Google search engine
Home Canada ਸਰੀ ਵਿੱਚ ਸੇਫ ਸਰੀ ਕੋਲੀਸ਼ਨ ਦੀ ਚੋਣ ਰੈਲੀ ਦੌਰਾਨ ਸਮਰਥਕਾਂ ਦਾ ਭਰਵਾਂ...

ਸਰੀ ਵਿੱਚ ਸੇਫ ਸਰੀ ਕੋਲੀਸ਼ਨ ਦੀ ਚੋਣ ਰੈਲੀ ਦੌਰਾਨ ਸਮਰਥਕਾਂ ਦਾ ਭਰਵਾਂ ਇਕੱਠ

2

ਡੱਗ ਮੈਕੈਲਮ ਨੇ ਆਪਣੇ ਪਿਛਲੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਈਆਂ, ਚੋਣ ਵਾਅਦੇ ਪੂਰੇ ਕਰਨ ਦਾ ਦਿੱਤਾ ਭਰੋਸਾ

ਮਨਦੀਪ ਨਾਗਰਾ ਸਮੇਤ ਸਮੁੱਚੀ ਟੀਮ ਨੇ ਸਰੀ ਦੇ ਵਿਕਾਸ ਅਤੇ ਲੋਕ ਭਲਾਈ ਲਈ ਆਪਣਾ ਵਿਜ਼ਨ ਕੀਤਾ ਸਾਂਝਾ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) : ਸਰੀ ਦੀਆਂ 17 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਉਂਸਪਲ ਚੋਣਾਂ ਦੇ ਮੱਦੇਨਜ਼ਰ ਸੇਫ ਸਰੀ ਕੋਲੀਸ਼ਨ ਸਲੇਟ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰਦਿਆਂ ਸਰੀ ਦੇ ਗ੍ਰੈਂਡ ਐਂਪਾਇਰ ਬੈਂਕੁਇਟ ਹਾਲ ਵਿਖੇ ਇੱਕ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਸਲੇਟ ਦੇ ਸਮਰਥਕਾਂ, ਵੱਖ-ਵੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਰੀ ਦੇ ਸਾਬਕਾ ਮੇਅਰ ਅਤੇ ਸੇਫ ਸਰੀ ਕੋਲੀਸ਼ਨ ਵੱਲੋਂ ਮੇਅਰ ਦੇ ਅਹੁਦੇ ਲਈ ਚੋਣ ਲੜ ਰਹੇ ਡੱਗ ਮੈਕੈਲਮ ਨੇ ਆਪਣੇ ਪਿਛਲੇ ਮੇਅਰ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਅਤੇ ਪ੍ਰਾਪਤੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਸਰੀ ਦੇ ਵਿਕਾਸ ਅਤੇ ਲੋਕਾਂ ਦੀਆਂ ਸਹੂਲਤਾਂ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਸਨ।

ਡੱਗ ਮੈਕੈਲਮ ਨੇ ਦਾਅਵਾ ਕੀਤਾ ਕਿ ਜੇਕਰ ਸਰੀ ਦੇ ਵੋਟਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਸਮੁੱਚੀ ਕੌਂਸਲਰ ਟੀਮ ਨੂੰ ਮੁੜ ਸੇਵਾ ਕਰਨ ਦਾ ਮੌਕਾ ਦਿੰਦੇ ਹਨ ਤਾਂ ਚੋਣਾਂ ਦੌਰਾਨ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰਨ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰੀ ਦੇ ਸਰਬਪੱਖੀ ਵਿਕਾਸ, ਲੋਕ ਭਲਾਈ ਅਤੇ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਟੀਮ ਦੀਆਂ ਮੁੱਖ ਤਰਜੀਹਾਂ ਹੋਣਗੀਆਂ।

ਇਸ ਮੌਕੇ ਸੇਫ ਸਰੀ ਕੋਲੀਸ਼ਨ ਦੇ ਪੰਜਾਬੀ ਮੂਲ ਦੇ ਕੌਂਸਲਰ ਉਮੀਦਵਾਰ ਮਨਦੀਪ ਸਿੰਘ ਨਾਗਰਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਚੋਣ ਮੁਹਿੰਮ ਦੌਰਾਨ ਉਨ੍ਹਾਂ ਦੀ ਟੀਮ ਨੂੰ ਸਰੀ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਵਾਸੀ ਦੂਜੀਆਂ ਸਿਆਸੀ ਸਲੇਟਾਂ ਵੱਲੋਂ ਕੀਤੇ ਜਾ ਰਹੇ ਲੁਭਾਵਣੇ ਵਾਅਦਿਆਂ ਤੋਂ ਅੱਕ ਚੁੱਕੇ ਹਨ ਅਤੇ ਹੁਣ ਉਹ ਸ਼ਹਿਰ ਵਿੱਚ ਬਦਲਾਅ ਦੇਖਣਾ ਚਾਹੁੰਦੇ ਹਨ।

ਨਾਗਰਾ ਨੇ ਕਿਹਾ ਕਿ ਲੋਕਾਂ ਵੱਲੋਂ ਮਿਲ ਰਿਹਾ ਸਮਰਥਨ ਉਨ੍ਹਾਂ ਦੀ ਸਮੁੱਚੀ ਟੀਮ ਲਈ ਉਤਸ਼ਾਹਜਨਕ ਹੈ। ਉਨ੍ਹਾਂ ਸੇਫ ਸਰੀ ਕੋਲੀਸ਼ਨ ਦੇ ਸਾਰੇ ਉਮੀਦਵਾਰਾਂ ਦੀ ਜਿੱਤ ਦਾ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਸਰੀ ਵਾਸੀਆਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਵਚਨਬੱਧ ਹੈ।

ਇਸ ਚੋਣ ਰੈਲੀ ਦੌਰਾਨ ਸੇਫ ਸਰੀ ਕੋਲੀਸ਼ਨ ਦੀ ਨੌਜਵਾਨ ਕੌਂਸਲਰ ਉਮੀਦਵਾਰ ਸੁਹਾਨਾ ਗਿੱਲ ਤੋਂ ਇਲਾਵਾ ਮੀਰਾ ਗਿੱਲ, ਲੌਰੀ ਗੁਏਰਾ, ਐਲੀਸਨ ਪੈਟਨ, ਚੈਨੀ ਕਲੋਕ ਅਤੇ ਡੱਗ ਐਲਫੋਰਡ ਨੇ ਵੀ ਆਪੋ-ਆਪਣੇ ਸੰਖੇਪ ਸੰਬੋਧਨਾਂ ਦੌਰਾਨ ਸਲੇਟ ਦੀਆਂ ਨੀਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ।

ਇਨ੍ਹਾਂ ਬੁਲਾਰਿਆਂ ਨੇ ਸ਼ਹਿਰ ਦੇ ਵਿਕਾਸ, ਜਨਤਕ ਸੁਰੱਖਿਆ, ਬੁਨਿਆਦੀ ਢਾਂਚੇ ਅਤੇ ਲੋਕਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਸਰੀ ਵਾਸੀਆਂ ਨੂੰ ਸੇਫ ਸਰੀ ਕੋਲੀਸ਼ਨ ਦੀ ਟੀਮ ਦਾ ਸਾਥ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਉੱਘੇ ਰਿਐਲਟਰ ਸੰਦੀਪ ਤੂਰ ਨੇ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਸਰੀ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸੇਫ ਸਰੀ ਕੋਲੀਸ਼ਨ ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ।

ਇਸ ਚੋਣ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਉੱਘੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ, ਬਰਿੰਦਰ ਢਿੱਲੋਂ, ਦਵਿੰਦਰ ਧਾਲੀਵਾਲ, ਪਿੰਦਰ ਧਾਲੀਵਾਲ ਅਤੇ ਅਸ਼ਮੀਤ ਚਾਹਲ ਸਮੇਤ ਵੱਖ-ਵੱਖ ਖੇਤਰਾਂ ਨਾਲ ਸਬੰਧਤ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਸੇਫ ਸਰੀ ਕੋਲੀਸ਼ਨ ਦੇ ਸਮਰਥਕ ਹਾਜ਼ਰ ਸਨ।

ਰੈਲੀ ਦੌਰਾਨ ਸੇਫ ਸਰੀ ਕੋਲੀਸ਼ਨ ਦੇ ਆਗੂਆਂ ਨੇ ਆਉਣ ਵਾਲੀਆਂ ਮਿਉਂਸਪਲ ਚੋਣਾਂ ਨੂੰ ਸਰੀ ਦੇ ਭਵਿੱਖ ਲਈ ਮਹੱਤਵਪੂਰਨ ਦੱਸਦਿਆਂ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਅਤੇ ਸ਼ਹਿਰ ਵਾਸੀਆਂ ਤੱਕ ਆਪਣੀਆਂ ਨੀਤੀਆਂ ਪਹੁੰਚਾਉਣ ਦੀ ਗੱਲ ਆਖੀ।

 

Google search engine
Google search engine