HomeCanadaਪਾਵਨ ਸਰੂਪਾਂ ਦੀ ਮਰਿਆਦਾ ਨੂੰ ਲੈ ਕੇ ਸਤਿਕਾਰ ਕਮੇਟੀ ਵੱਲੋਂ ਗੁਰਦੁਆਰਾ ਸਿੰਘ...

ਪਾਵਨ ਸਰੂਪਾਂ ਦੀ ਮਰਿਆਦਾ ਨੂੰ ਲੈ ਕੇ ਸਤਿਕਾਰ ਕਮੇਟੀ ਵੱਲੋਂ ਗੁਰਦੁਆਰਾ ਸਿੰਘ ਸਭਾ ਸਰੀ ਦੇ ਬਾਹਰ ਮੋਰਚਾ ਜਾਰੀ

ਸਰੂਪਾਂ ਦੇ ਸਤਿਕਾਰ ਦੇ ਮੁੱਦੇ ਤੇ ਪ੍ਰਬੰਧਕਾਂ ਨੂੰ ਸਵਾਲ- ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਵਲੋਂ ਸਪੱਸ਼ਟੀਕਰਣ ਜਾਰੀ-

ਸਰੀ, 24 ਸਤੰਬਰ (ਹਰਦਮ ਮਾਨ, ਮਲਕੀਤ ਸਿੰਘ )- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੇਵਾ-ਸੰਭਾਲ, ਸਤਿਕਾਰ ਅਤੇ ਆਵਾਜਾਈ ਨਾਲ ਜੁੜੀ ਗੁਰਮਰਿਆਦਾ ਦੇ ਮੁੱਦੇ ਨੂੰ ਲੈ ਕੇ ਸਰੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਬਾਹਰ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਲਾਇਆ ਗਿਆ ਮੋਰਚਾ ਲਗਾਤਾਰ ਜਾਰੀ ਹੈ। ਮੋਰਚੇ ਨਾਲ ਜੁੜੇ ਆਗੂਆਂ ਨੇ ਪਾਵਨ ਸਰੂਪਾਂ ਦੀ ਆਵਾਜਾਈ ਲਈ ਵਰਤੇ ਜਾਂਦੇ ਵਾਹਨਾਂ ਵਿੱਚ ਗੁਰਮਰਿਆਦਾ ਅਨੁਸਾਰ ਪ੍ਰਬੰਧਾਂ ਦੀ ਲੋੜ ’ਤੇ ਜ਼ੋਰ ਦਿੰਦਿਆਂ ਇਸ ਮਾਮਲੇ ਵਿੱਚ ਪ੍ਰਬੰਧਕੀ ਪੱਖ ਤੋਂ ਜਵਾਬਦੇਹੀ ਅਤੇ ਸਪੱਸ਼ਟਤਾ ਦੀ ਮੰਗ ਕੀਤੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਕੁਲਦੀਪ ਸਿੰਘ ਸੇਖੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਸਰੂਪ ਸਿੰਘ ਅਤੇ ਭਾਈ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਆਵਾਜਾਈ ਕੋਈ ਸਧਾਰਨ ਪ੍ਰਕਿਰਿਆ ਨਹੀਂ, ਬਲਕਿ ਇਸ ਨਾਲ ਗੁਰਮਰਿਆਦਾ ਅਤੇ ਅਥਾਹ ਸ਼ਰਧਾ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਪਾਵਨ ਸਰੂਪਾਂ ਨੂੰ ਲਿਜਾਣ ਲਈ ਵਰਤੇ ਜਾਣ ਵਾਲੇ ਵਾਹਨ ਵਿੱਚ ਮਰਿਆਦਾ ਅਨੁਸਾਰ ਢੁੱਕਵੇਂ ਪ੍ਰਬੰਧ ਹੋਣੇ ਚਾਹੀਦੇ ਹਨ ਅਤੇ ਵਾਹਨ ਦੀ ਪਹਿਲਾਂ ਹੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਕਮੇਟੀ ਆਗੂਆਂ ਨੇ ਸਵਾਲ ਉਠਾਇਆ ਕਿ ਜਦੋਂ ਪਾਵਨ ਸਰੂਪਾਂ ਦੀ ਆਵਾਜਾਈ ਲਈ ਵਾਹਨ ਵਰਤਿਆ ਜਾਣਾ ਸੀ ਤਾਂ ਉਸ ਨੂੰ ਪਹਿਲਾਂ ਹੀ ਗੁਰਮਰਿਆਦਾ ਦੇ ਮਾਪਦੰਡਾਂ ਅਨੁਸਾਰ ਪਰਖਣ ਦੀ ਵਿਵਸਥਾ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨਾਲ ਜੋੜ ਕੇ ਦੇਖਣ ਦੀ ਬਜਾਏ ਇਸ ਦੇ ਮੂਲ ਵਿੱਚ ਮੌਜੂਦ ਗੁਰਮਰਿਆਦਾ ਦੇ ਸਵਾਲ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਅਨੁਸਾਰ ਉਨ੍ਹਾਂ ਦਾ ਮਕਸਦ ਕਿਸੇ ਨਾਲ ਟਕਰਾਅ ਪੈਦਾ ਕਰਨਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਆਵਾਜਾਈ ਹਰ ਪੱਖੋਂ ਸਤਿਕਾਰ, ਸਾਵਧਾਨੀ ਅਤੇ ਮਰਿਆਦਾ ਨਾਲ ਹੋਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਤਰਾਜ਼ ਅਤੇ ਸੁਝਾਅ ਪਹਿਲਾਂ ਵੀ ਪ੍ਰਬੰਧਕਾਂ ਦੇ ਧਿਆਨ ਵਿੱਚ ਸ਼ਾਂਤਮਈ ਢੰਗ ਨਾਲ ਲਿਆਂਦੇ ਜਾਂਦੇ ਰਹੇ ਹਨ। ਆਗੂਆਂ ਨੇ ਇਹ ਸਵਾਲ ਵੀ ਉਠਾਇਆ ਕਿ ਜੇਕਰ ਪਾਵਨ ਸਰੂਪਾਂ ਦੀ ਆਵਾਜਾਈ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਦੀ ਗੁੰਜਾਇਸ਼ ਹੈ ਤਾਂ ਛੋਟੀ ਦੂਰੀ ਤੈਅ ਕਰਨ ਸਮੇਂ ਵੀ ਪਾਲਕੀ ਸਾਹਿਬ ਜਾਂ ਗੁਰਮਰਿਆਦਾ ਅਨੁਸਾਰ ਹੋਰ ਢੁੱਕਵੇਂ ਪ੍ਰਬੰਧ ਕਿਉਂ ਨਾ ਕੀਤੇ ਜਾਣ।

