ਮੋਤੀ ਜੌਹਲ ਬਣੇ ਫਰਿਸ਼ਤਾ, ਸੂਝ-ਬੂਝ ਨਾਲ ਬੱਚੇ ਨੂੰ ਹਾਦਸੇ ਤੋਂ ਬਚਾਇਆ
ਸਰੀ (ਮਹੇਸ਼ਇੰਦਰ ਸਿੰਘ ਮਾਂਗਟ) – ਸਰੀ ਵਿੱਚ ਇੱਕ ਨੇਕਦਿਲ ਵਿਅਕਤੀ ਦੀ ਬਹਾਦਰੀ ਅਤੇ ਸਮੇਂ ਸਿਰ ਕੀਤੀ ਕਾਰਵਾਈ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਮੋਤੀ ਜੌਹਲ ਨੇ ਆਪਣੀ ਸੂਝ-ਬੂਝ ਨਾਲ ਇੱਕ ਆਟੀਜ਼ਮ ਪੀੜਤ ਬੱਚੇ ਦੀ ਜਾਨ ਬਚਾਈ, ਜੋ ਬਿਜ਼ੀ ਰੋਡ ‘ਤੇ ਆ ਰਹੇ ਟ੍ਰੈਫਿਕ ਵੱਲ ਤੁਰ ਗਿਆ ਸੀ ਅਤੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚਿਆ।
ਜਾਣਕਾਰੀ ਅਨੁਸਾਰ, ਮੋਤੀ ਜੌਹਲ ਨੇ ਜਦੋਂ ਬੱਚੇ ਨੂੰ ਆਉਂਦੇ ਵਾਹਨਾਂ ਦੇ ਵਿਚਕਾਰ ਜਾਂਦੇ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਆਪਣਾ ਟਰੱਕ ਰੋਕਿਆ ਅਤੇ ਬੱਚੇ ਨੂੰ ਸੁਰੱਖਿਅਤ ਥਾਂ ‘ਤੇ ਲੈ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਬੱਚੇ ਨੂੰ ਉਸਦੇ ਪਰਿਵਾਰ ਨਾਲ ਮਿਲਾ ਦਿੱਤਾ।
ਬਾਅਦ ਵਿੱਚ ਪਤਾ ਲੱਗਾ ਕਿ ਬੱਚਾ ਬੋਲਣ ਤੋਂ ਅਸਮਰੱਥ (ਨਾਨ-ਵਰਬਲ) ਸੀ ਅਤੇ ਆਟੀਜ਼ਮ ਦੇ ਨਾਲ-ਨਾਲ ਸੁਣਨ ਤੋਂ ਵੀ ਅਸਮਰੱਥ ਹੈ। ਮੋਤੀ ਜੌਹਲ ਦੀ ਇਸ ਮਨੁੱਖਤਾ ਭਰੀ ਅਤੇ ਬਹਾਦਰੀ ਵਾਲੀ ਕਾਰਵਾਈ ਦੀ ਸੋਸ਼ਲ ਮੀਡੀਆ ਅਤੇ ਭਾਈਚਾਰੇ ਵਿੱਚ ਖੂਬ ਸਰਾਹਨਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਮੇਂ ਸਿਰ ਕੀਤੀ ਮਦਦ ਨੇ ਇੱਕ ਵੱਡਾ ਹਾਦਸਾ ਟਾਲ ਦਿੱਤਾ ਅਤੇ ਇੱਕ ਮਾਸੂਮ ਬੱਚੇ ਦੀ ਜਾਨ ਬਚ ਗਈ।




