HomeCanadaਬੀਸੀ ਕੰਸਰਵੇਟਿਵ ਪਾਰਟੀ ਵਲੋਂ ਸਰੀ ਵਿਚ ਭਾਰੀ ਚੋਣ ਰੈਲੀ

ਬੀਸੀ ਕੰਸਰਵੇਟਿਵ ਪਾਰਟੀ ਵਲੋਂ ਸਰੀ ਵਿਚ ਭਾਰੀ ਚੋਣ ਰੈਲੀ

ਪਾਰਟੀ ਆਗੂ ਲੌਰਨ ਡੌਰਕਸਨ ਵੱਲੋਂ ਨਿਊਟਨ ਵਿਚ ਸਕਾਈਟਰੇਨ ਤੇ ਨਵਾਂ ਹਸਪਤਾਲ ਦੇ ਵਾਅਦੇ ਨਾਲ ਹੋਰ ਸਮੱਸਿਆਵਾਂ ਦੇ ਹੱਲ ਦਾ ਭਰੋਸਾ

ਸਰੀ, 23 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ): ਬ੍ਰਿਟਿਸ਼ ਕੋਲੰਬੀਆ ਵਿੱਚ ਹੋ ਰਹੀਆਂ ਸੂਬਾਈ ਚੋਣਾਂ ਦੇ ਮੱਦੇਨਜ਼ਰ ਬੀਤੀ ਸ਼ਾਮ ਸਰੀ ਵਿਖੇ ਕੰਸਰਵੇਟਿਵ ਪਾਰਟੀ ਆਫ਼ ਬ੍ਰਿਟਿਸ਼ ਕੋਲੰਬੀਆ ਵੱਲੋਂ ਇੱਕ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਾਰਟੀ ਆਗੂ ਲੌਰਨ ਡੌਰਕਸਨ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਸਰੀ ਸਮੇਤ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਹਲਕਿਆਂ ਤੋਂ ਚੋਣ ਲੜ ਰਹੇ ਕੰਸਰਵੇਟਿਵ ਉਮੀਦਵਾਰਾਂ ਨੇ ਵੀ ਸ਼ਮੂਲੀਅਤ ਕੀਤੀ। ਮੰਚ ਦੀ ਕਾਰਵਾਈ ਸਰੀ ਨਿਊਟਨ ਤੋਂ ਉਮੀਦਵਾਰ ਡਾ ਹਰਜ ਧਾਲੀਵਾਲ ਨੇ ਸ਼ੁਰੂ ਕੀਤੀ। ਇਸ ਉਪਰੰਤ ਸਰੀ ਸਰਪੈਨਟਾਈਨ ਤੋਂ ਉਮੀਦਵਾਰ ਜੈਸੀ ਸਹੋਤਾ ਨੇ ਮਾਈਕ ਸੰਭਾਲਿਆ ਤੇ ਪਾਰਟੀ ਆਗੂ ਲੌਰਨ ਡੌਰਕਸਨ ਦਾ ਮੰਚ ਤੇ ਜ਼ੋਰਦਾਰ ਸਵਾਗਤ ਕੀਤੀ।

ਰੈਲੀ ਦੌਰਾਨ ਪਾਰਟੀ ਆਗੂ ਡੌਰਕਸਨ ਨੇ ਆਪਣੇ ਸੰਬੋਧਨ ਵਿੱਚ ਮੌਜੂਦਾ ਐਨ.ਡੀ.ਪੀ. ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕ ਮਹਿੰਗਾਈ, ਵਧ ਰਹੇ ਟੈਕਸਾਂ, ਸਿਹਤ ਸਹੂਲਤਾਂ ਦੀ ਘਾਟ, ਆਵਾਜਾਈ ਦੀਆਂ ਸਮੱਸਿਆਵਾਂ ਅਤੇ ਹੋਰ ਕਈ ਬੁਨਿਆਦੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੰਸਰਵੇਟਿਵ ਪਾਰਟੀ ਦੀ ਸਰਕਾਰ ਬਣਨ ਦੀ ਸੂਰਤ ਵਿੱਚ ਇਨ੍ਹਾਂ ਸਮੱਸਿਆਵਾਂ ਦੇ ਹੱਲ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਨੀਤੀਆਂ ਤਿਆਰ ਕੀਤੀਆਂ ਜਾਣਗੀਆਂ।

