HomeGlobalSpain Train Collision: ਸਪੇਨ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਭਿਆਨਕ ਟੱਕਰ,...

Spain Train Collision: ਸਪੇਨ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਭਿਆਨਕ ਟੱਕਰ, 64 ਮੌਤਾਂ

80 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ; ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਜਾਰੀ, ਕਈ ਰੇਲ ਮਾਰਗਾਂ ’ਤੇ ਸੇਵਾਵਾਂ ਮੁਅੱਤਲ

ਸਪੇਨ ਦੇ ਤੋਲੇਦੋ ਸੂਬੇ ਵਿੱਚ ਬੁੱਧਵਾਰ ਸਵੇਰੇ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ ਘੱਟੋ-ਘੱਟ 64 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਕਈ ਹੋਰ ਲੋਕ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਅਨੁਸਾਰ, ਘਟਨਾ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ ਅਤੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਕਾਸਤੀਲਾ-ਲਾ ਮਾਂਚਾ ਖੇਤਰ ਦੇ ਪ੍ਰਧਾਨ ਐਮੀਲੀਆਨੋ ਗਾਰਸੀਆ ਪੇਜ ਨੇ ਦੱਸਿਆ ਸੀ ਕਿ ਹਾਦਸੇ ਵਿੱਚ ਘੱਟੋ-ਘੱਟ 80 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਬਚਾਅ ਕਾਰਜਾਂ ਦੌਰਾਨ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ, ਕਿਉਂਕਿ ਬਚਾਅ ਕਰਮਚਾਰੀ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਲੱਗੇ ਹੋਏ ਹਨ।

ਕਾਸਤੀਲਾ-ਲਾ ਮਾਂਚਾ ਖੇਤਰ ਦੀ ਬੁਲਾਰਾ ਐਸਥਰ ਪਾਡਿਲਾ ਨੇ ਸਰਕਾਰੀ ਪ੍ਰਸਾਰਕ ‘ਟੀਵੀਈ’ ਨੂੰ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਈਆਂ ਦੋਵੇਂ ਤੇਜ਼ ਰਫ਼ਤਾਰ ਰੇਲਗੱਡੀਆਂ ਇੱਕੋ ਦਿਸ਼ਾ ਵਿੱਚ ਜਾ ਰਹੀਆਂ ਸਨ। ਇਸ ਦੌਰਾਨ ਇੱਕ ਰੇਲਗੱਡੀ ਦੂਜੀ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ, ਜਿਸ ਕਾਰਨ ਦੋ ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਅਨੁਸਾਰ, ਦੋਵੇਂ ਰੇਲਗੱਡੀਆਂ ਸਪੇਨ ਦੀ ਰਾਜਧਾਨੀ ਮੈਡ੍ਰਿਡ ਤੋਂ ਦੱਖਣ-ਪੱਛਮੀ ਸ਼ਹਿਰ ਸੇਵਿਲੇ ਵੱਲ ਜਾ ਰਹੀਆਂ ਸਨ। ਇਨ੍ਹਾਂ ਵਿੱਚ ਸੈਂਕੜੇ ਮੁਸਾਫ਼ਰ ਸਵਾਰ ਸਨ। ਸਪੇਨ ਦੇ ਰੇਲ ਪ੍ਰਣਾਲੀ ਸੰਚਾਲਕ ‘ਏਡੀਆਈਐੱਫ਼’ ਅਨੁਸਾਰ, ਹਾਦਸਾ ਬੁੱਧਵਾਰ ਸਵੇਰੇ ਤੋਲੇਦੋ ਸੂਬੇ ਵਿੱਚ ਵਾਪਰਿਆ। ਇਸ ਤੋਂ ਬਾਅਦ ਮੈਡ੍ਰਿਡ, ਸਿਊਦਾਦ ਰੀਅਲ ਅਤੇ ਅੰਦਾਲੂਸੀਆ ਵਿਚਾਲੇ ਰੇਲ ਸੇਵਾਵਾਂ ਰੋਕ ਦਿੱਤੀਆਂ ਗਈਆਂ।

