ਸਰੀ ਦੇ 8 ਕੌਂਸਲਰਾਂ ਵਿੱਚੋਂ ਚਾਰ ਪੰਜਾਬੀ ਚੁਣੇ ਗਏ
ਸਰੀ (ਡਾ ਗੁਰਵਿੰਦਰ ਸਿੰਘ ਧਾਲੀਵਾਲ) ਸਰੀ ਦੀਆਂ ਮਿਊਸੀਪਲ ਚੋਣਾਂ ਵਿੱਚ ਸਾਬਕਾ ਮੇਅਰ ਡੱਗ ਮਕੱਲਮ ਇਕ ਵਾਰ ਫਿਰ ਸਰਪੰਚ ਚੁਣੇ ਗਏ ਹਨ। ਇਸ ਤੋਂ ਇਲਾਵਾ, ਉਨਾਂ ਦੀ ਟੀਮ ਚੋਂ ਸੱਤ ਕੌਂਸਲਰ ਵੀ ਚੁਣੇ ਗਏ ਹਨ, ਜਿੰਨਾ ‘ਚ ਪੰਜਾਬੀਆਂ ਵਿੱਚੋਂ ਮੀਰਾ ਗਿੱਲ, ਮਨਦੀਪ ਸਿੰਘ ਨਾਗਰਾ ਅਤੇ ਸੁਹਾਨਾ ਗਿੱਲ ਵੀ ਸ਼ਾਮਿਲ ਹਨ, ਜਦ ਕਿ ਸਾਬਕਾ ਮੇਅਰ ਬਰਿੰਡਾ ਲੌਕ ਦੀ ਟੀਮ ਵਿੱਚੋਂ ਇੱਕੋ ਇੱਕ ਹੈਰੀ ਬੈਂਸ ਕੌਂਸਲਰ ਚੁਣੇ ਗਏ ਹਨ। ਇਸ ਤਰ੍ਹਾਂ ਸਕੂਲ ਟਰਸਟੀਆਂ ਵਿੱਚੋਂ ਗੁਰਪ੍ਰੀਤ ਸਿੰਘ ਗੈਰੀ ਥਿੰਦ ਦੁਬਾਰਾ ਚੁਣੇ ਗਏ ਹਨ, ਹਾਲਾਂ ਕਿ ਉਹ ਬੀਸੀ ਕੰਜ਼ਰਵਟਿਵ ਵੱਲੋਂ ਸੂਬਾਈ ਚੋਣ ਵੀ ਲੜ ਰਹੇ ਹਨ, ਜੋ ਕਿ 24 ਅਕਤੂਬਰ ਨੂੰ ਹੋਵੇਗੀ। ਚੁਣੇ ਗਏ ਕੌਂਸਲਰ ; ਹੈਰੀ ਬੈਂਸ, ਡੱਗ ਐਲਫੋਰਡ, ਮੀਰਾ ਗਿੱਲ, ਮਨਦੀਪ ਸਿੰਘ ਨਾਗਰਾ, ਸੁਹਾਨਾ ਗਿੱਲ, ਐਲੀਸਨ ਪੈਟਨ, ਲੌਰੀ ਗੁਏਰਾ ਅਤੇ ਚੇਨੀ ਕਲੋਕ। ਜ਼ਿਕਰਯੋਗ ਹੈ ਕਿ ਡੱਗ ਮਕੱਲਮ ਦਾ ਪੰਜਾਬੀ ਭਾਈਚਾਰੇ ਵਿੱਚ ਚੰਗਾ ਆਧਾਰ ਹੈ ਅਤੇ ਪੰਜਾਬੀਆਂ ਦੇ ਸਹਿਯੋਗ ਨਾਲ ਉਹ ਪਹਿਲਾਂ ਵੀ ਸਰੀ ਦੇ ਮੇਅਰ ਰਹਿ ਚੁੱਕੇ ਹਨ। ਲੋਕਾਂ ਨੂੰ ਉਮੀਦਾਂ ਹਨ ਕਿ ਨਵੀਂ ਚੁਣੀ ਗਈ ਟੀਮ ਸਰੀ ਦੇ ਬਹੁਪੱਖੀ ਵਿਕਾਸ ਲਈ ਕੰਮ ਕਰੇਗੀ ਅਤੇ ਭਾਰੀ ਟੈਕਸਾਂ ਤੋਂ ਲੋਕਾਂ ਨੂੰ ਨਿਜਾਤ ਦਵਾਏਗੀ।