ਸਕਾਈਟ੍ਰੇਨ ਦੇ ਵਿਸਥਾਰ ਅਤੇ ਸਿਹਤ ਸਹੂਲਤਾਂ ਨੂੰ ਬਣਾਇਆ ਮੁੱਖ ਮੁੱਦਾ-

ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਸਰੀ ਵਰਗੇ ਤੇਜ਼ੀ ਨਾਲ ਵਧ ਰਹੇ ਸ਼ਹਿਰ ਵਿੱਚ ਜਨਤਕ ਆਵਾਜਾਈ ਅਤੇ ਸਿਹਤ ਸੇਵਾਵਾਂ ਦੇ ਵਿਸਥਾਰ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰੀ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਕਾਈਟ੍ਰੇਨ ਦੇ ਵਿਸਥਾਰ ਅਤੇ ਨਵੇਂ ਹਸਪਤਾਲਾਂ ਦੀ ਉਸਾਰੀ ਵਰਗੇ ਮੁੱਦਿਆਂ ਨੂੰ ਤਰਜੀਹ ਦਿੱਤੀ ਜਾਵੇਗੀ।

ਉਨ੍ਹਾਂ ਨੇ ਮੌਜੂਦਾ ਸਰਕਾਰ ਦੇ ਕੁਝ ਵਿਵਾਦਤ ਕਾਨੂੰਨਾਂ ਵਿੱਚ ਤਬਦੀਲੀਆਂ ਕਰਨ ਦਾ ਵੀ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਾਧੂ ਟੈਕਸਾਂ ਅਤੇ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਪਰਿਵਾਰਾਂ ਅਤੇ ਕਾਰੋਬਾਰੀਆਂ ਨੂੰ ਰਾਹਤ ਦੇਣ ਲਈ ਠੋਸ ਕਦਮ ਚੁੱਕੇ ਜਾਣਗੇ।ਪਾਰਟੀ ਆਗੂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਲੋਕਾਂ ਦੀਆਂ ਰੋਜ਼ਾਨਾ ਸਮੱਸਿਆਵਾਂ ਨੂੰ ਸਮਝਦਿਆਂ ਉਨ੍ਹਾਂ ਦੇ ਹੱਲ ਲਈ ਕੰਮ ਕਰੇ। ਉਨ੍ਹਾਂ ਨੇ ਪਾਰਟੀ ਦੀਆਂ ਚੋਣ ਤਰਜੀਹਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੌਰਾਨ ਉਹਨਾਂ ਨੇ ਸਰੀ ਦੇ ਵੱਖ ਵੱਖ ਹਲਕਿਆਂ ਤੋਂ ਕੰਸਰਵੇਟਿਵ ਉਮੀਦਵਾਰਾਂ ਦੀ ਜਾਣ ਪਹਿਚਾਣ ਵੀ ਕਰਵਾਈ। ਇਹਨਾਂ ਵਿਚ ਸਰੀ ਨੌਰਥ ਤੋਂ ਮਨਦੀਪ ਸਿੰਘ ਧਾਲੀਵਾਲ,ਸਰੀ ਸੈਂਟਰ ਤੋਂ ਜੀਸ਼ਾਨ ਵਾਹਲਾ, ਸਰੀ ਗਿਲਫੋਰਡ ਤੋਂ ਗੈਰੀ ਥਿੰਦ, ਸਰੀ ਨਿਊਟਨ ਤੋਂ ਹਰਜ ਧਾਲੀਵਾਲ, ਸਰੀ ਫਲੀਟਵੁੱਡ ਤੋਂ ਪੌਲ ਪੁਰੇਵਾਲ, ਸਰੀ ਸਰਪੈਨਟਾਈਨ ਤੋਂ ਜੈਸੀ ਸਹੋਤਾ, ਸਰੀ ਪੈਨੇਰਮਾ ਤੋਂ ਬਰਾਇਨ ਟੈਪਰ, ਸਰੀ ਕਲੋਵਰਡੇਲ ਤੋਂ ਨਿਕੋਲਸ ਕਾਰਟਮੈਲ, ਸਾਉਥ ਸਰੀ ਤੋਂ ਮੈਗਨਾ ਨਾਈਟ, ਸਰੀ ਵਾਈਟਰੌਕ ਤੋਂ ਟਰੈਵਰ ਹੈਲਫੋਰਡ, ਲੈਂਗਲੀ ਵਿਲੋਬਰੁਕ ਤੋਂ ਜੋਡੀ ਤੂਰ ਤੇ ਡੈਲਟਾ ਨਾਰਥ ਤੋਂ ਮੋਨਿਕਾ ਮੋਹਣ ਹਾਜ਼ਰ ਸਨ।ਨਕਸ਼ੇ ਖਰੀਦੋ

