HomeCanadaਸਰੀ ਰਨਰਜ਼ ਵੱਲੋਂ ਬੇਅਰ ਕਰੀਕ ਪਾਰਕ ਵਿੱਚ ਕਰਵਾਈ ਮੈਰਾਥਨ ਦੌੜ ਨੂੰ ਭਰਵਾਂ...

ਸਰੀ ਰਨਰਜ਼ ਵੱਲੋਂ ਬੇਅਰ ਕਰੀਕ ਪਾਰਕ ਵਿੱਚ ਕਰਵਾਈ ਮੈਰਾਥਨ ਦੌੜ ਨੂੰ ਭਰਵਾਂ ਹੁੰਗਾਰਾ

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਦਿੱਤਾ ਸੁਨੇਹਾ; ਵੱਖ-ਵੱਖ ਉਮਰ ਵਰਗਾਂ ਦੇ ਕਰੀਬ 200 ਦੌੜਾਕਾਂ ਨੇ ਲਿਆ ਹਿੱਸਾ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) : ਸਰੀ ਦੀ ਸਮਾਜ ਸੇਵੀ ਅਤੇ ਖੇਡ ਸੰਸਥਾ ‘ਸਰੀ ਰਨਰਜ਼’ ਵੱਲੋਂ ਸਥਾਨਕ ਵੱਖ-ਵੱਖ ਭਾਈਚਾਰਿਆਂ ਦੇ ਸਹਿਯੋਗ ਨਾਲ ਸਰੀ ਦੇ ਬੇਅਰ ਕਰੀਕ ਪਾਰਕ ਵਿਖੇ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਇਸ ਦੌੜ ਵਿੱਚ ਬੱਚਿਆਂ, ਨੌਜਵਾਨਾਂ, ਔਰਤਾਂ ਅਤੇ ਬਜ਼ੁਰਗਾਂ ਸਮੇਤ ਵੱਖ-ਵੱਖ ਉਮਰ ਵਰਗਾਂ ਦੇ ਕਰੀਬ 200 ਦੌੜਾਕਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਦੌੜਾਕਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਭਾਈਚਾਰੇ ਦੇ ਲੋਕਾਂ ਵਿੱਚ ਵੀ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ।

ਇਸ ਮੈਰਾਥਨ ਦੇ ਮੁੱਖ ਆਯੋਜਕ ਸਿਮਰ ਸਿੰਘ ਬਟਾਲੀਆ ਨੇ ਬੀਸੀ ਪੰਜਾਬੀ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਹੋਂਦ ਵਿੱਚ ਆਈ ਸੰਸਥਾ ‘ਸਰੀ ਰਨਰਜ਼’ ਦੇ ਪ੍ਰਬੰਧਕਾਂ ਦੀ ਲੰਮੇ ਸਮੇਂ ਤੋਂ ਇੱਛਾ ਸੀ ਕਿ ਸਰੀ ਸ਼ਹਿਰ ਵਿੱਚ ਵੱਡੇ ਪੱਧਰ ‘ਤੇ ਮੈਰਾਥਨ ਦੌੜ ਕਰਵਾਈ ਜਾਵੇ, ਜਿਸ ਵਿੱਚ ਹਰ ਉਮਰ ਅਤੇ ਹਰ ਭਾਈਚਾਰੇ ਦੇ ਲੋਕਾਂ ਨੂੰ ਸ਼ਾਮਲ ਹੋਣ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸੇ ਉਦੇਸ਼ ਦੀ ਪੂਰਤੀ ਲਈ ਸੰਸਥਾ ਵੱਲੋਂ ਇਹ ਉਪਰਾਲਾ ਕੀਤਾ ਗਿਆ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਸਿਮਰ ਸਿੰਘ ਬਟਾਲੀਆ ਨੇ ਅੱਗੇ ਕਿਹਾ ਕਿ ਇਸ ਮੈਰਾਥਨ ਦਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨਾਲ ਜੋੜਨਾ ਹੈ। ਇਸ ਦੇ ਨਾਲ ਹੀ ਹਰ ਉਮਰ ਦੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਵੀ ਇਸ ਉਪਰਾਲੇ ਦਾ ਅਹਿਮ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਚੁਣੌਤੀਆਂ ਤੋਂ ਬਚਾਉਣਾ ਬੇਹੱਦ ਜ਼ਰੂਰੀ ਹੈ, ਉੱਥੇ ਹੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਨੂੰ ਖੇਡਾਂ ਅਤੇ ਕਸਰਤ ਨਾਲ ਜੋੜਨ ਦੀ ਵੀ ਵੱਡੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਖੇਡ ਸਮਾਗਮ ਨਾ ਸਿਰਫ਼ ਲੋਕਾਂ ਨੂੰ ਸਰੀਰਕ ਤੌਰ ‘ਤੇ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰਦੇ ਹਨ, ਸਗੋਂ ਵੱਖ-ਵੱਖ ਭਾਈਚਾਰਿਆਂ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਨੂੰ ਵੀ ਮਜ਼ਬੂਤ ਬਣਾਉਂਦੇ ਹਨ।

ਇਸ ਮੈਰਾਥਨ ਦੌੜ ਵਿੱਚ ਸਰੀ ਦੀ ਮੌਜੂਦਾ ਮੇਅਰ ਬਰੈਂਡਾ ਲੌਕ, ਇਮੇਜਿਨ ਸਰੀ ਸਲੇਟ ਵੱਲੋਂ ਕੌਂਸਲਰ ਉਮੀਦਵਾਰ ਪਰਮਿੰਦਰ ਚੌਹਾਨ, ਜੈਸੀ ਸੁਨੜ ਅਤੇ ਚੜ੍ਹਦੀ ਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦੇ ਸੰਸਥਾਪਕ ਜਸਵਿੰਦਰ ਸਿੰਘ ਦਿਲਾਵਰੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਇਸ ਮੌਕੇ ਪਹੁੰਚੀਆਂ ਉਕਤ ਸ਼ਖ਼ਸੀਅਤਾਂ ਨੇ ਮੈਰਾਥਨ ਵਿੱਚ ਭਾਗ ਲੈਣ ਵਾਲੇ ਦੌੜਾਕਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ‘ਸਰੀ ਰਨਰਜ਼’ ਦੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਅਜਿਹੇ ਸਮਾਗਮਾਂ ਨੂੰ ਸਮਾਜ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਉਸਾਰੂ ਗਤੀਵਿਧੀਆਂ ਵੱਲ ਪ੍ਰੇਰਿਤ ਕਰਨ ਲਈ ਮਹੱਤਵਪੂਰਨ ਦੱਸਦਿਆਂ ਆਸ ਪ੍ਰਗਟਾਈ ਕਿ ਸੰਸਥਾ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖੇਗੀ।

ਸਮਾਗਮ ਦੇ ਅੰਤ ਵਿੱਚ ਮੁੱਖ ਆਯੋਜਕ ਸਿਮਰ ਸਿੰਘ ਬਟਾਲੀਆ ਨੇ ਮੈਰਾਥਨ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਭਾਈਚਾਰਿਆਂ, ਵਿਸ਼ੇਸ਼ ਮਹਿਮਾਨਾਂ, ਵਲੰਟੀਅਰਾਂ ਅਤੇ ਦੌੜਾਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਮੈਰਾਥਨ ਨੇ ਜਿੱਥੇ ਖੇਡਾਂ ਪ੍ਰਤੀ ਲੋਕਾਂ ਦੇ ਵਧ ਰਹੇ ਰੁਝਾਨ ਨੂੰ ਉਜਾਗਰ ਕੀਤਾ, ਉੱਥੇ ਹੀ ‘ਨਸ਼ਿਆਂ ਤੋਂ ਦੂਰ ਰਹੋ, ਖੇਡਾਂ ਨਾਲ ਜੁੜੋ ਅਤੇ ਸਿਹਤਮੰਦ ਜੀਵਨ ਜੀਓ’ ਦਾ ਸੁਨੇਹਾ ਵੀ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments