ਮੁਸਲਿਮ ਭਾਈਚਾਰੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ, ਘਟਨਾ ਦੀ ਗੰਭੀਰ ਜਾਂਚ ਦੀ ਮੰਗ
ਸਰੀ, 2 ਸਤੰਬਰ (ਮਹੇਸ਼ਇੰਦਰ ਸਿੰਘ ਮਾਂਗਟ)- ਫਲੀਟਵੁੱਡ ਇਸਲਾਮਿਕ ਅਕੈਡਮੀ ਸੁਸਾਇਟੀ ਨੂੰ ਕਥਿਤ ਤੌਰ ’ਤੇ ਨਫ਼ਰਤੀ ਤੋੜ-ਫੋੜ ਅਤੇ ਧਮਕੀਆਂ ਰਾਹੀਂ ਨਿਸ਼ਾਨਾ ਬਣਾਏ ਜਾਣ ਦੀ ਘਟਨਾ ਦੀ ਸਰੀ-ਫਲੀਟਵੁੱਡ ਤੋਂ ਬੀ.ਸੀ. ਵਿਧਾਨ ਸਭਾ ਮੈਂਬਰ ਜਗਰੂਪ ਬਰਾੜ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਇਸ ਘਟਨਾ ਨੂੰ ਬੇਹੱਦ ਦੁਖਦਾਈ ਕਰਾਰ ਦਿੰਦਿਆਂ ਮੁਸਲਿਮ ਭਾਈਚਾਰੇ ਨਾਲ ਪੂਰੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।
ਆਪਣੇ ਬਿਆਨ ਵਿੱਚ ਐਮ ਐਲ ਏ ਜਗਰੂਪ ਬਰਾੜ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਧਾਰਮਿਕ ਅਸਥਾਨ ਜਾਂ ਇਬਾਦਤ ਦੀ ਥਾਂ ’ਤੇ ਡਰ ਜਾਂ ਅਸੁਰੱਖਿਆ ਦੇ ਮਾਹੌਲ ਵਿੱਚ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਧਰਮ ਦੇ ਆਧਾਰ ’ਤੇ ਕਿਸੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਬ੍ਰਿਟਿਸ਼ ਕੋਲੰਬੀਆ ਦੇ ਸਤਿਕਾਰ, ਸਹਿਣਸ਼ੀਲਤਾ ਅਤੇ ਆਪਸੀ ਸਾਂਝ ਵਾਲੇ ਮੁੱਲਾਂ ਦੇ ਬਿਲਕੁਲ ਉਲਟ ਹੈ।
ਬਰਾੜ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਨਫ਼ਰਤੀ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ ਅਤੇ ਸੂਬੇ ਵਿੱਚ ਰਹਿੰਦੇ ਹਰ ਭਾਈਚਾਰੇ ਦੀ ਸੁਰੱਖਿਆ ਤੇ ਸਨਮਾਨ ਯਕੀਨੀ ਬਣਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ਼ ਕਿਸੇ ਇੱਕ ਸੰਸਥਾ ਜਾਂ ਭਾਈਚਾਰੇ ਨੂੰ ਪ੍ਰਭਾਵਿਤ ਕਰਦੀਆਂ ਹਨ, ਸਗੋਂ ਪੂਰੇ ਸਮਾਜ ਵਿੱਚ ਡਰ ਅਤੇ ਬੇਭਰੋਸਗੀ ਦਾ ਮਾਹੌਲ ਪੈਦਾ ਕਰਦੀਆਂ ਹਨ।
ਉਨ੍ਹਾਂ ਸਰੀ ਆਰ.ਸੀ.ਐੱਮ.ਪੀ. ਵੱਲੋਂ ਘਟਨਾ ’ਤੇ ਦਿੱਤੇ ਤੁਰੰਤ ਹੁੰਗਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਘਟਨਾ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਅੱਗੇ ਆ ਕੇ ਪੁਲਿਸ ਨਾਲ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ।
ਐਮ ਐਲ ਏ ਬਰਾੜ ਨੇ ਕਿਹਾ ਕਿ ਉਹ ਆਪਣੇ ਵਿਧਾਇਕ ਵਜੋਂ ਸਥਾਨਕ ਆਗੂਆਂ, ਪੁਲਿਸ ਅਤੇ ਕਮਿਊਨਿਟੀ ਸੰਸਥਾਵਾਂ ਨਾਲ ਮਿਲ ਕੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਨਫ਼ਰਤ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਯਤਨ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ ਰਾਹੀਂ ਹੀ ਅਜਿਹਾ ਸਮਾਵੇਸ਼ੀ ਭਾਈਚਾਰਾ ਬਣਾਇਆ ਜਾ ਸਕਦਾ ਹੈ, ਜਿੱਥੇ ਹਰ ਵਿਅਕਤੀ ਆਪਣੇ ਧਰਮ ਅਤੇ ਵਿਸ਼ਵਾਸ ਅਨੁਸਾਰ ਬਿਨਾਂ ਕਿਸੇ ਡਰ ਦੇ ਜੀਵਨ ਬਤੀਤ ਕਰ ਸਕੇ।
ਫਲੀਟਵੁੱਡ ਇਸਲਾਮਿਕ ਅਕੈਡਮੀ ਸੁਸਾਇਟੀ ਨਾਲ ਵਾਪਰੀ ਇਸ ਘਟਨਾ ਤੋਂ ਬਾਅਦ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਹੈ। ਬਰਾੜ ਨੇ ਸਪੱਸ਼ਟ ਕੀਤਾ ਕਿ ਧਰਮ ਜਾਂ ਭਾਈਚਾਰੇ ਦੇ ਆਧਾਰ ’ਤੇ ਨਫ਼ਰਤ, ਡਰ ਜਾਂ ਅਸੁਰੱਖਿਆ ਪੈਦਾ ਕਰਨ ਵਾਲੀਆਂ ਕਿਸੇ ਵੀ ਕਾਰਵਾਈ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।