ਸਾਬਕਾ ਪ੍ਰੀਮੀਅਰ, ਦੋ ਸਾਬਕਾ ਮੇਅਰ ਤੇ ਮੇਅਰ ਨੇ ਸ਼ਮੂਲੀਅਤ ਕੀਤੀ- ਰੈਲੀ ਦੀ ਇਹ ਵਿਲੱਖਣਤਾ ਰਹੀ ਕਿ ਇਸ ਮੌਕੇ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ, ਦੋ ਸਾਬਕਾ ਮੇਅਰ ਡਾਇਨਾ ਵਾਟਸ ਤੇ ਲਿੰਡਾ ਹੈਪਨਰ ਤੋਂ ਇਲਾਵਾ 5ਵੀਂ ਵਾਰ ਮੇਅਰ ਚੁਣੇ ਗਏ ਡੱਗ ਮੈਕਲਮ ਨੇ ਸ਼ਮੂਲੀਅਤ ਕਰਦਿਆਂ ਕੰਸਰਵੇਟਿਵ ਦੇ ਹੱਕ ਵਿਚ ਸਮਰਥਨ ਦਾ ਐਲਾਨ ਕੀਤਾ। ਇਹਨਾਂ ਆਗੂਆਂ ਨੇ ਸਰੀ ਨਿਵਾਸੀਆਂ ਨੂੰ ਕਿਹਾ ਇਸ ਵਾਰ ਸਰੀ ਨੂੰ ਨੀਲੇ ਰੰਗ ਵਿਚ ਰੰਗ ਦਿਓ। ਮੇਅਰ ਡੱਗ ਮੈਕਲਮ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਬੀਸੀ ਕੰਸਰਵੇਟਿਵ ਪਾਰਟੀ ਕੋਲ ਸਕਾਈਟਰੇਨ ਦੇ ਵਿਸਥਾਰ ਅਤੇ ਨਵਾਂ ਹਸਪਤਾਲ ਬਣਾਉਣ ਲਈ ਠੋਸ ਯੋਜਨਾ ਹੈ।

ਰੈਲੀ ਵਿੱਚ ਸ਼ਾਮਲ ਸਮਰਥਕਾਂ ਵੱਲੋਂ ਭਰਵਾਂ ਹੁੰਗਾਰਾ-

ਇਸ ਚੋਣ ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਪਾਰਟੀ ਸਮਰਥਕਾਂ ਨੇ ਆਗੂਆਂ ਦੇ ਸੰਬੋਧਨ ਦੌਰਾਨ ਤਾੜੀਆਂ ਮਾਰ ਕੇ ਆਪਣਾ ਸਮਰਥਨ ਪ੍ਰਗਟਾਇਆ। ਰੈਲੀ ਵਿੱਚ ਸ਼ਾਮਲ ਕਈ ਸਮਰਥਕਾਂ ਨੇ ਪਾਰਟੀ ਦੇ ਚੋਣ ਵਾਅਦਿਆਂ ਪ੍ਰਤੀ ਸਹਿਮਤੀ ਪ੍ਰਗਟ ਕਰਦਿਆਂ ਆਉਣ ਵਾਲੀਆਂ ਚੋਣਾਂ ਵਿੱਚ ਕੰਸਰਵੇਟਿਵ ਪਾਰਟੀ ਦਾ ਸਮਰਥਨ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਵੱਖ-ਵੱਖ ਹਲਕਿਆਂ ਤੋਂ ਪਹੁੰਚੇ ਪਾਰਟੀ ਉਮੀਦਵਾਰਾਂ ਅਤੇ ਸਮਰਥਕਾਂ ਵਿਚਕਾਰ ਚੋਣ ਮੁਹਿੰਮ, ਸਥਾਨਕ ਸਮੱਸਿਆਵਾਂ ਅਤੇ ਸੂਬੇ ਦੇ ਭਵਿੱਖ ਨਾਲ ਸਬੰਧਤ ਮੁੱਦਿਆਂ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ। ਇਸ ਮੌਕੇ ਸਰੀ ਦੇ ਤੀਸਰੀ ਵਾਰ ਕੌਂਸਲਰ ਚੁਣੇ ਗਏ ਮਨਦੀਪ ਨਾਗਰਾ, ਅਲਬਰਟਾ ਦੇ ਸਾਬਕਾ ਐਮ ਐਲ ਏ ਪੀਟਰ ਸੰਧੂ, ਉਘੇ ਬਿਜਨੈਸਮੈਨ ਮਨਜੀਤ ਸਿੰਘ ਸੈਣੀ, ਕਰਨੈਲ ਸਿੰਘ ਰਾਏ, ਮਿੰਦੀ ਵਿਰਕ, ਪ੍ਰਭਦੇਵ ਸਿੰਘ ਸਾਬੀ ਖਹਿਰਾ, ਗੈਰੀ ਖਹਿਰਾ, ਅਵਤਾਰ ਸਿੰਘ ਰਾਜਾ ਗਿੱਲ, ਸੋਨੀ ਸਿੱਧੂ, ਉਘੇ ਰੀਐਲਟਰ ਸਵਰਨ ਸੇਖੋਂ ਤੇ ਹੋਰ ਕਈ ਹਸਤੀਆਂ ਹਾਜ਼ਰ ਸਨ।ਵੋਟਿੰਗ ਜਾਣਕਾਰੀ ਲਵੋ

 

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments