2 ਪੰਜਾਬੀ ਦੇਵ ਸਿੱਧੂ ਅਤੇ ਅਮਰੀਕ ਨਾਰੰਗ ਕੌਂਸਲਰ ਅਤੇ ਅਰਸ਼ਵੀਰ ਸਿੰਘ ਕਲੇਰ ਸਕੂਲ ਟਰਸਟੀ ਬਣੇ

ਐਬਸਫੋਰਡ (ਡਾ ਗੁਰਵਿੰਦਰ ਸਿੰਘ ਧਾਲੀਵਾਲ) ਐਬਸਫੋਰਡ ਵਿੱਚ ਹੋਈਆਂ ਮਿਉਂਸਪਲ ਚੋਣਾਂ ਵਿੱਚ, ਮੌਜੂਦਾ ਮੇਅਰ ਰੌਸ ਸੀਮੇੰਜ਼ ਅਤੇ ਕਈ ਮੌਜੂਦਾ ਕੌਂਸਲਰਾਂ ਨੇ ਮੁੜ ਚੋਣ ਜਿੱਤ ਲਈ ਹੈ। ਸ਼ਨੀਵਾਰ ਰਾਤ ਦੇ ਚੋਣ ਨਤੀਜਿਆਂ ਅਨੁਸਾਰ, ਮੇਅਰ ਸੀਮੇਂਜ਼ ਨੇ 62 ਫੀਸਦੀ ਤੋਂ ਵੱਧ ਵੋਟਾਂ ਹਾਸਲ ਕਰਕੇ ਚਾਰ ਸਾਲਾਂ ਦਾ ਇੱਕ ਹੋਰ ਕਾਰਜਕਾਲ ਪੱਕਾ ਕਰ ਲਿਆ ਹੈ। ਉਹ ਆਪਣੇ ਸਭ ਤੋਂ ਨੇੜਲੇ ਵਿਰੋਧੀ ਉਮੀਦਵਾਰ ਨੌਜਵਾਨ ਸੁਖੀ ਧਾਮੀ ਤੋਂ ਕਰੀਬ 30 ਫੀਸਦੀ ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਇਸ ਤੋਂ ਇਲਾਵਾ ਚਾਰ ਮੌਜੂਦਾ ਕੌਂਸਲਰ ਵੀ ਮੁੜ ਚੁਣੇ ਗਏ ਹਨ, ਇਨ੍ਹਾਂ ਵਿੱਚ ਕੌਂਸਲਰ ਡੇਵ ਸਿੱਧੂ ਸ਼ਾਮਲ ਹਨ, ਜੋ ਸਾਰੇ ਕੌਂਸਲ ਉਮੀਦਵਾਰਾਂ ਵਿੱਚੋਂ ਸਭ ਤੋਂ ਅੱਗੇ ਰਹੇ ਹਨ।

ਉਨ੍ਹਾਂ ਤੋਂ ਬਾਅਦ ਪੈਟਰੀਸ਼ੀਆ ਡਰੀਸਨ, ਲੈਸ ਬਾਰਕਮੈਨ, ਪੈਟਰੀਸ਼ੀਆ ਰੌਸ, ਕ੍ਰਿਸਟੀ ਮਿਲਜ਼, ਕਾਰਮੇਨ ਫਾਸਟ ਹੋਲੇਟ, ਅਮਰੀਕ ਨਾਰੰਗ ਅਤੇ ਰਿਕ ਥੀਸਨ ਸ਼ਾਮਲ ਹਨ। ਐਬਸਫੋਰਡ ਵਿੱਚ ਕੁੱਲ ਅੱਠ ਕੌਂਸਲਰ ਚੁਣੇ ਜਾਂਦੇ ਹਨ। ਜਿਕਰਯੋਗ ਹੈ ਕਿ ਸੱਤ ਪੰਜਾਬੀ ਕੌਂਸਲ ਦੀਆਂ ਚੋਣਾਂ ਲੜ ਰਹੇ ਸਨ, ਜਿਨਾਂ ਵਿੱਚੋਂ ਕੌਂਸਲਰ ਦੇਵ ਸਿੱਧੂ ਅਤੇ ਅਮਰੀਕ ਨਾਰੰਗ ਜੇਤੂ ਰਹੇ ਹਨ। ਇਸ ਤਰ੍ਹਾਂ ਹੀ ਸਕੂਲ ਟਰਸਟੀ ਦੀਆਂ ਚੋਣਾਂ ਅੱਠ ਪੰਜਾਬੀ ਲੜ ਰਹੇ ਸਨ, ਜਿਨਾਂ ਵਿੱਚੋਂ ਇੱਕੋ ਇੱਕ ਅਰਸ਼ਵੀਰ ਸਿੰਘ ਕਲੇਰ ਜੇਤੂ ਰਹੇ ਹਨ।

ਪ੍ਰੀਤ ਰਾਏ ਪਹਿਲਾ ਸਕੂਲ ਟਰਸਟੀ ਸਨ ਤੇ ਉਹਨਾਂ ਕੌਂਸਲ ਦੀ ਚੋਣ ਲੜੀ ਸੀ, ਪਰ ਸਫਲ ਨਾ ਹੋ ਸਕੇ। ਬ੍ਰਿਟਿਸ਼ ਕਲੰਬੀਆ ਸੂਬੇ ਦੇ ਸ਼ਹਿਰ ਐਬਸਫੋਰਡ ਵਿਖੇ ਇੱਕ ਚੌਥਾਈ ਗਿਣਤੀ ਪੰਜਾਬੀਆਂ ਦੀ ਹੈ ਅਤੇ ਸਰੀ ਤੋਂ ਮਗਰੋਂ ਇਹ ਸੰਘਣੀ ਪੰਜਾਬੀ ਵਸੋਂ ਵਾਲਾ ਸ਼ਹਿਰ ਮੰਨਿਆ ਜਾਂਦਾ ਹੈ।