ਸਪੇਨ ਦੀ ਸਿਹਤ ਮੰਤਰੀ ਮੋਨਿਕਾ ਗਾਰਸੀਆ ਨੇ ‘ਟੀਵੀਈ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਚਾਅ ਟੀਮਾਂ ਸਭ ਤੋਂ ਵੱਧ ਨੁਕਸਾਨੇ ਗਏ ਦੋ ਡੱਬਿਆਂ ਵਿੱਚੋਂ ਜ਼ਿੰਦਾ ਬਚੇ ਲੋਕਾਂ ਅਤੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਬਾਹਰ ਕੱਢਣ ਲਈ ਕੰਮ ਕਰ ਰਹੀਆਂ ਹਨ। ਜ਼ਖ਼ਮੀਆਂ ਨੂੰ ਇਲਾਕੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਸ ਹਾਦਸੇ ਵਿੱਚ ਸਪੇਨ ਦੀ ਸਰਕਾਰੀ ਰੇਲ ਕੰਪਨੀ ‘ਰੇਨਫੇ’ ਅਤੇ ਨਿੱਜੀ ਰੇਲ ਕੰਪਨੀ ‘ਇਰੀਓ’ ਦੀਆਂ ਰੇਲਗੱਡੀਆਂ ਸ਼ਾਮਲ ਸਨ। ਸਪੇਨੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਮੁੱਢਲੀ ਜਾਣਕਾਰੀ ਤੋਂ ਸੰਕੇਤ ਮਿਲੇ ਹਨ ਕਿ ‘ਰੇਨਫੇ’ ਦੀ ਰੇਲਗੱਡੀ ਨੇ ‘ਇਰੀਓ’ ਦੀ ਰੇਲਗੱਡੀ ਨੂੰ ਪਿੱਛਿਓਂ ਟੱਕਰ ਮਾਰੀ ਸੀ। ਹਾਲਾਂਕਿ, ਹਾਦਸੇ ਦੇ ਕਾਰਨਾਂ ਬਾਰੇ ਅੰਤਿਮ ਸਥਿਤੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪਸ਼ਟ ਹੋਵੇਗੀ।

ਐਸਥਰ ਪਾਡਿਲਾ ਨੇ ਦੱਸਿਆ ਕਿ ‘ਰੇਨਫੇ’ ਦੀ ਰੇਲਗੱਡੀ ਵਿੱਚ 397 ਮੁਸਾਫ਼ਰ ਸਵਾਰ ਸਨ, ਜਦਕਿ ‘ਇਰੀਓ’ ਦੀ ਰੇਲਗੱਡੀ ਵਿੱਚ 147 ਮੁਸਾਫ਼ਰ ਮੌਜੂਦ ਸਨ। ਦੋਵਾਂ ਰੇਲਗੱਡੀਆਂ ਵਿੱਚ ਸਵਾਰ ਮੁਸਾਫ਼ਰਾਂ ਦੀ ਗਿਣਤੀ ਨੂੰ ਦੇਖਦਿਆਂ ਬਚਾਅ ਟੀਮਾਂ ਵੱਲੋਂ ਪ੍ਰਭਾਵਿਤ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਜਨਵਰੀ ਵਿੱਚ ਵੀ ਇਨ੍ਹਾਂ ਦੋਵਾਂ ਕੰਪਨੀਆਂ ਦੀਆਂ ਰੇਲਗੱਡੀਆਂ ਨਾਲ ਸਬੰਧਤ ਇੱਕ ਗੰਭੀਰ ਹਾਦਸਾ ਵਾਪਰਿਆ ਸੀ।

ਹਾਦਸੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ, ਅੱਗ ਬੁਝਾਊ ਦਸਤੇ ਅਤੇ ਪੁਲੀਸ ਦੇ ਨਾਲ ਫ਼ੌਜ ਦੀ ਐਮਰਜੈਂਸੀ ਬ੍ਰਿਗੇਡ ਨੂੰ ਵੀ ਮੌਕੇ ’ਤੇ ਤਾਇਨਾਤ ਕੀਤਾ ਗਿਆ ਹੈ। ਐਂਬੂਲੈਂਸਾਂ ਅਤੇ ਹੈਲੀਕਾਪਟਰਾਂ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਜਿਹੜੇ ਮੁਸਾਫ਼ਰ ਸੁਰੱਖਿਅਤ ਬਚ ਗਏ, ਉਨ੍ਹਾਂ ਨੂੰ ਬੱਸਾਂ ਰਾਹੀਂ ਹਾਦਸੇ ਵਾਲੀ ਥਾਂ ਤੋਂ ਬਾਹਰ ਕੱਢਿਆ ਗਿਆ।

ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਨਾਲ-ਨਾਲ ਪ੍ਰਭਾਵਿਤ ਰੇਲ ਮਾਰਗਾਂ ’ਤੇ ਆਵਾਜਾਈ ਬਹਾਲ ਕਰਨ ਲਈ ਵੀ ਅਗਲੇ ਕਦਮ ਚੁੱਕੇ ਜਾ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments