀਤ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ।

ਸਮਾਗਮ ਵਿੱਚ ਮੀਡੀਆ ਅਤੇ ਸਾਹਿਤਕ ਖੇਤਰ ਨਾਲ ਜੁੜੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਡਾ. ਪ੍ਰਗਟ ਸਿੰਘ ਭੁਰਜੀ, ਡਾ. ਜਸਬੀਰ ਰੋਮਾਣਾ, ਰਾਣਾ ਰਣਬੀਰ, ਡਾ. ਸੁਖਬੀਰ ਕੌਰ, ਮੀਰਾ ਗਿੱਲ, ਇਕਬਾਲ ਸਹੋਤਾ, ਸੁੱਖੀ ਢਿੱਲੋਂ, ਨਿੰਮੀ ਡੌਲਾ, ਜਗਰੂਪ ਬਰਾੜ, ਸੁੱਖ ਧਾਲੀਵਾਲ, ਡਾ. ਜਰਨੈਲ ਸੇਖਾ, ਅਜਮੇਰ ਰੋਡੇ, ਸੁਰਜੀਤ ਕਲਸੀ, ਡਾ. ਹਾਕਮ ਭੁੱਲਰ, ਹਰਜੋਤ ਭੁੱਲਰ, ਮੋਹਨ ਗਿੱਲ, ਅੰਗਰੇਜ਼ ਬਰਾੜ, ਪ੍ਰੀਤਪਾਲ ਪੂਨੀ, ਨਿਰਮਲ ਗਿੱਲ, ਸੁਖਜੀਤ ਕੌਰ, ਨਗਿੰਦਰ ਕੌਰ, ਡਾ. ਗੁਲਜ਼ਾਰ ਬਲਿੰਗ, ਗੁਰਬਾਜ਼ ਬਰਾੜ, ਅਮਰੀਕ ਪਲਾਹੀ, ਕਵਿੰਦਰ ਚਾਂਦ, ਗੁਰਪ੍ਰੀਤ ਸਿੰਘ, ਸੁਰਿੰਦਰ ਚਹਿਲ, ਡਾ. ਪਰਮਜੀਤ ਸਿੱਧੂ, ਦਲਜੀਤ ਸਿੱਧੂ, ਡਾ. ਓਮ ਪ੍ਰਕਾਸ਼, ਦਵਿੰਦਰ ਗੌਤਮ, ਰਾਜਵੰਤ ਰਾਜ, ਡਾ. ਕਮਲਜੀਤ ਕੌਰ, ਡਾ. ਦਵਿੰਦਰਪਾਲ ਕੌਰ, ਹਰਬੰਸ ਬਰਾੜ, ਜਗੇਸ਼ ਕੱਲ੍ਹਾ, ਸ਼ਰਨਜੀਤ ਬਲ, ਸਰਬਜੀਤ ਚਾਂਦੀ, ਅਨੂਪਿੰਦਰ ਗਰੇਵਾਲ, ਪ੍ਰੀਤ ਮਨਪ੍ਰੀਤ, ਇੰਦਰਜੀਤ ਧਾਮੀ, ਡਾ. ਜੈਸਮੀਨ ਚਹਿਲ, ਅੰਕੇਸ਼ਵਰ ਸਿੰਘ, ਗੁਰਮੀਤ ਡਡਵਾਲ, ਕਮਲਜੀਤ ਡਡਵਾਲ, ਜੈਸਮੀਨ ਡਡਵਾਲ, ਗੋਬਿੰਦਰ ਪੰਧੇਰ, ਹਰਪ੍ਰੀਤ ਕੌਰ, ਸ਼ਾਇਨਾ, ਜਸ਼ਨਪ੍ਰੀਤ ਰੰਧਾਵਾ, ਜਸਬੀਰ ਮਾਨ, ਨਵਰਾਜ ਗਿੱਲ, ਜੀਤੀ ਗਿੱਲ ਅਤੇ ਸੁਖਪ੍ਰੀਤ ਬੱਡੋਂ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।

ਤਿੰਨ ਘੰਟੇ ਚੱਲੇ ਇਸ ਸਮਾਗਮ ਦੌਰਾਨ ਸਾਹਿਤਕ ਮਾਹੌਲ ਪੂਰੀ ਤਰ੍ਹਾਂ ਭਖਿਆ ਰਿਹਾ। ਪਾਠਕਾਂ ਨੇ ਲੇਖਕਾ ਦੀਆਂ ਪੁਸਤਕਾਂ ਦੇ ਲੱਗੇ ਸਟਾਲ ਤੋਂ ਕਿਤਾਬਾਂ ਖਰੀਦੀਆਂ। ਸਮਾਗਮ ਦੇ ਅੰਤ ਵਿੱਚ ਹਰਕੀਰਤ ਕੌਰ ਚਹਿਲ ਦੀ ਇਸ ਨਵੀਂ ਕਿਰਤ ਨੇ ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ ਨਾਲ ਜੁੜੇ ਸਰੋਤਿਆਂ ਲਈ ਇੱਕ ਯਾਦਗਾਰ ਸਾਹਿਤਕ ਸ਼ਾਮ ਦੀਆਂ ਯਾਦਾਂ ਛੱਡੀਆਂ।

 

Google search engine
Google search engine