‘ਸਤਬੀਰ ਸਿੰਘ’ ਨਾਮ ਦਾ ਕੋਈ ਮੁਲਾਜ਼ਮ ਨਾ ਹੁਣ ਹੈ ਤੇ ਨਾ ਹੀ ਕਦੇ ਰਿਹਾ; ਗਲਤ ਖ਼ਬਰਾਂ ਚਲਾਉਣ ਵਾਲੇ ਮੀਡੀਆ ਚੈਨਲਾਂ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ
ਅੰਮ੍ਰਿਤਸਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਬਹਿਰੀਨ ਮਾਮਲੇ ਨਾਲ ਸਬੰਧਤ ਵਾਇਰਲ ਹੋ ਰਹੀਆਂ ਖ਼ਬਰਾਂ ਦਾ ਖੰਡਨ ਕੀਤਾ ਗਿਆ ਹੈ। ਸਕੱਤਰੇਤ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਉੱਥੇ ‘ਸਤਬੀਰ ਸਿੰਘ’ ਨਾਮ ਦਾ ਕੋਈ ਅਜਿਹਾ ਮੁਲਾਜ਼ਮ ਨਹੀਂ ਹੈ, ਜਿਸ ਨੂੰ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਵੱਲੋਂ ਪੁੱਛਗਿੱਛ ਲਈ ਸੰਮਨ ਕੀਤਾ ਗਿਆ ਹੋਵੇ।
ਸਕੱਤਰੇਤ ਦੇ ਅਧਿਕਾਰੀ ਨੇ ਕਿਹਾ ਕਿ ਕੁਝ ਪੰਜਾਬੀ ਮੀਡੀਆ ਚੈਨਲਾਂ ਵੱਲੋਂ ਇਹ ਗਲਤ ਖ਼ਬਰ ਪ੍ਰਸਾਰਿਤ ਕੀਤੀ ਜਾ ਰਹੀ ਹੈ ਕਿ ‘ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁਲਾਜ਼ਮ ਸਤਬੀਰ ਸਿੰਘ’ ਨੂੰ ਅਮਰਜੀਤ ਸਿੰਘ ਚਾਵਲਾ ਨਾਲ ਸਬੰਧਤ ਕਥਿਤ ਜਬਰ-ਜਨਾਹ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਵੱਲੋਂ ਤਲਬ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਖ਼ਬਰ ਪ੍ਰਸਾਰਿਤ ਕਰਨ ਤੋਂ ਪਹਿਲਾਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਿਸੇ ਕਿਸਮ ਦੀ ਤਸਦੀਕ ਨਹੀਂ ਕੀਤੀ ਗਈ। ਸਕੱਤਰੇਤ ਵੱਲੋਂ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਅਜਿਹੀ ਖ਼ਬਰ ਚਲਾਉਣ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ।
ਸਕੱਤਰੇਤ ਨੇ ਸਪੱਸ਼ਟ ਕੀਤਾ ਕਿ ਸਬੰਧਤ ਸਮੇਂ ਦੌਰਾਨ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਤਬੀਰ ਸਿੰਘ ਨਾਮ ਦਾ ਨਾ ਤਾਂ ਕੋਈ ਮੁਲਾਜ਼ਮ ਮੌਜੂਦ ਹੈ ਅਤੇ ਨਾ ਹੀ ਅਜਿਹਾ ਕੋਈ ਵਿਅਕਤੀ ਪਹਿਲਾਂ ਕਦੇ ਸਕੱਤਰੇਤ ਦਾ ਮੁਲਾਜ਼ਮ ਰਿਹਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਉਨ੍ਹਾਂ ਨੇ ਬਿਨਾਂ ਤਸਦੀਕ ਦੇ ਝੂਠੀਆਂ ਅਤੇ ਗੁੰਮਰਾਹਕੁੰਨ ਖ਼ਬਰਾਂ ਪ੍ਰਸਾਰਿਤ ਕਰਨ ਵਾਲੇ ਮੀਡੀਆ ਚੈਨਲਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।
ਸਕੱਤਰੇਤ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਸੰਵੇਦਨਸ਼ੀਲ ਮਾਮਲੇ ਨਾਲ ਸਬੰਧਤ ਖ਼ਬਰ ਪ੍ਰਸਾਰਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਪੂਰੀ ਤਰ੍ਹਾਂ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਗਲਤ ਜਾਣਕਾਰੀ ਕਾਰਨ ਕਿਸੇ ਸੰਸਥਾ ਜਾਂ ਵਿਅਕਤੀ ਦੀ ਸਾਖ ਨੂੰ ਨੁਕਸਾਨ ਨਾ ਪਹੁੰਚੇ।




