ਸਿਹਤ ਤੋਂ ਲੈ ਕੇ ਉਸਾਰੀ ਅਤੇ ਤਕਨੀਕੀ ਖੇਤਰ ਤੱਕ ਕਾਮਿਆਂ ਦੀ ਕਮੀ; ਸਰਕਾਰ ਵੱਲੋਂ 2026-27 ਲਈ 1 ਲੱਖ 86 ਹਜ਼ਾਰ ਹੁਨਰਮੰਦ ਕਾਮਿਆਂ ਦੇ ਵੀਜ਼ੇ ਦੇਣ ਦਾ ਟੀਚਾ
ਆਸਟਰੇਲੀਆ ਵਿੱਚ ਹੁਨਰਮੰਦ ਕਾਮਿਆਂ ਦੀ ਘਾਟ ਅਜੇ ਵੀ ਦੇਸ਼ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਭਾਵੇਂ ਆਵਾਸ ਵਿੱਚ ਕਟੌਤੀ ਅਤੇ ਇਸ ’ਤੇ ਰੋਕ ਲਗਾਉਣ ਸਬੰਧੀ ਚਰਚਾ ਚੱਲ ਰਹੀ ਹੈ, ਪਰ ਦੇਸ਼ ਦੇ ਕਈ ਅਹਿਮ ਖੇਤਰਾਂ ਵਿੱਚ ਲੋੜ ਅਨੁਸਾਰ ਮਾਹਿਰ ਕਾਮੇ ਉਪਲਬਧ ਨਹੀਂ ਹਨ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2025 ਦੌਰਾਨ ਜਾਂਚੇ ਗਏ ਕੁੱਲ 1,022 ਕਿੱਤਿਆਂ ਵਿੱਚੋਂ 293 ਕਿੱਤੇ, ਭਾਵ ਲਗਭਗ 29 ਫ਼ੀਸਦੀ, ਅਜਿਹੇ ਪਾਏ ਗਏ ਜਿੱਥੇ ਕਾਮਿਆਂ ਦੀ ਵੱਡੇ ਪੱਧਰ ’ਤੇ ਘਾਟ ਹੈ।
ਸਰਕਾਰੀ ਬੁਲਾਰੇ ਅਨੁਸਾਰ ਭਾਵੇਂ ਕਾਮਿਆਂ ਦੀ ਘਾਟ ਵਾਲੇ ਕਿੱਤਿਆਂ ਦਾ ਇਹ ਅੰਕੜਾ ਸਾਲ 2023 ਦੇ 36 ਫ਼ੀਸਦੀ ਅਤੇ ਸਾਲ 2024 ਦੇ 33 ਫ਼ੀਸਦੀ ਨਾਲੋਂ ਘੱਟ ਹੋਇਆ ਹੈ, ਪਰ ਇਸ ਦੇ ਬਾਵਜੂਦ ਕਈ ਮਹੱਤਵਪੂਰਨ ਖੇਤਰਾਂ ਵਿੱਚ ਮਾਹਿਰ ਅਤੇ ਹੁਨਰਮੰਦ ਕਾਮਿਆਂ ਦੀ ਕਮੀ ਲਗਾਤਾਰ ਬਣੀ ਹੋਈ ਹੈ। ਆਉਣ ਵਾਲੇ ਸਾਲਾਂ ਵਿੱਚ ਇਹ ਲੋੜ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਸਿਹਤ ਖੇਤਰ ਵਿੱਚ ਸਿਰਫ਼ ਡਾਕਟਰਾਂ ਦੀ ਹੀ ਨਹੀਂ, ਸਗੋਂ ਨਰਸਾਂ, ਮਾਨਸਿਕ ਰੋਗਾਂ ਦੇ ਮਾਹਿਰਾਂ, ਬਜ਼ੁਰਗਾਂ ਅਤੇ ਬੱਚਿਆਂ ਦੀ ਸਾਂਭ-ਸੰਭਾਲ ਕਰਨ ਵਾਲੇ ਕਰਮਚਾਰੀਆਂ, ਕਿੱਤਾਮੁਖੀ ਇਲਾਜ ਮਾਹਿਰਾਂ, ਪੈਰਾਂ ਦੇ ਰੋਗਾਂ ਦੇ ਮਾਹਿਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਵੀ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਅਨੁਮਾਨਾਂ ਮੁਤਾਬਕ ਸਾਲ 2035 ਤੱਕ ਆਸਟਰੇਲੀਆ ਵਿੱਚ ਲਗਭਗ 80,000 ਨਰਸਾਂ ਦੀ ਘਾਟ ਹੋ ਸਕਦੀ ਹੈ, ਜਿਸ ਨਾਲ ਸਿਹਤ ਸੇਵਾਵਾਂ ਉੱਤੇ ਹੋਰ ਦਬਾਅ ਪੈਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਉਸਾਰੀ ਅਤੇ ਤਕਨੀਕੀ ਖੇਤਰ ਵਿੱਚ ਵੀ ਹੁਨਰਮੰਦ ਕਾਮਿਆਂ ਦੀ ਭਾਰੀ ਮੰਗ ਹੈ। ਬਿਜਲੀ ਮਿਸਤਰੀਆਂ, ਪਲੰਬਰਾਂ, ਤਰਖਾਣਾਂ, ਵੈਲਡਰਾਂ, ਮਕੈਨਿਕਾਂ ਅਤੇ ਹੋਰ ਤਕਨੀਕੀ ਮਾਹਿਰਾਂ ਦੀ ਲੋੜ ਲਗਾਤਾਰ ਬਣੀ ਹੋਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਲਗਭਗ ਅੱਧੇ ਤਕਨੀਕੀ ਅਤੇ ਦਸਤਕਾਰੀ ਕਿੱਤੇ ਇਸ ਸਮੇਂ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ।
ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਕਾਮਿਆਂ ਦੀ ਘਾਟ ਵਾਲੇ 123 ਕਿੱਤਿਆਂ ਵਿੱਚੋਂ 65 ਕਿੱਤੇ ਤਕਨੀਕੀ ਅਤੇ ਦਸਤਕਾਰੀ ਖੇਤਰ ਨਾਲ ਸਬੰਧਤ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਆਸਟਰੇਲੀਆ ਵਿੱਚ ਹੁਨਰਮੰਦ ਦਸਤਕਾਰੀ ਅਤੇ ਤਕਨੀਕੀ ਕਾਮਿਆਂ ਦੀ ਲੋੜ ਕਿੰਨੀ ਵੱਡੀ ਹੈ। ਉਸਾਰੀ ਗਤੀਵਿਧੀਆਂ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਹੋਰ ਤਕਨੀਕੀ ਕੰਮਾਂ ਦੇ ਵਧਣ ਨਾਲ ਇਨ੍ਹਾਂ ਕਿੱਤਿਆਂ ਵਿੱਚ ਰੁਜ਼ਗਾਰ ਦੇ ਮੌਕੇ ਵੀ ਬਣੇ ਰਹਿਣ ਦੀ ਸੰਭਾਵਨਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ ਦੌਰਾਨ ਆਸਟਰੇਲੀਆ ਵਿੱਚ ਸਿਹਤ, ਸਿੱਖਿਆ, ਉਸਾਰੀ ਅਤੇ ਤਕਨੀਕੀ ਖੇਤਰਾਂ ਵਿੱਚ ਹੁਨਰਮੰਦ ਕਾਮਿਆਂ ਦੀ ਮੰਗ ਹੋਰ ਵਧ ਸਕਦੀ ਹੈ। ਵਧਦੀ ਉਮਰ ਵਾਲੀ ਆਬਾਦੀ, ਸਿਹਤ ਸੇਵਾਵਾਂ ਦੀ ਵਧਦੀ ਲੋੜ, ਨਵੇਂ ਨਿਰਮਾਣ ਕਾਰਜਾਂ ਅਤੇ ਤਕਨੀਕੀ ਖੇਤਰ ਦੇ ਵਿਸਥਾਰ ਕਾਰਨ ਇਨ੍ਹਾਂ ਖੇਤਰਾਂ ਵਿੱਚ ਵਾਧੂ ਮਨੁੱਖੀ ਸਰੋਤਾਂ ਦੀ ਲੋੜ ਪੈਣ ਦੀ ਸੰਭਾਵਨਾ ਹੈ।
ਇਸੇ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਆਸਟਰੇਲੀਆ ਸਰਕਾਰ ਨੇ ਸਾਲ 2026-27 ਲਈ ਵੱਖ-ਵੱਖ ਖੇਤਰਾਂ ਵਿੱਚ ਹੁਨਰਮੰਦ ਕਾਮਿਆਂ ਨੂੰ 1 ਲੱਖ 86 ਹਜ਼ਾਰ ਵੀਜ਼ੇ ਦੇਣ ਦਾ ਟੀਚਾ ਰੱਖਿਆ ਹੈ। ਇਸ ਰਾਹੀਂ ਦੇਸ਼ ਵਿੱਚ ਮੌਜੂਦ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਅਤੇ ਅਰਥਵਿਵਸਥਾ ਦੀਆਂ ਲੋੜਾਂ ਅਨੁਸਾਰ ਮਾਹਿਰ ਮਨੁੱਖੀ ਸਰੋਤ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