ਇਸ ਦੇ ਨਾਲ ਹੀ ਸਤਿਕਾਰ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮੰਗਵਾਏ ਗਏ ਪਾਵਨ ਸਰੂਪਾਂ ਸਬੰਧੀ ਮੁਕੰਮਲ ਵੇਰਵੇ ਜਨਤਕ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸੰਗਤ ਨੂੰ ਇਹ ਜਾਣਕਾਰੀ ਮਿਲਣੀ ਚਾਹੀਦੀ ਹੈ ਕਿ ਕੁੱਲ ਕਿੰਨੇ ਪਾਵਨ ਸਰੂਪ ਮੰਗਵਾਏ ਗਏ, ਉਨ੍ਹਾਂ ਵਿੱਚੋਂ ਕਿੰਨੇ ਅਤੇ ਕਿਹੜੇ ਗੁਰਦੁਆਰਾ ਸਾਹਿਬਾਨ ਜਾਂ ਸਥਾਨਾਂ ਨੂੰ ਦਿੱਤੇ ਗਏ ਅਤੇ ਇਸ ਸਮੇਂ ਬਾਕੀ ਪਾਵਨ ਸਰੂਪ ਕਿੱਥੇ ਮੌਜੂਦ ਹਨ।

ਉਧਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਜਾਰੀ ਪ੍ਰੈੱਸ ਨੋਟ ਵਿੱਚ ਮਾਮਲੇ ਬਾਰੇ ਆਪਣਾ ਪੱਖ ਰੱਖਦਿਆਂ ਕਿਹਾ ਗਿਆ ਹੈ ਕਿ ਟੋਰਾਂਟੋ ਤੋਂ ਪਾਵਨ ਸਰੂਪ ਪ੍ਰਾਪਤ ਕਰਨ ਲਈ ਸਰੀ ਪਹੁੰਚੇ ਕੁਝ ਸਿੰਘਾਂ ਦੇ ਵਾਹਨਾਂ ਵਿੱਚ ਗੁਰਮਰਿਆਦਾ ਅਨੁਸਾਰ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਪਾਵਨ ਸਰੂਪ ਉਨ੍ਹਾਂ ਦੇ ਸਪੁਰਦ ਨਹੀਂ ਕੀਤੇ ਗਏ। ਪ੍ਰਬੰਧਕ ਕਮੇਟੀ ਨੇ ਇਹ ਵੀ ਕਿਹਾ ਕਿ ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਕਾਰਨ ਜੇਕਰ ਸੰਗਤ ਦੇ ਮਨਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਇਸ ਲਈ ਖਿਮਾ ਦੀ ਜਾਚਕ ਹੈ|

ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਵਲੋਂ ਜਾਰੀ ਪ੍ਰੈਸ ਨੋਟ ਦੀ ਕਾਪੀ-

 

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments